ਧੀ ਵੱਡਿਆਂ ਸਰਦਾਰਾ ਦੀ

ਕਾਲੀ ਜਿਹੀ ਉਹ ਰਾਤ ਸੀ। ਪਤਾ ਨਹੀਂ ਉਹ ਰਾਤ ਕਾਲੀ ਸੀ ਜਾਂ ਫਿਰ ਉਸ ਤੋਂ ਵੀ ਕਿਤੇ ਸੱਚੇ ਪ੍ਰਮਾਤਮਾ ਨੇ ਮੇਰੀ ਕਿਸਮਤ ਕਾਲੀ ਲਿਖੀ ਸੀ। ਸੁਣਿਆਂ ਸੀ ਕਿ ਮੈਂ ਗੋਰੀ ਨਿਛੋਹ ਪੈਦਾ ਹੋਈ ਸੀ ਤੇ ਮੈਨੂੰ ਮਾਂ ਬਾਪ ਨੇ ਰੱਬ  ਤੋਂ ਸੁੱਖਾਂ ਸੁੱਖ ਸੁੱਖ ਕੇ ਮੰਗਿਆ ਸੀ। ਜਾਂ ਫਿਰ ਹੋ ਸਕਦਾ ਹੈ ਕਿ ਮੇਰੀ ਸ਼ਕਲ ਤਾਂ ਬੜੀ ਸੋਹਣੀ ਬਣਾ ਦਿੱਤੀ ਪਰ ਕਿਸਮਤ ਲਿਖਣ ਵੇਲ਼ੇ ਰੱਬ ਨੂੰ ਸ਼ਾਇਦ ਕੋਈ ਜਰੂਰੀ ਕੰਮ ਯਾਦ ਆ ਗਿਆ ਹੋਣਾ ਜਿਹੜਾ ਕਾਹਲੀ ਵਿੱਚ ਮੇਰੀ ਚੰਗੀ ਤਕਦੀਰ ਹੀ ਲਿਖਣਾ ਭੁੱਲ ਗਿਆ ਸੀ। ਛੋਟੇ ਹੁੰਦਿਆਂ ਮੈਂ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਆਪਣੀਆਂ ਸਹੇਲੀਆਂ ਦੇ ਹੱਥਾਂ ਦੀਆ ਲਕੀਰਾਂ ਨਾਲ ਮਿਲਾ ਕੇ ਦੇਖਦੀ ਤਾਂ ਕੋਈ ਬਹੁਤਾਂ ਅੰਤਰ ਦਿਖਾਈ ਨਹੀਂ ਦਿੰਦਾ ਸੀ। ਲੇਕਿਨ ਜਿਵੇਂ ਜਿਵੇਂ ਉਮਰ ਵੱਧਦੀ ਗਈ ਤਾਂ ਇਹ ਅਹਿਸਾਸ ਹੋਇਆ ਕਿ ਅੰਤਰ ਬਹੁਤ ਵੱਡਾ ਸੀ ਜਿਹੜਾ ਮੈਨੂੰ ਕਦੇ ਦਿਖਾਈ ਨਹੀਂ ਦਿੱਤਾ ਸੀ। ਸ਼ਾਇਦ ਰੱਬ  ਮੇਰੀ ਕਿਸਮਤ ਲਿਖਣੀ ਭੁੱਲ ਗਿਆ ਸੀ ਜਾਂ ਫਿਰ ਘਰਦੇ ਸੁੱਖਾਂ ਪੂਰੀਆਂ ਕਰਨੇ ਭੁੱਲ ਗਏ ਸੀ। ਕੁੱਝ ਤਾਂ ਹੋਇਆ ਸੀ ਕਿ ਮੈਨੂੰ ਰੱਬ ਨੇ ਇੱਕ ਖਾਲੀਪਣ ਦਿੱਤਾ ਸੀ। ਕਹਿੰਦੇ ਨੇ ਸੱਚੇ ਪਾਤਸ਼ਾਹ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਤੇ ਨਾ ਹੀ ਉਹ ਕਿਸੇ ਨਾਲ ਕੋਈ ਮੱਤ ਭੇਦ ਰੱਖਦਾ ਹੈ। ਮਨੁੱਖ ਹੀ ਤਾਂ ਹੈ ਜਿਹੜਾ ਕਿ ਗ਼ਲਤੀ ਦੀ ਪੁਤਲੀ ਹੈ। 

ਅੱਜ ਵੀ ਉਹ ਵੇਲ਼ਾ ਯਾਦ ਹੈ ਜਦੋਂ ਜਗਸੀਰ ਇੱਕ ਦਮ ਪਤਾ ਨਹੀਂ ਹਨ੍ਹੇਰੀ ਵਾਂਗ ਕਿੱਥੋਂ ਆ ਗਿਆ ਸੀ। ਉਹਦੇ ਚੇਹਰੇ ਤੇ ਇੱਕ ਖ਼ਤਰਨਾਕ ਮੁਸਕਰਾਹਟ ਸੀ। ਉਹਨੇ ਭੱਜਦੇ ਹੋਏ ਨੇ ਮੇਰੇ ਵੱਲ ਇੱਕ ਪਲ ਇਸ ਤਰਾਂ ਰੁੱਕ ਕੇ ਦੇਖਿਆ ਸੀ ਜਿਵੇਂ ਕਹਿੰਦਾ ਹੋਵੇ, “ਕੀ ਹੋਇਆ ਜੇ ਤੂੰ ਧੀ ਹੈ ਵੱਡਿਆਂ ਸਰਦਾਰਾਂ ਜਾਂ ਫਿਰ ਜਰਨੈਲਾਂ ਦੀ ਹੈ ਮੈਂ ਵੀ ਪੁੱਤ ਹਾਂ ਕਲਗੀਧਰ ਦਾ।” ਅੱਗੇ ਉਹ ਤੇ ਪਿੱਛੇ ਉਹਦੇ ਪੂਰੀ ਆਰਮੀ ਲੱਗੀ ਹੋਈ ਸੀ। ਉਹਨੇ ਜਿਹੜੀ ਨਿਗ੍ਹਾ ਨਾਲ ਮੈਨੂੰ ਦੇਖਿਆ ਸੀ ਉਹ ਮੇਰੇ ਦਿਲ ਤੇ ਇੱਕ ਤੇਜ਼ ਧਾਰ ਛੁਰੇ ਵਾਂਗ ਵਾਰ ਕਰ ਗਈ। ਮੈਨੂੰ ਕੋਈ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ ਕਿ ਉਹ ਕਿ ਕਹਿਣਾ ਚਾਹੁੰਦਾ ਸੀ। ਅੱਜ ਵੀ ਉਹ ਮੁਸਕਰਾਹਟ ਮੇਰਾ ਪਿੱਛਾ ਕਰਦੀ ਰਹਿੰਦੀ ਹੈ। ਉਸ ਮੁਸਕਰਾਹਟ ਨੇ ਮੈਨੂੰ ਕਦੇ ਵੀ ਆਪਣੀ ਜ਼ਿੰਦਗ਼ੀ ਵਿੱਚ ਪੂਰਾ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ। ਜਦੋਂ ਵੀ ਮੈ ਆਪਣੀ ਇੱਛਾ ਦੇ ਖਿਲਾਫ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਉਸ ਮੁਸਕਰਾਹਟ ਨੇ ਮੈਨੂੰ ਉਹਨਾਂ ਹੀ ਪਿੱਛੇ ਲਿਜਾ ਕੇ ਸੁੱਟ ਦਿਤਾ। 

ਮੇਰੀ ਉਹਦੇ ਨਾਲ ਉਹ ਕੋਈ ਆਖਰੀ ਮੁਲਾਕਾਤ ਨਹੀਂ ਸੀ। ਪਤਾ ਨਹੀਂ ਜਗਸੀਰ ਮੇਰੇ ਕੋਲੋਂ ਕੀ ਚਾਹੁੰਦਾ ਸੀ। ਮੈਨੂੰ ਹੀ ਦੱਸ ਦਿੰਦਾ ਕਿ ਉਹਨੂੰ ਕੀ ਚਾਹੀਦਾ ਸੀ। ਸ਼ਾਇਦ ਅੱਜ ਮੈਂ ਜ਼ਿੰਦਗ਼ੀ ਵਿੱਚ ਇਕੱਲੀ ਨਾ ਹੁੰਦੀ ਅਤੇ ਉਹ ਵੀ ਦੂਰ ਕਿਤੇ ਇਕੱਲਾ ਬੈਠਾ ਸੋਚ ਨਾ ਰਿਹਾ ਹੁੰਦਾ ਕਿ ਕੀ ਹੋਣਾ ਚਾਹੀਦਾ ਸੀ ਪਰ ਕੀ ਹੋਕੇ ਰਹਿ ਗਿਆ। ਸ਼ਾਇਦ ਇਹ ਮੇਰੀ ਸੋਚ ਸੀ ਕਿਊਂਕਿ ਜਗਸੀਰ ਨੇ ਮੈਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ। ਪਤਾ ਨਹੀਂ ਕਿਉਂ ਹੁਣ ਉਹ ਮੈਨੂੰ ਪਛਾਣ ਨਹੀਂ ਸਕਿਆ। ਇਹ ਵੀ ਹੋ ਸਕਦਾ ਹੈ ਕਿ ਉਹ ਜਾਣ ਬੁਝ ਕੇ ਮੈਨੂੰ ਨਾ ਪਹਿਚਾਨਣ ਦਾ ਨਾਟਕ ਕਰਦਾ ਹੋਵੇ। 

ਚਾਰੇ ਪਾਸੇ ਡਰ ਬੈਠਿਆਂ ਹੋਇਆ ਸੀ। ਕੋਈ ਪੁਲਿਸ ਤੋਂ ਡਰਦਾ ਜਾਂ ਫਿਰ ਕੋਈ ਖਾੜਕੂਆਂ ਤੋਂ ਡਰਦਾ ਘਰੋਂ ਬਾਹਰ ਨਹੀਂ ਨਿੱਕਲਦਾ ਸੀ। ਪਰ ਮੈਨੂੰ ਦੋਨਾਂ ਤੋਂ ਹੀ ਡਰ ਨਹੀਂ ਲੱਗਦਾ ਸੀ ਇਸ ਲਈ ਮੈਂ ਬਿਨਾ ਕਿਸੇ ਡਰ ਦੇ ਘੁੰਮਿਆ ਕਰਦੀ ਸੀ। ਪਰ ਇੱਕ ਲਛਮਣ ਰੇਖਾ ਦੇ ਅੰਦਰ ਹੀ ਰਹਿ ਕੇ ਘੁੰਮਣ ਦੀ ਇਜਾਜ਼ਤ ਸੀ। ਮੈਂ ਉਹ ਰੇਖਾ ਕਦੇ ਪਾਰ ਨਹੀਂ ਕਰ ਸਕੀ ਸੀ ਤੇ  ਜਗਸੀਰ ਉਹ ਰੇਖਾ ਵਾਰ ਵਾਰ ਪਾਰ ਕਰਕੇ ਮੇਰੇ ਕੋਲ ਪਹੁੰਚਣ ਵਿੱਚ ਕਾਮਜ਼ਾਬ ਤਾਂ ਹੋ ਜਾਂਦਾ ਸੀ ਲੇਕਿਨ ਉਸਦੇ ਅੱਗੇ ਵੱਧ ਦੇ ਹੱਥ ਹਮੇਸ਼ਾ ਹੀ ਰੋਕ ਦਿੱਤੇ ਜਾਂਦੇ ਸਨ।

ਇੱਕ ਦਿਨ ਉਹ ਫਿਰ ਮੇਰੇ ਕਰੀਬ ਪਹੁੰਚ ਗਿਆ ਸੀ। ਉਸ ਦਿਨ ਉਹ ਮੋਟਰ ਸਾਈਕਲ ਤੇ ਕਿਸੇ ਦੂਸਰੇ ਮੁੰਡੇ ਨਾਲ ਜਾ ਰਿਹਾ ਸੀ। ਅਚਾਨਕ ਉਸਨੇ ਮੈਨੂੰ ਆਪਣੇ ਘਰ ਦੇ ਕੋਲ ਹੀ ਖੇਤ ਦੀ ਪਹੀ ਵਿੱਚ ਸਾਈਕਲ ਚਲਾਉਂਦੇ ਹੋਏ ਦੇਖ ਕੇ ਆਪਣੇ ਪਿੱਛੇ ਬੈਠੇ ਮੁੰਡੇ ਨੂੰ ਕਿਹਾ, “ਚਰਣ, ਤੂੰ ਇੱਥੇ ਉੱਤਰ, ਚੱਲ ਅੱਜ ਇਹਨੂੰ ਵੀ ਸਬਕ ਸਿਖਾ ਹੀ ਦਿੰਦਾ।” ਇਹ ਕਹਿ ਕੇ ਉਹਨੇ ਇੱਕਲੇ ਨੇ ਆਪਣਾ ਮੋਟਰ ਸਾਈਕਲ ਮੇਰੇ ਵੱਲ ਨੂੰ ਮੋੜ ਲਿਆ। ਮੈਂ ਉਹਨੂੰ ਦੇਖ ਕੇ ਡਰ ਦੇ ਹੀ ਸਾਈਕਲ ਛੱਡ ਕੇ ਇੱਕ ਪਾਸੇ ਖੜੀ ਹੋ ਗਈ ਸੀ। ਮੈਂ ਉਥੋਂ ਭੱਜਣਾ ਤਾਂ ਚਾਹੁੰਦੀ ਸੀ ਪਰ ਇੱਕ ਕਦਮ ਵੀ ਅੱਗੇ ਨਹੀਂ ਚੁੱਕ ਸਕੀ ਸੀ। ਮੈਂ ਨੀਵੀਂ ਪਾਕੇ ਉੱਥੇ ਹੀ ਖੜੀ ਰਹੀ ਸੀ। ਅਤੇ ਜਗਸੀਰ ਨੇ ਦੇਖਦਿਆਂ ਦੇਖਦਿਆਂ ਮੇਰੇ ਸਾਈਕਲ ਤੇ ਆਪਣਾ ਮੋਟਰ ਸਾਈਕਲ ਕਈ ਵਾਰ ਚੜਾ ਕੇ ਚਕਨਾਚੂਰ ਕਰ ਦਿੱਤਾ ਸੀ। ਸ਼ਾਇਦ ਉਹ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਥੋੜਾ ਚਿਰ ਤਾਂ ਉਹ ਕਾਮਜ਼ਾਬ ਰਿਹਾ। ਫਿਰ ਅਚਾਨਕ ਮੇਰੇ ਅੰਦਰ ਛੁਪੀ ਸ਼ੇਰਨੀ ਜਾਗ ਪਈ ਤੇ ਸਿੱਧਾ ਹੀ ਉਹਨੂੰ ਪੁੱਛ ਲਿਆ, “ਕੀ ਹੁਣ ਤੈਨੂੰ ਸ਼ਾਂਤੀ ਮਿਲ ਗਈ?” ਪਰ ਜਵਾਬ ਦਿੱਤੇ ਬਿਨਾਂ ਹੀ ਉਹ ਉੱਥੋਂ ਚਲਾ ਗਿਆ ਸੀ ਅਤੇ ਮੈਂ ਰੋਂਦੀ ਘਰ ਚਲੀ ਗਈ।  “ਮਾਂ, ਅੱਜ ਆਪਣੇ ਖੇਤ ਦੇ ਲੱਗਦੇ ਖੇਤ ਵਾਲੇ ਮੁੰਡੇ ਨੇ ਮੇਰਾ ਸਾਈਕਲ ਭੰਨ ਦਿੱਤਾ।” ਅੱਗੋਂ ਮਾਂ ਨੇ ਜਗਸੀਰ ਦੇ ਘਰਦਿਆਂ ਨੂੰ ਸ਼ਿਕਾਇਤ ਕਰਨ ਦੀ ਬਜਾਏ ਮੈਨੂੰ ਹੀ ਭਾਸ਼ਣ ਸੁਣਾ ਦਿੱਤਾ ਸੀ, “ਪੁੱਤਰ ਜੀ, ਆਪਾ ਇੱਥੇ ਨਵੇਂ ਹੈ। ਕਹਿੰਦੇ ਨੇ ਕਿ ਜਿੱਥੇ ਰਹੀਦਾ ਹੈ ਉੱਥੋਂ ਦਾ ਹੀ ਖਾਣਾ ਪਾਣੀ ਤੇ ਰਹਿਣ ਸਹਿਣ ਆਪਣਾ ਲੈਣਾ ਚਾਹੀਦਾ ਹੈ।” ਮੇਰੇ ਦਿੱਲ ਦੀ ਇਹ ਰੀਜ਼ ਅਧੂਰੀ ਰਹਿ ਗਈ ਸੀ ਕਿ ਜਗਸੀਰ ਨੂੰ ਉਹਦੇ ਘਰਦੇ ਬਹੁਤ ਮਾਰਨਗੇ ਅਤੇ ਸ਼ਾਇਦ ਉਸਤੋਂ ਮੋਟਰ ਸਾਈਕਲ ਵੀ ਵਾਪਸ ਲੈ ਲੈਣਗੇਂ। ਮਾਂ ਗੁੱਸਾ ਵੀ ਆਇਆ ਲੇਕਿਨ ਇਹ ਸੋਚ ਕੇ ਉਤਰ ਗਿਆ ਸੀ ਕਿ ਸ਼ਾਇਦ ਦੂਸਰੇ ਪਿੰਡ ਵਿੱਚ ਰਹਿੰਦੇ ਜਗਸੀਰ ਦਾ ਘਰ ਮਾਂ ਨੂੰ ਨਹੀਂ ਪਤਾ ਸੀ। 

ਜਗਸੀਰ ਮੇਰੇ ਹੀ ਸਕੂਲ ਵਿੱਚ ਪੰਜ ਸਾਲ ਮੇਰੇ ਤੋਂ ਅੱਗੇ ਪੜਦਾ ਸੀ। ਸਾਡੇ ਦੋਹਾਂ ਦਾ ਸਕੂਲ ਅਤੇ ਖੇਤਾਂ ਦਾ ਬੰਨਾ ਤਾਂ ਇੱਕ ਸੀ ਪਰ ਉਸਤੋਂ ਬਿਨਾਂ ਮੇਰੇ ਤੇ ਜਗਸੀਰ ਵਿੱਚ ਕੋਈ ਵੀ ਗੱਲ ਸਾਂਝੀ ਨਹੀਂ ਸੀ। ਉਹਨੂੰ ਆਪਣੇ ਤੋਂ ਛੋਟਿਆਂ ਨੂੰ ਡਰਾਉਣ ਦਾ ਬਹੁਤ ਹੀ ਸ਼ੋਕ ਸੀ। ਪਰ ਇਹ ਮੰਨਣਾ ਪਵੇਗਾ ਕਿ ਜਗਸੀਰ ਪੜਾਈ ਵਿੱਚ ਵੀ ਹੁਸ਼ਿਆਰ ਸੀ। ਫਿਰ ਇੱਕ ਦਿਨ ਸਕੂਲ ਵਿੱਚੋਂ ਹੀ ਸੁਣਿਆ ਕਿ ਜਗਸੀਰ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਅਤੇ ਬਹੁਤ ਮਾਰਿਆ ਕੁਟਿਆ ਸੀ। ਉਸ ਤੋਂ ਬਾਅਦ ਮੈਂ ਜਗਸੀਰ ਨੂੰ ਕਦੇ ਨਹੀਂ ਦੇਖਿਆ ਸੀ। ਇੱਕ ਹੁਸ਼ਿਆਰ ਮੁੰਡਾ ਦੱਸਵੀ ਕਲਾਸ ਵੀ ਪੂਰੀ ਨਹੀਂ ਕਰ ਸਕਿਆ ਸੀ। ਫਿਰ ਆਏ ਦਿਨ ਅਖਬਾਰ ਵਿੱਚ ਉਸਦੀਆਂ ਖ਼ਬਰਾਂ ਪੜਿਆਂ ਕਰਦੇ ਸੀ। ਹੁਣ ਉਹ ਸਿਰਫ ਮੈਨੂੰ ਤੰਗ ਕਰਨ ਵਾਲਾ ਜਗਸੀਰ ਨਹੀਂ ਰਿਹਾ ਸੀ। ਉਹ ਤਾਂ ਸਾਰਿਆਂ ਦਾ ਹੋ ਚੁੱਕਾ ਸੀ। ਇਹ ਸੁਣਕੇ ਕਿ ਮੈਨੂੰ ਆਪਣੇ ਅੰਦਰ ਇੱਕ ਜਲਣ ਜਿਹੀ ਮਹਿਸੂਸ ਹੁੰਦੀ ਸੀ ਕਿ ਉਹ ਸਾਰਿਆਂ ਦਾ ਕਿਵੇਂ ਹੋ ਸਕਦਾ ਹੈ। ਜਗਸੀਰ ਮੇਰੀ ਜ਼ਿੰਦਗ਼ੀ ਵਿੱਚੋਂ ਇਸ ਤਰਾਂ ਅਲੋਪ ਗਿਆ ਸੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਗਧੇ ਦੇ ਸਿਰ ਤੋਂ ਸਿੰਗ ਅਲੋਪ ਹੋ ਜਾਂਦੇ ਹਨ। ਉਸਦੇ ਜਾਣ ਤੋਂ ਬਾਅਦ ਮੈਨੂੰ ਉਸਦਾ ਤੰਗ ਕਰਨਾ ਚੰਗਾ ਲੱਗਣ ਲੱਗ ਪਿਆ ਸੀ। ਇਹ ਵੀ ਹੋ ਸਕਦਾ ਸੀ ਕਿ ਉਹ ਤੋਂ ਮੇਰੀ ਜ਼ਿੰਦਗ਼ੀ ਬਹੁਤ ਜਿਆਦਾ ਬੇ ਰੁਚੀ  ਹੋ ਗਈ ਸੀ। 

ਹੌਲੀ ਹੌਲੀ ਹਾਲਾਤ ਖ਼ਰਾਬ ਹੁੰਦੇ ਗਏ ਸਨ। ਜਗਸੀਰ ਆਪਣੀ ਖਾੜਕੂ ਜੱਥੇਬੰਦੀ ਦਾ ਕਮਾਂਡਰ ਬਣ ਚੁੱਕਾ ਸੀ। ਮੇਰਾ ਘਰ ਤੋਂ ਜਾਣਾ ਬਿਲਕੁੱਲ ਹੀ ਬੰਦ ਹੋ ਗਿਆ ਸੀ। ਜਿੱਥੇ ਵੀ ਜਾਣਾ ਹੁੰਦਾ ਤਾਂ ਕਿਸੇ ਦੇ ਨਾਲ ਜਾਣਾ ਪੈਂਦਾ ਸੀ। ਫਿਰ ਦੇਖਦਿਆਂ ਦੇਖਦਿਆਂ ਸਾਡੇ ਘਰ ਦੇ ਬਾਹਰ ਫੌਜ਼ੀ ਜਵਾਨਾਂ ਦਾ ਪਹਿਰਾ ਲੱਗ ਗਿਆ ਸੀ। ਪਹਿਲਾਂ ਤਾਂ ਮਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਸ਼ਾਇਦ ਜਗਸੀਰ ਨੂੰ ਉਡੀਕ ਰਹੇ ਹੋਣ ਕਿ ਕਦੇ ਤਾਂ ਉਹ ਆਪਣੇ ਖੇਤ ਗੇੜਾ ਮਾਰਨ ਆਵੇਗਾ। ਲੇਕਿਨ ਫਿਰ ਮਾਂ ਨੇ ਇੱਕ ਦਿਨ ਅੱਕ ਕੇ ਕਹਿ ਹੀ ਦਿੱਤਾ, “ਪੁੱਤਰ ਜੀ, ਇਹ ਸਾਰਾ ਕੁਝ ਤੇਰੇ ਬਾਪ ਦੀ ਮੇਹਰਬਾਨੀ ਹੈ।”  ਮੈਨੂੰ ਇਹ ਸੁਣ ਕੇ ਬਹੁਤ ਧੱਕਾ ਲੱਗਿਆਂ ਸੀ ਕਿ ਮੇਰਾ ਬਾਪ ਤਾ ਇਸ ਤਰਾਂ ਦਾ  ਕੰਮ ਕਦੇ ਕਰ ਵੀ ਨਹੀਂ ਸਕਦਾ ਸੀ ਕਿ ਫੌਜ਼ ਸਾਡੇ ਘਰ ਦੇ ਦੁਵਾਲੇ ਖੜੀ ਰਹਿੰਦੀ। ਉਹ ਤਾਂ ਇੱਕ ਮੇਹਨਤੀ ਅਤੇ ਇਮਾਨਦਾਰੀ ਨਾਲ ਜਾਣਿਆਂ ਜਾਂਦਾ ਸੀ। ਪਰ ਸੱਚੇ ਪਾਤਸ਼ਾਹ ਨੇ ਮੇਰੇ ਬਾਪੂ ਜੀ ਨੂੰ ਇੱਕ ਤੇਜ਼ ਤਰਾਰ ਦਿਮਾਗ ਦਿੱਤਾ ਸੀ ਅਤੇ ਆਪਣੇ ਦੇਸ਼ ਲਈ ਦੇਸ਼ ਭਗਤੀ। ਦੇਸ਼ ਨੂੰ ਬਰਬਾਦ ਹੁੰਦਾ ਉਹ ਦੇਖ ਨਹੀਂ ਸਕਦੇ ਸੀ ਉਹ ਵੀ ਜਦੋਂ ਉਸਨੂੰ ਬਰਬਾਦ ਕਰਨ ਵਾਲੇ ਗੁਆਂਢੀ ਹੋਣ। ਬੱਸ ਆਪਣਿਆਂ ਤੇ ਪਰਾਇਆ ਦੀ ਖੋਜ ਕਰਦੇ ਮੇਰੇ ਬਾਪੂ ਜੀ ਪਤਾ ਨਹੀਂ ਕਦੋਂ ਅਤੇ ਕਿਵੇਂ ਸਰਹੱਦ ਪਾਰ ਕਰ ਗਏ ਸਨ। ਸਰਹੱਦ ਜੇ ਉਹਨਾਂ ਨੇ ਇਕੱਲਿਆਂ ਨੇ ਪਾਰ ਕੀਤੀ ਹੁੰਦੀ ਤਾਂ ਅਲੱਗ ਗੱਲ ਸੀ ਪਰ ਉਹਨਾਂ ਤੋਂ ਪਹਿਲਾਂ ਜਗਸੀਰ ਕਰ ਚੁੱਕਾ ਸੀ। ਮੇਰੇ ਬਾਪੂ ਜੀ ਤਾਂ ਸਰਹਦੋਂ ਪਾਰ ਹੀ ਆਪਣਾ ਮਿਸ਼ਨ ਪੂਰਾ ਕਰਨ ਲਈ ਰਹਿ ਗਏ ਸਨ ਪਰ ਜਗਸੀਰ ਉਹਨਾਂ ਦਾ ਮਿਸ਼ਨ ਖ਼ਰਾਬ ਕਰਨ ਲਈਂ ਆਪਣੇ ਦੇਸ਼ ਵਾਪਸ ਆ ਗਿਆ ਸੀ। ਪਰ ਜਗਸੀਰ ਨੂੰ ਇਹ ਨਹੀਂ ਪਤਾ ਸੀ ਕਿ ਉਸ ਮਿਸ਼ਨ ਦੀ ਇੱਕ ਕੜੀ ਮੇਰੇ ਕੋਲ ਹੀ ਆਕੇ ਰੁੱਕਦੀ ਸੀ। ਮੈਨੂੰ ਇਹ ਪੱਕਾ ਪਤਾ ਸੀ ਕਿ ਅਗਰ ਕਦੇ ਜਗਸੀਰ ਨੂੰ ਇਸ ਗੱਲ ਦੀ ਥੋੜੀ ਜਿਹੀ ਭਿਣਕ ਵੀ ਪੈ ਜਾਂਦੀ ਤਾਂ ਉਹ ਕਦੇ ਵੀ ਮਿਸ਼ਨ ਨੂੰ ਹੱਥ ਨਾ ਲਾਉਂਦਾ। 

ਘਰ ਦੇ ਬਾਹਰ ਲੱਗੀ ਸੁਰੱਖਿਆ ਬਲ ਦਾ ਕਮਾਂਡਰ ਕੋਈ ਤੀਹ ਸਾਲਾਂ ਦਾ ਸੋਹਣਾ ਸੁਨੱਖਾ ਨੌਜਵਾਨ ਸੀ ਜਿਹੜਾ ਆਪਣੇ ਕੰਮ ਨੂੰ ਬਹੁਤ ਗੰਭੀਰਤਾ ਨਾਲ ਦੇਖਦਾ ਸੀ। ਪਰ ਉਸਦੇ ਨਾਲ ਨਾਲ ਹੀ ਉਹ ਕੋਈ ਰੱਬ ਨੂੰ ਮੰਨਣ ਵਾਲਾ ਕੋਈ ਫਕੀਰ ਹੀ ਸੀ। ਮੈਂ ਅਜੇ ਆਪਣੀ ਜਿੰਦਗੀ ਦੇ ਅਜੇ 14 ਸਾਲ ਵੀ ਪੂਰੇ ਨਹੀਂ ਕੀਤੇ ਸਨ।  ਬਾਪ ਅਤੇ ਦੋਸਤਾਂ ਦੀ ਗੈਰਹਾਜ਼ਰੀ ਵਿੱਚ ਉਹ ਮੇਰਾ ਅਦਰਸ਼ ਬਣ ਚੁੱਕਾ ਸੀ। ਉਹਦੇ ਨਾਲ ਵਕ਼ਤ ਗੁਜਾਰਨਾ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਉਸ ਵਿੱਚ ਮੇਰੇ ਬਾਪ ਵਾਂਗ ਹੀ ਇਮਾਨਦਾਰੀ ਅਤੇ ਬਹਾਦੁਰੀ ਭਰੀ ਪੜੀ ਸੀ। ਪਤਾ ਨਹੀਂ ਕਿੰਨੀ ਕੁ ਵਾਰੀ ਉਹਨੇ ਆਪਣੀ ਜਾਣ ਤੇ ਖੇਲ੍ਹ ਕੇ ਮੈਨੂੰ ਬਚਾਇਆ ਸੀ। ਜੇ ਕੋਈ ਜਾਣ ਲੈ ਵੀ ਜਾਂਦਾ ਕੋਈ ਵੱਡੀ ਗੱਲ ਨਹੀਂ ਸੀ। ਦੁਸ਼ਮਣ ਦਾ ਮਕਸਦ ਤਾਂ ਮੈਨੂੰ ਅਗਵਾਹ ਕਰਕੇ ਮੇਰੇ ਬਾਪੂ ਜੀ ਨੂੰ ਹੇਠਾਂ ਲਾਉਣਾ ਜਾਂ ਫਿਰ ਬਲੈਕਮੇਲ ਕਰਨਾ ਸੀ ਜਿਹੜਾ ਦੁਸ਼ਮਣ ਇਹ ਸੋਚ ਕੇ ਭੁੱਲ ਬੈਠਾ ਸੀ ਕਿ ਮੇਰਾ ਬਾਪੂ ਜੀ ਤਾਂ ਉਹ ਸ਼ਿਕਾਰੀ ਸੀ ਜ੍ਹਿਨਾਂ ਨੂੰ ਸ਼ਿਕਾਰ ਕਰਣ ਬਿਨਾ ਵਾਪਸ ਮੁੜਨਾ ਪਸੰਦ ਨਹੀਂ ਸੀ। ਫਿਰ ਦੁਸਮਣਾਂ ਦਾ ਸਾਥ ਵੀ ਤਾਂ ਜਗਸੀਰ ਦੇ ਰਿਹਾ ਸੀ। ਅਜੇ ਤੱਕ ਜਗਸੀਰ ਅਤੇ ਮੇਰੇ ਰਸਤੇ ਵਿੱਚ ਕਮਾਂਡਰ ਇੱਕ ਲੋਹੇ ਦੀ ਦੀਵਾਰ ਬਣ ਕੇ ਖੜਾ ਹੋਇਆ ਸੀ।   

ਇੱਕ ਸ਼ਾਮ ਨੂੰ ਕਮਾਂਡਰ ਦੀ ਆਪਣੇ ਰਹਿਬਰ ਨਾਲ ਪੱਕੀ ਲੀਨ ਲੱਗੀ ਹੋਈ ਸੀ ਕਿ ਬਾਕੀ ਦੇ ਇਸ ਗੱਲ ਦਾ ਧੋਖਾ ਖਾ ਗਏ ਕਿ ਸ਼ਾਇਦ ਮੈਂ ਘਰ ਦੇ ਅੰਦਰ ਹਾਂ ਇਸ ਲਈ ਉਹ ਘਰ ਦੇ ਉਪਰ ਤੇ ਬਾਹਰ ਖੜੇ ਹੋਏ ਸਨ। ਲੇਕਿਨ ਮੈਂ ਬਾਹਰ ਕਮਾਂਡਰ ਦਾ ਪਿੱਛਾ ਕਰਦੀ ਉਸਦੇ ਕੋਲੇ ਹੀ ਬੈਠ ਗਈ ਸੀ। ਇਹਨੇ ਨੂੰ ਕਣਕ ਦੀ ਫ਼ਸਲ ਵਿੱਚ ਕਿਸੇ ਦੇ ਚਲਣ ਦੀ ਆਵਾਜ਼ ਆਈ ਜਿਹੜੀ ਕਮਾਂਡਰ ਨੂੰ ਸੁਣਾਈ ਨਹੀਂ ਦਿੱਤੀ ਸੀ। ਜਦੋਂ ਮੈਂ ਖੜਕਾ ਹੋਣ ਵਾਲੀ ਜਗਾਹ ਵੱਲ ਘੁੰਮ ਕੇ ਦੇਖਿਆ ਤਾਂ ਜਗਸੀਰ ਦੀ ਬੰਦੂਕ ਦਾ ਨਿਸ਼ਾਨਾ ਕਮਾਂਡਰ ਸੀ। ਮੈਨੂੰ ਉੱਥੇ ਦੇਖਕੇ ਉਹਦੇ ਹੱਥ ਰੁੱਕ ਗਏ। ਸ਼ਾਇਦ ਅੱਜ ਮੇਰੀ ਵਾਰੀ ਸੀ ਕਮਾਂਡਰ ਨੂੰ ਬਚਾਉਣ ਦੀ। ਜਗਸੀਰ ਮੇਰੇ ਵੱਲ ਇਸ ਤਰਾਂ ਦੇਖ ਰਿਹਾ ਸੀ ਜਿਵੇਂ ਕੋਈ ਬੇਬੱਸ ਇਨਸਾਨ ਖੜਾ ਹੋਵੇ। ਲੋਕ ਉਸਦਾ ਖੌਫ ਖਾਂਦੇ ਸਨ ਤੇ ਉਹ ਅੱਜ ਮੇਰੇ ਸਾਮਣੇ ਖੜਾ ਬੇਬੱਸ ਲੱਗ ਰਿਹਾ ਸੀ ਜਾਂ ਫਿਰ ਉਹ ਮੈਨੂੰ ਉਹਨੂੰ ਰੋਕਣ ਦਾ ਮੌਕਾ ਦੇ ਰਿਹਾ ਸੀ। ਸ਼ਾਇਦ ਉਹ ਕੋਈ ਗੁਨਾਹ ਕਰਨ ਜਾ ਰਿਹਾ ਸੀ ਜਿਹੜਾ ਉਹ ਮੈਨੂੰ ਰੋਕਣ ਲਈ ਕਹਿ ਰਿਹਾ ਸੀ। ਮੈਂ ਹੌਲੀ ਉੱਠ ਕੇ ਪਾਠ ਕਰ ਰਹੇ ਕਮਾਂਡਰ ਦੇ ਸਰੀਰ ਨੂੰ ਪਿੱਛੇ ਤੋਂ ਜਾਕੇ ਇਸ ਤਰਾਂ ਜੱਫੀ ਪਾਈ ਕਿ ਅਗਰ ਜਗਸੀਰ ਦੀ ਇੱਕ ਵੀ ਗੋਲੀ ਕਮਾਂਡਰ ਦੀ ਤਰਫ ਜਾਂਦੀ ਤਾਂ ਉਹ ਮੇਰੇ ਸਰੀਰ ਨੂੰ ਛੋਹੇ ਬਗੈਰ ਨਹੀਂ ਰਹਿ ਸਕਦੀ ਸੀ। ਇਹ ਦੇਖ ਕੇ ਜਗਸੀਰ ਦੇ ਹੱਥ ਉੱਥੇ ਹੀ ਰੁੱਕ ਗਏ ਸਨ। ਉਹਨੇ ਮੈਨੂੰ ਮਾਰਨਾ ਨਹੀਂ ਸਗੋਂ ਅਗਵਾ ਕਰਨਾ ਸੀ। ਇਹਨੀ ਗੱਲ ਤਾਂ ਮੈਨੂੰ ਵੀ ਸਮਝ ਆ ਗਈ ਸੀ। ਕਮਾਂਡਰ ਇੱਕ ਵਾਰ ਫਿਰ ਮੇਰੇ ਅਤੇ ਜਗਸੀਰ ਦੇ ਵਿੱਚਕਾਰ ਇੱਕ ਲੋਹੇ ਦੀ ਦੀਵਾਰ ਬਣਿਆਂ ਬੈਠਾ ਸੀ। ਪਰ ਉਹ ਇਸ ਗੱਲ ਤੋਂ ਬੇਖ਼ਬਰ ਸੀ। ਨਾ ਹੀ ਉਹਨੇ ਆਪਣੀਆਂ ਅੱਖਾਂ ਖੋਲੀਆਂ ਸਨ। ਮੈਨੂੰ ਕਿਹੜਾ ਕੋਈ ਏ ਕੇ 47 ਚਲਾਣੀ ਆਉਂਦੀ ਸੀ ਪਰ ਇਹਨਾਂ ਤਾਂ ਪਤਾ ਹੀ ਸੀ ਕਿ ਕਿੱਥੋਂ ਚੱਲਦੀ ਹੈ। 

ਕਮਾਂਡਰ ਨੂੰ ਘੁੱਟਕੇ ਜੱਫੀ ਪਾਕੇ ਮੈਂ ਹੌਲੀ ਜਿਹਾ ਉਹਦਾ ਹੱਥ ਫੜਕੇ ਇਹਨਾਂ ਕਰੀਬ ਲੈ ਆਈ ਸੀ ਕਿ ਅਗਰ ਜਰੂਰਤ ਪਈ ਉਹਨੂੰ ਕੋਈ ਦੇਰ ਨਾ ਲੱਗੇ। ਕਮਾਂਡਰ ਇਸ ਗੱਲੋਂ ਪੂਰੀ ਤਰਾਂ ਬੇਖ਼ਬਰ ਸੀ ਕਿ ਅਸਲ ਵਿੱਚ ਕੀ ਹੋ ਰਿਹਾ ਸੀ। ਉਸਨੇ ਸੋਚਿਆ ਸੀ ਕਿ ਸ਼ਾਇਦ ਮੈ ਇਹ ਸਾਰਾ ਕੁਝ ਉਹਨੂੰ ਤੰਗ ਕਰਣ ਲਈ ਕਰ ਰਹੀ ਹਾਂ। ਇਹ ਕਰਦਿਆਂ ਮੇਰਾ ਧਿਆਨ ਜਗਸੀਰ ਵੱਲ ਸੀ। ਮੈਨੂੰ ਕਮਾਂਡਰ ਦੇ ਇਹਨਾਂ ਕਰੀਬ ਦੇਖ ਕੇ ਸ਼ਾਇਦ ਅੱਜ ਉਹਨੂੰ ਜਲਣ ਹੋ ਰਹੀ ਸੀ। ਕਮਾਂਡਰ ਦੇ ਹੱਥ ਉੱਪਰ ਮੇਰਾ ਹੱਥ ਸੀ ਅਤੇ ਪਰ ਮੇਰੀਆਂ ਅੱਖਾਂ ਜਗਸੀਰ ਦੀਆਂ ਅੱਖਾਂ ਵਿੱਚ ਸਨ। ਜਗਸੀਰ ਦੇ ਦਿੱਲ ਵਿੱਚ ਪਤਾ ਨਹੀਂ ਕੀ ਆਇਆ ਕੇ ਉਹ ਮੇਰੇ ਵੱਲ ਦੇਖਦਾ ਹੋਇਆ ਬਿਨਾਂ ਗੋਲੀ ਚਲਾਇਆਂ ਉੱਥੋਂ ਚਲਾ ਗਿਆ। ਉਸ ਦਿਨ ਸਾਡੇ ਰਸਤੇ ਇੱਕ ਵਾਰ ਫਿਰ ਅਲੱਗ ਹੋ ਗਏ ਸਨ ਇਹ ਉਹੀ ਰਸਤਾ ਸੀ ਜਿੱਥੇ ਬੱਚਪਨ ਵਿੱਚ ਜਗਸੀਰ ਨੇ ਮੈਨੂੰ ਬਹੁਤ ਤੰਗ ਕੀਤਾ ਸੀ। 

ਬਾਪੂ ਜੀ ਆਪਣੀ ਡਿਊਟੀ ਤੇ ਮਿਸ਼ਨ ਪੂਰਾ ਕਰਕੇ ਵਾਪਸ ਆ ਚੁੱਕੇ ਸਨ। ਮੇਰਾ ਰੁੱਤਬਾ “ਧੀ ਵੱਡਿਆਂ ਸਰਦਾਰਾਂ ਤੇ ਜਰਨੈਲਾਂ ਦੀ” ਬਰਕਰਾਰ ਰਹਿ ਗਿਆ ਸੀ। ਰੱਬ ਹੀ ਜਾਣੇ ਇਹ ਬਾਪੂ ਜੀ ਜ ਫਿਰ ਕਮਾਂਡਰ ਦੀ ਮੇਹਨਤ ਸਦਕਾ ਜਾ ਫਿਰ ਜਗਸੀਰ ਦੇ ਹੱਥਾਂ ਦੇ ਕੰਬਣ ਕਰਕੇ। ਕਮਾਂਡਰ ਦੀ ਪੋਸਟਿੰਗ ਕਿਤੇ ਹੋਰ ਹੋ ਗਈ ਸੀ ਅਤੇ ਮੇਰੀ ਹੁਣ ਉਸਦੇ ਦਾ ਨਾਲ ਸਗਾਈ ਹੋ ਚੁੱਕੀ ਸੀ। ਮਾਂ ਬਹੁਤੀ ਖੁਸ਼ ਨਹੀਂ ਸੀ ਕਿਉਂਕਿ ਮੇਰੀ ਅਤੇ ਕਮਾਂਡਰ ਦੀ ਸਿਰਫ ਉਮਰ ਵਿੱਚ ਹੀ ਨਹੀਂ ਸਗੋਂ ਸਾਡੇ ਦੋਹਾਂ ਦੇ ਧਰਮ ਅਤੇ ਕਰਮ ਵੀ ਅਲੱਗ ਸਨ। ਲੇਕਿਨ ਬਾਪੂ ਜੀ ਦੇ ਹੁੰਦਿਆਂ ਸਰਦਾਰਾਂ ਦੀ ਧੀ ਕਦੇ ਵੀ ਹਾਰ ਨਹੀਂ ਸਕਦੀ ਸੀ। ਬਾਅਦ ਵਿੱਚ ਜਗਸੀਰ ਨੂੰ ਗ੍ਰਿਫਤਾਰ ਕਰਕੇ ਕਿਤੇ ਅਣਦੱਸੀ ਜਗਾ ਤੇ ਭੇਜ ਦਿੱਤਾ ਸੀ। ਫਿਰ ਇੱਕ ਦਿਨ ਅਚਾਨਕ ਇਹ ਖ਼ਬਰ ਆਈ ਕਿ ਜਗਸੀਰ ਨੂੰ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ। ਸੁਣ ਕੇ ਬਹੁਤ ਦੁੱਖ ਹੋਇਆ ਸੀ। ਅਜੇ ਦੁੱਖਾਂ ਦੀ ਘੜੀ ਖ਼ਤਮ ਨਹੀਂ ਹੋਈ ਸੀ। ਅਜੇ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਕਿ ਇੱਕ ਦਿਨ ਬਾਰਡਰ ਤੇ ਲੜਦੇ ਹੋਏ ਕਮਾਂਡਰ ਸ਼ਹੀਦ ਹੋ ਗਿਆ ਤਾਂ ਮੇਰਾ ਇਸ ਦੁਨੀਆਂ ਤੋਂ ਜੀ ਜਿਹਾ ਲੈ ਗਿਆ। ਆਪਣੇ ਆਪ ਨੂੰ ਇਕਾਂਤ ਭਰੀ ਜ਼ਿੰਦਗ਼ੀ ਦਾ ਇਹ ਕਹਿ ਹਿੱਸਾ ਬਣਾ ਲੈ ਕਿਹਾ, “ਚਲੋ, ਸਾਹ ਹੀ ਪੂਰੇ ਕਰਨੇ ਹਨ ਜਿੱਥੇ ਮਰਜ਼ੀ ਰਹਿਕੇ ਕਰਲੋ। ਚੰਗੇ ਦਿਨਾਂ ਲਈ ਰੱਬ ਦਾ ਸ਼ੁਕਰਗੁਜ਼ਾਰ ਹਾਂ.”  

ਵਕ਼ਤ ਆਪਣੇ ਹਿਸਾਬ ਨਾਲ ਗੁਜ਼ਰਨ ਲੱਗ ਪਿਆ ਸੀ। ਪਹਿਲਾਂ ਮਾਂ ਜੀ ਦੀ ਫਿਰ ਉਸ ਤੋਂ ਕਈ ਸਾਲ ਬਾਅਦ ਬਾਪੂ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਮੇਰੀ ਸਰਕਾਰੀ ਨੌਕਰੀ ਬਹੁਤ ਡਿਮਾਂਡ ਵਾਲੀ ਸੀ ਇਸ ਲਈ ਆਪਣੇ ਆਪ ਨੂੰ ਸਮਾਂ ਦੇਣ ਲਈ ਕੋਈ ਪਲ ਵੀ ਨਹੀਂ ਬੱਚਦਾ ਸੀ। ਸਾਰਾ ਦਿਨ ਲੋਕਾਂ ਵਿੱਚ ਘਿਰੇ ਰਹਿਣ ਕਾਰਣ ਨਾ ਹੀ ਕਦੇ ਇਕੱਲਾਪਣ ਮਹਿਸੂਸ ਹੁੰਦਾ ਸੀ। ਪਰ ਇੱਕ ਗੱਲ ਦੀ ਜਰੂਰ ਕਮੀ ਮਹਿਸੂਸ ਹੁੰਦੀ ਸੀ ਕਿ ਹੁਣ ਕੋਈ ਪ੍ਰਵਾਹ ਕਰਣ ਵਾਲਾ ਨਹੀਂ ਰਿਹਾ ਹੈ। ਜਦੋਂ ਦੇ ਪ੍ਰਵਾਹ ਕਰਨ ਵਾਲੇ ਚਲੇ ਗਏ ਹਨ ਉਸ ਦਿਨ ਤੋਂ ਬਾਅਦ ਇਹਦੀ ਕੋਈ ਜਰੂਰਤ ਵੀ ਨਹੀਂ ਪਈ ਹੈ। ਫਿਰ ਅਚਾਨਕ ਖ਼ਬਰ ਮਿਲੀ ਕਿ ਜਗਸੀਰ ਜਿਉਂਦਾ ਹੈ। ਪਹਿਲਾਂ ਤਾਂ ਪਤਾ ਨਹੀਂ ਲੱਗਿਆ ਕਿ ਮੈਨੂੰ ਖੁਸ਼ ਹੋਣਾ ਚਾਹੀਦਾ ਹੈ ਜਾਂ ਨਹੀਂ। ਫਿਰ ਇਕ ਦਿਨ ਆਪਣੀ ਪਹੁੰਚ ਕਰਕੇ ਉਹਦਾ ਪਤਾ ਕਰ ਹੀ ਲਿਆ। ਪਰ ਪਹਿਲਾਂ ਉਹਨੇ ਮੈਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਮੈਨੂੰ ਖੁਦ ਉਹਦੇ ਕੋਲ ਜਾਣਾ ਪਿਆ ਸੀ ਕਿ ਸ਼ਾਇਦ ਮੇਰਾ ਚੇਹਰਾ ਦੇਖ ਕੇ ਉਹਨੂੰ ਯਾਦ ਆ ਜਾਵੇ। 

ਜਿਸ ਦਿਨ ਜੇਲ੍ਹ ਵਿੱਚ ਮੈਂ ਉਹਨੂੰ ਮਿਲਣ ਜਾਣਾ ਸੀ ਸ਼ਾਇਦ ਪਹਿਲੀ ਵਾਰ ਬਹੁਤ ਸਾਲਾਂ ਬਾਅਦ ਮੈ ਆਪਣਾ ਮੂੰਹ ਪਹਿਲੀ ਵਾਰ ਸੀਸ਼ੇ ਵਿੱਚ ਧਿਆਨ ਨਾਲ ਦੇਖਿਆ ਸੀ। ਇਹ ਦੇਖਣ ਲਈ ਨਹੀਂ ਕਿ ਮੈਂ ਸੋਹਣੀ ਲੱਗਦੀ ਸੀ। ਮੈਂ ਤਾਂ ਸਿਰਫ ਇਹ ਦੇਖਣਾ ਚਾਹੁੰਦੀ ਸੀ ਕਿ ਕਿਤੇ ਉਮਰ ਨੇ ਮੇਰਾ ਚੇਹਰਾ ਬਦਲ ਤਾਂ ਨਹੀਂ ਦਿੱਤਾ ਸੀ ਕਿ ਉਹ ਮੇਰੇ ਚੇਹਰੇ ਨੂੰ ਵੀ ਨਾ ਪਛਾਣ ਸਕੇ। ਸ਼ਾਇਦ ਉਸ ਦਿਨ ਪਹਿਲੀ ਵਾਰ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ ਸੀ। ਜਗਸੀਰ ਮੇਰੇ ਸਾਮਣੇ ਬੇੜੀਆਂ ਤੇ ਹੱਥ ਕੜੀਆਂ ਵਿੱਚ ਜਕੜਿਆਂ ਖੜਾ ਸੀ ਪਰ ਉਹਦੇ ਚੇਹਰੇ ਉਤੇ ਸ਼ਾਂਤੀ ਸੀ ਜਿਹੜੀ ਮੈ ਸਾਰੀ ਉੱਮਰ ਵਿੱਚ ਪਹਿਲੀ ਵਾਰ ਦੇਖੀ ਸੀ। ਮੈਨੂੰ ਦੇਖਦਿਆਂ ਉਹਦੀਆਂ ਅੱਖਾਂ ਅਤੇ ਚੇਹਰੇ ਤੇ ਹਾਸਾ ਸਾਫ ਝਲਕਦਾ ਦਿਖਾਈ ਦੇ ਰਿਹਾ ਸੀ ਜਿਹਨੂੰ ਉਹਨੇ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕਿਆ ਸੀ। 

“ਤੂੰ ਕਿਉਂ ਆਈ ਹੈ ਇੱਥੇ?” ਉਹਦਾ ਇਹ ਸਵਾਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਮੈਂ ਉਹਨੂੰ ਸਮਝਾ ਕੇ ਕਿਹਾ, “ਜਗਸੀਰ, ਹੁਣ ਕੋਈ ਖ਼ਤਰਾ ਨਹੀਂ ਹੈ। ਸਬ ਕੁੱਛ ਤਾਂ ਖ਼ਤਮ ਹੋ ਚੁੱਕਾ ਹੈ।” ਪਰ ਉਹਨੂੰ ਮੇਰੇ ਤੇ ਤਸੱਲੀ ਨਹੀਂ ਸੀ, “ਸਿਰਫ ਮੈਨੂੰ ਇਕੱਲੇ ਨੂੰ ਤੈਨੂੰ ਅਗਵਾ ਕਰਨ ਦੇ ਹੁਕਮ ਨਹੀਂ ਸਨ। ਕਈ ਹੋਰ ਵੀ ਸਨ ਪਰ ਮੈ ਚਾਹੁੰਦਾ ਸੀ ਕਿ ਮੈਂ ਇਹ ਕੰਮ ਖੁਦ ਕਰਾ ਤਾਕਿ ਤੈਨੂੰ ਆਪਣੀ ਹਿਫਾਜ਼ਤ ਵਿੱਚ ਇੱਜਤ ਨਾਲ ਰੱਖ ਸਕਾ।” 

ਹੁਣ ਉਹ ਪਹਿਲੇ ਵਾਲਾ ਜਗਸੀਰ ਨਹੀਂ ਰਿਹਾ ਸੀ। ਉਹਦੀ ਸੋਚ ਬਹੁਤ ਬਦਲ ਚੁੱਕੀ ਸੀ ਪਰ ਉਹਦੀ ਇੱਕ ਸੋਚ ਕਦੇ ਵੀ ਨਹੀਂ ਬਦਲੀ ਸੀ ਕਿ ਉਹ ਅਜੇ ਵੀ ਮੇਰੀ ਪ੍ਰਵਾਹ ਕਰਦਾ ਸੀ। ਜਦੋਂ ਮੈਂ ਉਥੋਂ ਜਾਣ ਲੱਗੀ ਤਾਂ ਉਸਨੇ ਹੌਲੀ ਜਿਹੇ ਕਿਹਾ, “ਅੱਜ ਤੋਂ ਬਾਅਦ ਕਦੇ ਵਾਪਸ ਨਾ ਆਈ। ਮੈਂ ਤੈਨੂੰ ਨਹੀਂ ਜਾਣਦਾ ਕਿ ਤੂੰ ਕੌਣ ਹੈ ਅਤੇ ਤੂੰ ਮੈਨੂੰ ਨਹੀਂ ਜਾਣਦੀ ਕਿ ਮੈਂ ਕੌਣ ਹੈ।” ਉਹਦੀ ਆਵਾਜ਼ ਵਿੱਚ ਮੈਨੂੰ ਚਿੰਤਾ ਸਾਫ ਨਜ਼ਰ ਆ ਰਹੀ ਸੀ। ਉਹਨੂੰ ਪਤਾ ਸੀ ਕਿ ਮੈਂ ਉਹਦੀ ਗੱਲ ਸੁਣਨੀ ਨਹੀਂ ਸੀ। ਇਸ ਲਈ ਜਾਣ ਤੋਂ ਪਹਿਲਾਂ ਇੱਕ ਵਾਰ ਉਸਨੇ ਫਿਰ ਕਿਹਾ ਸੀ, “ਦੇਖੀ ਕਿਤੇ ਮੇਰੀ ਇੱਜ਼ਤ ਦੀਆ ਹੁਣ ਇਸ ਉਮਰ ਵਿੱਚ ਧੱਜੀਆਂ ਨਾ ਉਡਾ ਦੇਵੀ।” ਮੈਂ ਉਹਦੀ ਦਾੜੀ ਦੇ ਵਾਲ਼ਾ ਵਿੱਚ ਝਾਕ ਰਹੀ ਥੋੜੀ ਜਿਹੀ ਸਫ਼ੈਦੀ ਨੂੰ ਧਿਆਨ ਨਾਲ ਦੇਖਿਆ ਸੀ। ਲੱਗਦਾ ਸੀ ਕਿ ਹੁਣ ਇਹ ਮੇਰੀ ਵਾਰੀ ਸੀ ਉਹਦੀ ਪ੍ਰਵਾਹ ਕਰਨ ਦੀ। ਉੱਸ ਦਿਨ ਤੋਂ ਬਾਅਦ ਮੈਂ ਕਦੇ ਵੀ ਉਸ ਨਾਲ ਸੰਪਰਕ ਨਹੀਂ ਕੀਤਾ ਸੀ। 

ਅਤੇ ਉਸਦੇ ਨਾਲ ਹੀ ਵੱਡੇ ਸਰਦਾਰਾਂ ਦੀ ਛੋਟੀ ਜਿਹੀ ਧੀ ਇਸ ਵੱਡੇ ਸਾਰੇ ਸੰਸਾਰ ਵਿੱਚ ਗੁਆਚ ਕੇ ਰਹਿ ਗਈ। ਕਦੇ ਉਹਦੀ ਪ੍ਰਵਾਹ ਕਰਣ ਵਾਲੇ ਹੋਇਆ ਕਰਦੇ ਸਨ ਹੁਣ ਉਹਦਾ ਕੋਈ ਨਾਮ ਤੱਕ ਨਹੀਂ ਜਾਣਦਾ।  

Leave a comment