ਗੁੱਰੀ: ਸੰਘਰਸ਼ ਅਤੇ ਪਰਿਵਾਰ ਦੀ ਕਹਾਣੀ

Woman in teal and gold traditional dress sitting on a patterned armchair indoors

ਪੁਰਾਣੇ ਸਮਿਆਂ ਦੀ ਗੱਲ ਹੈ ਉਸ ਵਕ਼ਤ ਨਾ ਤਾਂ ਟੈਲੀਫੋਨ ਹੋਇਆ ਕਰਦੇ ਸਨ ਅਤੇ ਨਾ ਹੀ ਟਰਾਂਸਪੋਰਟ ਦਾ ਕੋਈ ਵਧੀਆ ਸਾਧਨ ਹੋਇਆ ਕਰਦਾ ਸੀ। ਨੇੜੇ ਦੀਆ ਵਾਟਾਂ ਵੀ ਕੋਹੀਂ ਦੂਰ ਲੱਗਿਆ ਕਰਦੀ ਸੀ ਪਰ ਰਿਸ਼ਤਿਆਂ ਦੀ ਨਜਦੀਕੀ ਅਤੇ ਉਹਨਾਂ ਦੀ ਮਹੱਤਤਾ ਕੱਚੇ ਰਸਤਿਆਂ ਨੂੰ ਵੀ ਸੌਖਾ ਬਣਾ ਦਿਆ ਕਰਦੀ ਸੀ। “ ਨਾ ਤਾਂ ਪੁੱਤ ਮੈਨੂੰ ਮਹੀਨੇ ਦਾ ਯਾਦ ਹੈ ਅਤੇ ਨਾ ਹੀ ਤਾਰੀਕ ਦਾ। ਪਰ ਇਨ੍ਹਾਂ ਕੁ ਯਾਦ ਹੈ ਕਿ ਅਜੇ ਦੇਸ਼ ਦੀ ਵੰਡ ਹੋਏ ਨੂੰ ਸਾਲ ਵੀ ਨਹੀਂ ਹੋਇਆ ਸੀ। ਮੇਰੇ ਵਿਆਹ ਹੋਏ ਨੂੰ ਅਜੇ ਸਾਲ ਹੀ ਹੋਇਆ ਸੀ ਉਸ ਵਕ਼ਤ ਤੇਰਾ ਵੱਡਾ ਮਾਮਾ ਮੇਰੇ ਪੇਟ ਵਿੱਚ ਸੀ ਜਦੋਂ ਮੇਰੇ ਪੇਕਿਆਂ ਤੋਂ ਇਹ ਚੰਦਰੀ ਖ਼ਬਰ ਆਈ ਕਿ ਮੇਰੀ ਭਰਜਾਈ ਬਹੁਤ ਬਿਮਾਰ ਹੈ. ਅੱਜ ਕੱਲ ਦੀ ਮਹਿਮਾਨ ਹੈ। ਨਾ ਤਾਂ ਮੈਂ ਵਕ਼ਤ ਦੇਖਿਆ ਅਤੇ ਨਾ ਹੀ ਆਪਣੀ ਹਾਲਤ। ਤੇਰੇ ਬਾਈ ਨੂੰ ਲੈ ਕੇ ਮੈਂ ਸ਼ਾਮ ਵੇਲੇ ਹੀ ਤੁਰ ਪਈ,”ਭਗਵੰਤ ਕੌਰ ਨੇ ਛੋਟੀ ਕੁੜੀ ਦੀਆ ਗੁੱਤਾਂ ਕਰਦੇ ਹੋਏ ਕਿਹਾ। ਛੋਟੀ ਕੁੜੀ ਬਹੁਤ ਧਿਆਨ ਨਾਲ ਸੁਣ ਰਹੀ ਸੀ। ਭਗਵੰਤ ਕੌਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਆਪਣੇ ਮਨ ਦੀ ਭੜਾਸ ਕੱਢ ਰਹੀ ਹੈ ਜਾਂ ਫਿਰ ਛੋਟੀ ਕੁੜੀ ਨੂੰ ਕੋਈ ਕਹਾਣੀ ਸੁਣਾ ਰਹੀ ਸੀ। “ਮੈਂ ਕਦੇ ਨਾ ਜਾਂਦੀ ਜੇ ਮੇਰਾ ਭਰਾ ਬਿਮਾਰ ਹੁੰਦਾ ਹੈ। ਪਰ ਗੱਲ ਮੇਰੀ ਭਰਜਾਈ ਦੀ ਸੀ ਜਿਹੜੀ ਬਹੁਤ ਹੀ ਸਚਿਆਰੀ ਅਤੇ ਦਿਲ ਦੀ ਚੰਗੀ ਸੀ। ਭਰਾ ਦਾ ਤੇ ਮੇਰਾ ਹੱਡ ਕੁੱਤੇ ਦਾ ਵੈਰ ਸੀ,”ਭਗਵੰਤ ਕੌਰ ਨੇ ਅੱਗੇ ਬੋਲਦੇ ਹੋਏ ਕਿਹਾ ਪਰ ਕੁੜੀ ਨੇ ਉਲਟਾ ਕੇ ਨਹੀਂ ਪੁੱਛਿਆ ਕਿ ਉਹਦੀ ਆਪਣੇ ਭਰਾ ਨਾਲ ਕਾਹਤੋਂ ਨਹੀਂ ਬਣਦੀ ਸੀ ਅਤੇ ਨਾ ਹੀ ਭਗਵੰਤ ਕੌਰ ਨੇ ਇਹ ਗੱਲ ਦੱਸੀ। 

ਪਿੰਡ ਪਹੁੰਚਣ ਤੋਂ ਪਹਿਲਾ ਹੀ ਹੇਨੇਰਾ ਹੋ ਗਿਆ ਸੀ ਜਦੋ ਭਗਵੰਤ ਕੌਰ ਆਪਣੇ ਪਿੰਡ ਪਹੁੰਚੀ। ਪੇਕੇ  ਵੀ ਤਾਂ ਮਾਵਾਂ ਨਾਲ ਹੁੰਦੇ ਹਨ। ਉਹਨਾਂ ਤੋਂ ਬਿਨਾ ਪੇਕੇ ਕਾਹਦੇ। ਇਹ ਸੋਚਦੀ ਭਗਵੰਤ ਕੌਰ ਜਦੋਂ ਲੱਕੜ ਦਾ ਵੱਡਾ ਦਰਵਾਜ਼ਾ ਪਾਰ ਕਰਕੇ ਘਰ ਦੇ ਅੰਦਰ ਗਈ ਤਾਂ ਲੋਕਾਂ ਦਾ ਇਕੱਠ ਦੇਖ ਉਹਦੇ ਪੈਰ ਉੱਥੇ ਹੀ ਰੁੱਕ ਗਏ। ਫਿਰ ਹੋਂਸਲਾ ਕਰਕੇ ਅੱਗੇ ਵਧੀ ਤਾਂ ਉਹਦੇ ਦੋਵੇਂ ਭਰਾ ਅਤੇ ਬਾਪ ਸਿਰ ਸੁੱਟੀ ਬੈਠੇ ਸੀ। ਜੇ ਹਾਲਤ ਕੁੱਝ ਹੋਰ ਹੁੰਦੇ ਤਾਂ ਉਹਨਾਂ ਦਾ ਸਿਰ ਨੀਵਾਂ ਦੇਖ ਭਗਵੰਤ ਕੌਰ ਨੂੰ ਸ਼ਾਇਦ ਖੁਸ਼ੀ ਹੁੰਦੀ ਪਰ ਵਰਾਂਡੇ ਵਿੱਚ ਚਿੱਟੇ ਕੱਪੜੇ ਵਿੱਚ ਲਿਪਟੀ ਲਾਸ਼ ਦੇਖ ਉਹਦੀਆਂ ਚੀਕਾਂ ਨਿਕਲ ਗਈਆਂ। ਉਹਦੀ ਸੋਹਣੀ ਸੁਨੱਖੀ ਲੰਮੀ ਲੰਝੀ ਭਰਜਾਈ ਤਾਂ ਮਿੱਟੀ ਬਣੀ ਸੀ। ਭੌਰ ਤਾਂ ਕਦੋਂ ਦਾ ਉਡਾਰੀ ਮਾਰ ਗਿਆ ਸੀ। ਬੱਸ ਉਹਦੀ ਲਾਸ਼ ਦਾ ਪਾਵਾ ਫੜ ਕੇ ਬੈਠ ਗਈ। ਅਜੇ ਬੈਠੀ ਨੂੰ ਪੰਜ ਮਿੰਟ ਨਹੀਂ ਹੋਏ ਹੋਣੇ ਕਿ ਕਿਸੇ ਨੇ ਲਿਆ ਕੇ ਤਿੰਨ  ਕੁ ਹਫਤੇ ਦੀ ਕੁੜੀ ਉਹਦੀ ਝੋਲੀ ਵਿੱਚ ਪਾਉਂਦੇ ਹੋਏ ਕਿਹਾ, “ਬੰਦਾ ਨਹੀਂ ਜਵਾਕ ਪਾਲ ਸਕਦਾ। ਹੁਣ ਤੇਰੀ ਜਿੰਮੇਵਾਰੀ ਹੈ ਇਹ ਮਾਂ ਤੋਂ ਬਿਨਾ ਬੱਚੀ ਨੂੰ ਪਾਲਣ ਦੀ। ਤੈਨੂੰ ਤਾਂ ਤੇਰੇ ਭਰਾਵਾਂ ਦਾ ਪਤਾ ਹੀ ਹੈ। ਸਾਰਾ ਦਿਨ ਖੇਤਾਂ ਵਿੱਚ ਕੱਢ ਦਿੰਦੇ ਹਨ।”

ਭਗਵੰਤ ਕੌਰ ਨੇ ਆਪਣੀ ਛੋਟੀ ਜਿਹੀ ਭਤੀਜੀ ਵੱਲ ਦੇਖਿਆ। ਅਜੇ ਤੱਕ ਕੁੜੀ ਦਾ ਕਿਸੇ ਨੇ ਨਾਮ ਤੱਕ ਨਹੀਂ ਰੱਖਿਆ ਸੀ ਕਿਉਂਕਿ ਉਹਦੀ ਭਰਜਾਈ ਤਾਂ ਉਦੋਂ ਦੀ ਬਿਮਾਰ ਪਈ ਸੀ। ਇੱਥੇ ਕਿਹੜਾ ਕੋਈ ਡਾਕਟਰ ਬੈਠਾ ਸੀ ਜਿਹੜਾ ਦੇਖਕੇ ਦੱਸ ਦਿੰਦਾ ਕਿ ਬਿਮਾਰੀ ਸੀ। ਜੋ ਪਿੰਡ ਦੇ ਵੈਦ ਨੇ ਦੇ ਦਿਵਾਈ ਦਿੱਤੀ ਉਹ ਦਿੰਦੇ ਰਹੇ। ਕਿਸੇ ਨੂੰ ਬਿਮਾਰੀ ਦਾ ਕੋਈ ਪਤਾ ਨਹੀਂ ਸੀ। ਭਗਵੰਤ ਕੌਰ ਨੇ ਕੁੜੀ ਵੱਲ ਧਿਆਨ ਨਾਲ ਦੇਖਿਆ। ਗੋਰਾ ਰੰਗ ਦੇਖ ਕਹਿੰਦੀ ਇਹ ਤਾਂ ਮੇਰੀ ਗੋਰੀ ਜਿਹੀ ਕੁੜੀ ਹੈ। ਅਗਲੇ ਦਿਨ ਗੋਰੀ ਨੂੰ ਲੈ ਕੇ ਆਪਣੇ ਸੁਹਰੇ ਘਰ ਆ ਗਈ। ਨਾ ਭਰਾਵਾਂ ਨੇ ਰੋਕਿਆ ਨਾ ਹੀ ਉਹਦੇ ਭਲੇ ਮਾਨਸ ਘਰਵਾਲੇ ਨੇ ਕੁੱਝ ਕਿਹਾ। ਘਰੇ ਪਹੁੰਚੀ ਤਾਂ ਅੱਗੋਂ ਸੱਸ ਨੇ ਕੁੜੀ ਦੇਖੀ ਅਤੇ ਉਹ ਵੀ ਖੁਸ਼ ਹੋ ਗਈ। ਪੰਜ ਸਾਲ ਦਾ ਸਮਾਂ ਲੰਘ ਗਿਆ। ਭਗਵੰਤ ਕੌਰ ਦੇ ਦੋ ਜਵਾਕ ਹੋ ਗਏ ਸਨ। ਗੋਰੀ ਤੋਂ ਗੁਰੀ ਬਣੀ ਉਹਦੀ ਭਤੀਜੀ ਉਹਨੂੰ ਭੂਆ ਭੂਆ ਕਹਿ ਕੇ ਘਰ ਵਿੱਚ ਰੌਣਕ ਲਾ ਦਿੰਦੀ ਅਤੇ ਉਹਦੇ ਘਰਵਾਲੇ ਨੂੰ ਉਹ ਬਾਈ ਜੀ ਕਹਿੰਦੀ ਸੀ। ਨਾ ਮੁੜ ਕੇ ਪੇਕੀਂ ਭਗਵੰਤ ਕੌਰ ਗਈ ਅਤੇ ਨਾ ਹੀ ਗੁਰੀ ਗਈ। ਨਾ ਹੀ ਉਹਨਾਂ  ਦੋਹਾ ਨੂੰ ਕੋਈ ਮਿਲਣ ਆਇਆ। ਭਗਵੰਤ ਕੌਰ ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਵੱਡੇ ਜਿੰਮੀਦਾਰਾਂ ਦੀ ਧੀ ਸੀ ਅਤੇ ਉਹਨਾਂ ਨੇ ਆਪਣੇ ਤੋਂ ਵੱਡੇ ਘਰੇ ਹੀ ਭਗਵੰਤ ਕੌਰ ਦਾ ਵਿਆਹ ਕੀਤਾ ਸੀ। ਗੁੱਰੀ ਨੂੰ ਖੇਡਣ ਤੋਂ ਬਗੈਰ ਹੋਰ ਕੋਈ ਕੰਮ ਵੀ ਨਹੀਂ ਹੁੰਦਾ ਸੀ। ਭੂਆ ਭਗਵੰਤ ਕੌਰ ਸੁਭਾਵ ਦੀ ਨਰਮ ਦਿਲ ਸੀ ਅਤੇ ਉਹਨੇ ਗੁੱਰੀ ਨੂੰ ਕਦੇ ਘੂਰਿਆ ਤੱਕ ਨਹੀਂ ਸੀ। 

ਭਗਵੰਤ ਕੌਰ ਨੇ ਆਪਣੇ ਮੁੰਡੇ ਦੇ ਨਾਲ ਹੀ ਗੁੱਰੀ ਦਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਲੇਕਿਨ ਉਸਤੋਂ ਪਹਿਲਾ ਹੀ ਉਹਦਾ ਭਰਾ ਪੰਚਾਇਤ ਘਰ ਆ ਬੈਠਾ ਕਿ ਭਗਵੰਤ ਕੌਰ ਮੇਰੀ ਕੁੜੀ ਨਹੀਂ ਦਿੰਦੀ। ਸ਼ਾਇਦ ਉਸ ਦਿਨ ਭਗਵੰਤ ਕੌਰ ਨੂੰ ਪਹਿਲੀ ਵਾਰੀ ਗੁੱਸਾ ਚੜਿਆ ਹੋਣਾ ਇਸ ਲਈ ਆਪਣੇ ਭਰਾਵਾਂ ਨੂੰ ਸਾਫ ਕਹਿ ਦਿੱਤਾ ਕਿ ਮੈਂ ਨਹੀਂ ਭੇਜਣੀ ਕੁੜੀ ਉੱਥੇ। ਤੁਸੀ ਸਾਰਾ ਦਿਨ ਘਰ ਨਹੀਂ ਵੜਦੇ ਅਤੇ ਖੇਤਾਂ ਵਿੱਚ ਰਹਿੰਦੇ ਹੋ। ਕੁੜੀ ਘਰ ਇਕੱਲੀ ਕੀਹਦੇ ਕੋਲ਼ ਰਹੇਗੀ। ਉਸ ਦਿਨ ਹੀ ਪੰਚਾਇਤ ਘਰ ਵਿੱਚ ਭਗਵੰਤ ਕੌਰ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਉਹਦੇ ਭਰਾ ਨੇ ਦੂਜਾ ਵਿਆਹ ਕਰਵਾ ਲਿਆ ਹੈ। ਘਰ ਅਤੇ ਚੰਗੀ ਜ਼ਮੀਨ ਦੇਖ ਉਹਦੇ ਸੁਹਰਿਆਂ ਨੇ ਆਪਣੀ ਦੂਜੀ ਕੁੜੀ ਦਾ ਰਿਸ਼ਤਾ ਕਰ ਦਿੱਤਾ ਸੀ। ਹੁਣ ਵੱਡਿਆ ਦਾ ਕਿਹਾ ਭਗਵੰਤ ਕੌਰ ਕਿਵੇਂ ਟਾਲਦੀ ਜਦੋਂ ਸਰਪੰਚ ਨੇ ਕਹਿ ਹੀ ਦਿੱਤਾ ਕਿ ਭੂਆ ਹੋਈ ਜਾਂ ਫਿਰ ਮਾਸੀ ਹੋਈ, ਇਸ ਲਈ ਮਾਸੀ ਵੀ ਗੁੱਰੀ ਦਾ ਉਹਨਾਂ ਹੀ ਖਿਆਲ ਰੱਖੇਗੀ। ਇਸ ਤਰਾਂ ਗੁੱਰੀ ਪੂਰੇ ਪੰਜ ਸਾਲ ਬਾਅਦ ਆਪਣੇ ਘਰ ਆਈ ਸੀ ਲੇਕਿਨ ਉਹਨੂੰ ਭੂਆ ਦੀ ਯਾਦ ਬਹੁਤ ਆਉਂਦੀ ਸੀ। ਪਰ ਮਾਸੀ ਵੀ ਗੁੱਰੀ ਦਾ ਬਹੁਤ ਪਿਆਰ ਕਰਦੀ ਸੀ। ਭਗਵੰਤ ਕੌਰ ਦਾ ਕੋਈ ਬਹੁਤਾ ਜ਼ੋਰ ਨਾ ਚੱਲਦਾ। ਹੁਣ ਤੱਕ ਭਗਵੰਤ ਕੌਰ ਦੇ ਆਪਣੇ ਦੋ ਮੁੰਡੇ ਅਤੇ ਦੋ ਕੁੜੀਆਂ ਹੋ ਚੁੱਕੀਆਂ ਸਨ ਲੇਕਿਨ ਉਹ ਗੁੱਰੀ ਨੂੰ ਕਦੇ ਨਾ ਭੁੱਲ ਸਕੀ। ਜਦੋਂ ਕਦੇ ਉਹਦਾ ਬਹੁਤਾ ਦਿੱਲ ਉਦਾਸ ਹੋ ਜਾਂਦਾ ਉਹ ਆਪਣੇ ਗਵਾਂਢੀਆਂ ਦੇ ਘਰੇ ਆ ਕੇ ਉੱਥੇ ਗੁੱਰੀ ਨੂੰ ਮਿਲ ਜਾਂਦੀ ਅਤੇ ਹਮੇਸ਼ਾ ਉਹਨੂੰ ਇਹੀ ਕਹਿੰਦੀ ਕਿ ਉਹਦੇ ਲਈ ਦਰਵਾਜ਼ੇ ਅਜੇ ਵੀ ਖੁਲ੍ਹੇ ਹਨ। ਭਾਵੇਂ ਭਗਵੰਤ ਕੌਰ ਦੀ ਆਪਣੇ ਭਰਾਵਾਂ ਨਾਲ ਕਦੇ ਨਹੀਂ ਬਣਦੀ ਸੀ ਪਰ ਆਪਣੀ ਦੂਜੀ ਭਰਜਾਈ ਨਾਲ ਵੀ ਉਹਦੀ ਦਾਲ ਕਾਫੀ ਗਲਦੀ ਸੀ ਇਸ ਲਈ ਜਦੋਂ ਕਦੇ ਛੁੱਟੀਆਂ ਮਿਲਦੀ ਗੁੱਰੀ ਸਿੱਧਾ ਝੋਲਾ ਚੁੱਕ ਕੇ ਭੂਆ ਪਿੰਡ ਆ ਜਾਂਦੀ। 

ਗੁੱਰੀ ਪੰਜਵੀਂ ਕਲਾਸ ਪਾਸ ਕਰ ਗਈ ਸੀ। ਬਾਪੂ ਨੇ ਸਕੂਲ ਤੋਂ ਹਟਾ ਕੇ ਘਰ ਬਿਠਾ ਲਿਆ ਅਤੇ ਘਰ ਦੇ ਕੰਮ ਸਿੱਖਣ ਨੂੰ ਲਾ ਦਿੱਤਾ। ਪਰ ਗੁੱਰੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਲੇਕਿਨ ਬਾਪੂ ਅਤੇ ਚਾਚੇ ਅੱਗੇ ਉਹਦਾ ਕੋਈ ਜ਼ੋਰ ਨਾ ਚੱਲਿਆ। ਮਾਸੀ ਨੂੰ ਉਹ ਮਾਂ ਹੀ ਕਹਿੰਦੀ ਸੀ। ਉਹਦੀ ਵੀ ਘਰ ਵਿੱਚ ਘੱਟ ਹੀ ਚੱਲਦੀ ਸੀ। ਬਾਪੂ ਅਤੇ ਚਾਚੇ ਦੋਹਾਂ ਦਾ ਸੁਭਾਵ ਬਹੁਤ ਗਰਮ ਸੀ। ਮੋਢੇ ਉੱਤੇ ਰੱਖੀ ਦੋਨਾਲੀ ਉਹਨੂੰ ਹੋਰ ਡਰਾ ਦਿੰਦੀ ਸੀ। ਇਸ ਲਈ ਗੁੱਰੀ ਦੇ ਪੜ੍ਹਨ ਦਾ ਸ਼ੌਕ ਅਧੂਰਾ ਰਹਿ ਗਿਆ ਸੀ। ਗੁੱਰੀ ਦਾ ਦਿਮਾਗ ਬਹੁਤ ਤੇਜ਼ ਸੀ। ਗੁੱਰੀ ਦੇ ਹੁਣ ਛੋਟਾ ਭਰਾ ਵੀ ਹੋ ਗਿਆ ਸੀ। ਇਸ ਲਈ ਉਹਦੇ ਨਾਲ ਖੇਡ ਕੇ ਉਹਦਾ ਟਾਈਮ ਨਿੱਕਲ ਜਾਂਦਾ ਅਤੇ ਕਦੇ ਉਹ ਭੂਆ ਕੋਲ ਆ ਜਾਂਦੀ ਸੀ। ਫਿਰ ਗੁੱਰੀ ਦੇ ਇੱਕ ਹੋਰ ਭਰਾ ਹੋਇਆ। ਲੇਕਿਨ ਉਹਦੀ ਮਾਸੀ ਮਾਂ ਬਿਮਾਰ ਰਹਿਣ ਲੱਗ ਪਈ ਤਾਂ ਭੂਆ ਭਗਵੰਤ ਕੌਰ ਆ ਕੇ ਗੁੱਰੀ ਨੂੰ ਫਿਰ ਲੈ ਗਈ। ਮੁੜ ਕੇ ਗੁੱਰੀ ਕਦੇ ਵਾਪਸ ਨਹੀਂ ਗਈ ਸੀ। ਇੱਕ ਦਿਨ ਉਹਦੀ ਮਾਸੀ ਮਾਂ ਵੀ ਇਸ ਦੁਨੀਆਂ ਤੋਂ ਚਲੀ ਗਈ ਅਤੇ ਦੋਹਾਂ ਭਗਵੰਤ ਕੌਰ ਅਤੇ ਗੁੱਰੀ ਨੇ ਮੁੜ ਕੇ ਪਿੰਡ ਜਾਣ ਦਾ ਨਾਮ ਨਾ ਲਿਆ ਅਤੇ ਨਾ ਹੀ ਉਹਦੇ ਚਾਚੇ ਜਾਂ ਬਾਪੂ ਨੇ ਕੋਸ਼ਿਸ਼ ਕੀਤੀ। ਮੁੰਡੇ ਛੋਟੇ ਸਨ ਪਰ ਕੁੜੀ ਵੱਡੀ ਹੋ ਚੁੱਕੀ ਸੀ ਅਤੇ ਘਰੇ ਕਿਹਨੂੰ ਉਹਦੇ ਕੋਲ ਛੱਡਦੇ। ਨਾ ਹੀ ਗੁੱਰੀ ਦਾ ਆਪਣੇ ਪਿਉ ਨਾਲ ਕੋਈ ਪਿਆਰ ਸੀ ਅਤੇ ਨਾ ਹੀ ਭਗਵੰਤ ਕੌਰ ਦਾ ਆਪਣੇ ਭਰਾ ਨਾਲ। ਭਰਾ ਵੀ ਕਿਹੜਾ ਘੱਟ ਸਨ ਉਹਨਾ ਦਾ ਵੀ ਸ਼ਾਇਦ ਦਿਲ ਨਾ ਤਾਂ ਕੁੜੀ ਲਈ ਪਿਘਲਿਆ ਅਤੇ ਨਾ ਹੀ ਆਪਣੀ ਭੈਣ ਲਈ। ਇੱਕ ਵਾਰ ਫਿਰ ਉਹਨਾਂ ਵਿੱਚ ਚੁੱਪ ਦੀ ਦੀਵਾਰ ਖੜੀ ਹੋ ਗਈ ਸੀ। ਨਾ ਚਾਹੁੰਦੇ ਹੋਏ ਵੀ ਉਸ ਦੀਵਾਰ ਨੂੰ ਕੋਈ ਤੋੜ ਨਾ ਸਕਿਆ। 

ਪਤਾ ਨਹੀਂ ਕਦੋਂ ਟਾਈਮ ਲੰਘ ਗਿਆ। ਗੁੱਰੀ ਆਪਣੀ ਮਾਂ ਵਾਂਗ ਹੀ ਲੰਮੀ ਅਤੇ ਸੋਹਣੀ ਸੁਨੱਖੀ ਸੀ। ਕੋਈ ਪੰਜ ਫੁੱਟ 10 ਇੰਚ ਉਹਦਾ ਕੱਦ ਅਤੇ ਕਾਲੇ ਘੁੰਗਰਾਲੇ ਵਾਲ ਉਹਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਸਨ। ਪਰ ਉਸ ਤੋਂ ਕਿਤੇ  ਜਿਆਦਾ ਰੱਬ ਨੇ ਉਹਨੂੰ ਜਬਰਦਸਤ ਵਿਅਕਤੀਗਤ ਦਿੱਤਾ ਸੀ। ਚੰਗੇ ਭਲੇ ਦੀ ਬੋਲਤੀ ਬੰਦ ਕਰਕੇ ਰੱਖ ਦਿੰਦੀ ਸੀ। ਭਗਵੰਤ ਕੌਰ ਨੂੰ ਹੁਣ ਉਹਦੇ ਵਿਆਹ ਦਾ ਫਿਕਰ ਸੀ। ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਸੀ। ਇਸ ਲਈ ਹਰ ਕਿਸੇ ਨੂੰ ਕੋਈ ਚੰਗਾ ਪਰਿਵਾਰ ਦੱਸਣ ਲਈ ਕਹਿੰਦੀ। 

ਇੱਕ ਦਿਨ ਬਾਹਰ ਗਲੀ ਵਿੱਚ ਝਾੜੂ ਲਾ ਰਹੀ ਗੁੱਰੀ ਦੀ ਨਜ਼ਰ ਦੂਰੋਂ ਆਉਂਦੇ ਨੌਜਵਾਨ ਤੇ ਪਈ। ਗੁੱਰੀ ਨੇ ਦੇਖਿਆ ਕਿ ਸੋਹਣਾ ਸੁਨੱਖਾ ਉਹ ਛੇ ਫੁੱਟ ਚਾਰ ਇੰਚ ਲੰਮਾ ਬੰਦਾ ਉਹਦੇ ਕੋਲ ਦੀ ਨੀਵੀ ਪਾ ਕੇ ਅੱਗੇ ਲੰਘ ਗਿਆ। ਥੋੜੇ ਦਿਨਾਂ ਬਾਅਦ ਨਾਮੀ ਭਗਵੰਤ ਕੌਰ ਕੋਲ ਆਪਣੇ ਭਰਾ ਦਾ ਰਿਸ਼ਤਾ ਗੁੱਰੀ ਲਈ ਲੈ ਕੇ ਆ ਗਈ। ਪਹਿਲਾਂ ਤਾ  ਭਗਵੰਤ ਕੌਰ ਇਹ ਰਿਸ਼ਤਾ ਨਹੀਂ ਮੰਨਦੀ ਸੀ। ਉਹ ਸੋਚਦੀ ਸੀ ਕਿ ਇੱਕ ਤਾਂ ਮੁੰਡਾ ਪੜਿਆ ਲਿਖਿਆ ਲੱਗਦਾ ਅਤੇ ਦੂਜਾ ਉਹ ਗੁੱਰੀ ਤੋਂ ਕੋਈ ਬਾਰਾਂ ਸਾਲ ਵੱਡਾ ਸੀ ਪਰ ਨਾਮੀ ਨੇ ਭਗਵੰਤ ਕੌਰ ਦਾ ਵੇਹੜਾ ਨੀਵਾਂ ਕਰ ਦਿੱਤਾ। ਨਾਮੀ ਨੂੰ ਆਪਣੇ ਭਰਾ ਲਈ ਕੋਈ ਇਸ ਤਰਾਂ ਦੀ ਕੁੜੀ ਚਾਹੀਦੀ ਸੀ ਜਿਹੜੀ ਉਹਦੇ ਪੇਕੇ ਪਰਿਵਾਰ ਨੂੰ ਬੰਨਕੇ ਰੱਖ ਸਕੇ। ਨਾਮੀ ਦੇ ਮਾਂ ਬਾਪ ਮਰ ਚੁੱਕੇ ਸਨ ਅਤੇ ਉਹਦਾ ਛੋਟਾ ਭਰਾ ਪਿੰਡ ਅਤੇ ਦੂਜਾ ਕਿਤੇ ਬਹੁਤ ਦੂਰ ਰਹਿੰਦਾ ਸੀ। ਸ਼ਾਇਦ ਨਾਮੀ ਨੂੰ ਖੁਦ ਨਹੀਂ ਪਤਾ ਕਿੱਥੇ ਰਹਿੰਦਾ ਸੀ। ਨਾਮੀ ਨੇ ਗਾਰੰਟੀ ਲੈਂਦੇ ਹੋਏ ਕਿਹਾ ਕਿ ਤੇਰੀ ਭਤੀਜੀ ਰਾਜ ਕਰੂਗੀ। ਭਗਵੰਤ ਕੁਰ ਨੇ ਆਪਣੇ ਭਰਾਵਾਂ ਨੂੰ ਸੁਨੇਹਾ ਭੇਜਿਆ ਪਰ ਦੋਹਾਂ ਵਿੱਚੋਂ ਕੋਈ ਵੀ ਨਹੀਂ ਆਇਆ ਤਾਂ ਰੱਬ ਦੇ ਭਾਣੇ ਤੇ ਛੱਡ ਭਗਵੰਤ ਕੁਰ ਨੇ ਹਾਂ ਕਰ ਦਿੱਤੀ। 

ਗੁੱਰੀ ਨੂੰ ਥੋੜੇ ਦਿਨਾਂ ਵਿੱਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਨਾਮੀ ਨੇ ਕੋਈ ਗ਼ਲਤ ਨਹੀਂ ਕਿਹਾ ਸੀ। ਘਰ ਵਿੱਚ ਉਹ ਤਿੰਨ ਹੀ ਜਾਣੇ ਸਨ। ਭਾਵੇਂ ਉਹਦਾ ਘਰਵਾਲੇ ਦਾ ਛੋਟਾ ਭਰਾ ਗੁੱਰੀ ਤੋਂ ਉਮਰ ਵਿੱਚ ਵੱਡਾ ਸੀ ਪਰ ਸਾਧੂ ਸੁਭਾਵ ਦਾ ਉਹ ਇਨਸਾਨ ਉਹਨੂੰ ‘ਭਾਈ’ ਕਹਿ ਕੇ ਬੁਲਾਉਂਦਾ ਅਤੇ ਹਮੇਸ਼ਾ ਹੀ ਨੀਵੀ ਪਾ ਕੇ ਗੱਲ ਕਰਦਾ। ਪਰ ਉਹਦੇ ਘਰਵਾਲਾ ਸੁਭਾਵ ਦਾ ਮਜ਼ਾਕੀਆ ਸੀ।  ਉਹਦਾ ਘਰ ਵਾਲਾ ਇੱਕ ਅਲੱਗ ਹੀ ਸ਼ਖ਼ਸੀਅਤ ਦਾ ਮਾਲਕ ਸੀ। ਲੇਕਿਨ ਤੇਜ਼ ਤਰਾਰ ਗੁੱਰੀ ਦੇ ਅੱਗੇ ਉਹ ਕੁੱਝ ਵੀ ਛੁਪਾ ਕੇ ਨਹੀਂ ਰੱਖ ਸਕਦਾ ਸੀ। ਉਹਦੇ ਘਰਵਾਲਾ ਵੀ ਉਹਨੂੰ ਗੁੱਰੀ ਹੀ ਕਹਿੰਦਾ ਸੀ ਉਹ ਉਹਨੂੰ ਮਜ਼ਾਕ ਵਿੱਚ ਬੁੜਾ ਵੀ ਕਹਿ ਦਿੰਦੀ ਸੀ। ਉਹਦੇ ਘਰਵਾਲਾ ਬਹੁਤਾ ਦੇਰ ਘਰੋਂ ਅਤੇ ਦੇਸ਼ੋਂ  ਬਾਹਰ ਹੀ ਰਹਿੰਦਾ ਸੀ। ਉਹਦੀ ਗੈਰਹਾਜ਼ਰੀ ਵਿੱਚ ਉਹ ਘਰ ਨੂੰ ਸਾਂਭ ਸੰਭਾਲ ਕੇ ਰੱਖਦੀ। ਪਾਰਖੂ ਨਾਮੀ ਦੀ ਸੋਚ ਬਿਲਕੁੱਲ ਸਹੀ ਨਿੱਕਲੀ ਸੀ। ਗੁੱਰੀ ਨੇ ਘਰ ਨੂੰ ਬੰਨ ਕੇ ਰੱਖ ਦਿੱਤਾ ਸੀ। ਕੀ ਮਜ਼ਾਲ ਕੋਈ ਗੁੱਰੀ ਵੱਲ ਕੋਈ ਅੱਖ ਪੱਟ ਕੇ ਵੀ ਲੰਘ ਜਾਵੇ। ਇੱਕ ਗੱਲ  ਹੋਰ ਵੀ ਸੀ ਗੁੱਰੀ ਨੂੰ ਭਗਵੰਤ ਕੌਰ ਨੂੰ ਮਿਲਣ ਦਾ ਮੌਕਾ ਬਹੁਤ ਆਸਾਨੀ ਨਾਲ ਮਿਲ ਜਾਂਦਾ ਸੀ। ਨਾਮੀ ਨੂੰ ਮਿਲਣ ਗਈ ਉਹ ਭਗਵੰਤ ਕੌਰ ਨੂੰ ਵੀ ਮਿਲ ਆਉਦੀ ਸੀ। ਨਾਮੀ ਗੁੱਰੀ ਤੋਂ ਕੋਈ 15 ਸਾਲ ਵੱਡੀ ਸੀ ਪਰ ਉਹ ਹਮੇਸ਼ਾ ਮਾਣ ਨਾਲ ਉਹਨੂੰ ਭਾਬੀ ਕਹਿ ਕੇ ਬੁਲਾਉਂਦੀ ਸੀ। ਪਤਾ ਨਹੀਂ ਕਿੰਨੀ ਵਾਰੀ ਉਹ ਗੁੱਰੀ ਦਾ ਹੱਥ ਬੰਨ ਕੇ ਧੰਨਵਾਦ ਕਰਦੀ ਸੀ ਕਿ ਗੁੱਰੀ ਨੇ ਕਿੰਨੀ ਸਿਆਣਪ ਨਾਲ ਘਰ ਨੂੰ ਫਿਰ ਤੋਂ ਆਬਾਦ ਕਰ ਦਿੱਤਾ ਸੀ। ਵਿਆਹ ਤੋਂ ਦੋ ਸਾਲ ਬਾਅਦ ਗੁੱਰੀ ਦੇ ਖੁਦ ਦੇ ਕੁੜੀ ਹੋਈ। ਕੁੜੀ ਨੂੰ ਦੇਖ ਉਹਦੇ ਚੇਹਰੇ ਤੇ ਨੂਰ ਚਮਕਣ ਲੱਗਾ। ਉਹਦੀ ਧੀ ਗੁੱਰੀ ਵਾਂਗ ਹੀ ਸੋਹਣੀ ਸੁਨੱਖੀ ਸੀ ਉਹ ਦੱਬ ਕੇ ਉਹਨੂੰ ਪੜਾਉਣਾ ਚਾਹੁੰਦੀ ਸੀ। ਇੱਕੋ ਰੀਜ਼ ਸੀ ਉਹਦੀ ਕਿ ਇੱਕ ਦਿਨ ਉਹਦੀ ਧੀ ਖੂਬ ਪੜੇ ਅਤੇ ਅਫਸਰ ਲੱਗ ਜਾਵੇ। ਉਹ ਖੁਦ ਨਹੀਂ ਪੜ ਸਕੀ ਸੀ ਪਰ ਉਹ ਸੁਪਨਾ ਆਪਣੀ ਧੀ ਦੇ ਰਾਹੀਂ ਪੂਰਾ ਕਰਨੀ ਚਾਹੁੰਦੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜਦੋਂ ਉਹਦਾ ਦਿਲ ਕਰਦਾ ਉਹ ਆਪਣੇ ਘਰਵਾਲੇ ਕੋਲ ਚਲੀ ਜਾਂਦੀ। ਦਿਉਰ ਦੇ ਹੁੰਦੇ ਉਹਨੂੰ ਕੋਈ ਫ਼ਿਕਰ ਹੀ ਨਹੀਂ ਸੀ। ਕੁੜੀ ਸਕੂਲ ਵਿੱਚ ਪੜ੍ਹਨ ਲੱਗ ਗਈ ਤਾਂ ਗੁੱਰੀ ਆਪਣੇ ਘਰਵਾਲੇ ਕੋਲ ਜਾ ਕੇ ਰਹਿਣ ਲੱਗ ਪਈ ਸੀ। ਕੁੜੀ ਪਿੱਛੇ ਘਰ ਹੀ ਰਹਿੰਦੀ ਸੀ ਅਤੇ ਨਾਮੀ ਦੀਆ ਦੋ ਕੁੜੀਆਂ ਵੀ ਉੱਥੇ ਹੀ ਰਹਿੰਦੀਆਂ ਸਨ ਇਸ ਲਈ ਉਹਨੂੰ ਕੋਈ ਚਿੰਤਾ ਨਹੀ ਸੀ। 

ਪਰ ਗੁੱਰੀ ਨੂੰ ਪਹਾੜਾਂ ਦੀ ਜਿੰਦਗੀ ਜ਼ਿਆਦਾ ਦੇਰ ਰਾਸ ਨਾ ਆਈ ਕਦੇ ਕਦੇ ਉਹ ਅੱਕ ਕੇ ਕਹਿ ਦਿੰਦੀ, “ਮੈਨੂੰ ਨਹੀਂ ਇੰਨਾ ਦੀ ਭਾਸ਼ਾ ਚੰਗੀ ਲੱਗਦੀ। ਪਤਾ ਨਹੀਂ ਸਾਰਾ ਦਿਨ ਕਾਹਦਾ ਮੀਟ ਖਾਂਦੇ ਰਹਿੰਦੇ ਨੇ.”ਕਦੇ ਉਹ ਡਾਕੀਏ ਨਾਲ ਬਿਨਾ ਮਤਲਬ ਤੋਂ ਲੜ ਪੈਂਦੀ। ਉਹਨਾਂ ਦੋਹਾਂ ਨੂੰ  ਇੱਕ ਦੂਜੇ ਦੀ ਭਾਸ਼ਾ ਵੀ ਨਹੀਂ ਸਮਝਦੀ ਆਉਂਦੀ ਸੀ  ਫਿਰ ਵੀ ਇੱਕ ਦੂਜੇ ਨਾਲ ਯੁੱਧ ਲਾ ਹੀ ਲੈਂਦੇ ਸੀ ਜਿਹਨੂੰ ਸੁਣ ਕੇ ਸਰਦਾਰ ਸਾਬ ਦਾ ਹਾਸਾ ਵੀ ਨਿਕਲ ਜਾਂਦਾ ਸੀ ਪਰ ਡਰਦਾ ਅੱਗੇ ਤੋਂ ਬੋਲਦਾ ਵੀ ਨਹੀਂ ਸੀ। ਹੁਣ ਤੱਕ ਉਹਦੇ ਦੂਜੀ ਕੁੜੀ ਹੋ ਚੁਕੀ ਸੀ। ਗੁੱਰੀ ਨੂੰ ਘਰ ਦੀ ਯਾਦ ਬਹੁਤ ਆਉਂਦੀ ਸੀ ਪਰ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ। ਜਿੱਥੇ ਉਹਦੀ ਵੱਡੀ ਕੁੜੀ ਉਹਦੇ ਵਰਗੀ ਸੀ ਛੋਟੀ ਕੁੜੀ ਆਪਣੇ ਪਿਉ ਤੇ ਚਲੀ ਗਈ ਸੀ। ਪਤਾ ਨਹੀਂ ਪੰਜ ਛੇ ਸਾਲ ਦਾ ਟਾਇਮ ਕਿਵੇਂ ਲੰਘ ਗਿਆ। ਉੱਪਰੋਂ ਸਰਦਾਰ ਸਾਬ ਦੀ ਡਿਊਟੀ ਦੇਸ਼  ਤੋਂ ਬਾਹਰ ਲੱਗ ਗਈ ਤਾਂ ਗੁੱਰੀ ਦੇ ਚੇਹਰੇ ਤੇ ਰੌਣਕ ਜਿਹੀ ਛਾ ਗਈ। ਅਜੇ ਸਰਦਾਰ ਸਾਹਿਬ ਨੇ ਆਪਣਾ ਸਮਾਨ ਤਾਂ ਬੰਨਿਆ ਨਹੀਂ ਸੀ ਪਰ ਗੁੱਰੀ ਨੇ ਆਪਣਾ ਪਹਿਲਾਂ ਬੰਨ ਲਿਆ ਅਤੇ ਸਿੱਧੀ ਘਰੇ ਆ ਕੇ ਉਹਨੇ ਇਸ ਤਰਾਂ ਸਾਹ ਲਿਆ ਜਿਵੇਂ ਉਹਨੂੰ ਜੇਲ੍ਹ ਤੋਂ ਸਜ਼ਾ ਮਾਫ ਹੋ ਗਈ ਹੋਵੇ। ਆਪਣੇ ਘਰਵਾਲੇ ਨੂੰ ਸਿੱਧਾ ਕਹਿੰਦੀ ਕਿ ਤੂੰ ਜਿੱਥੇ ਮਰਜ਼ੀ ਜਾ ਪਰ ਮੈਨੂੰ ਨਹੀਂ ਅੱਗੇ ਤੋਂ ਨਾਲ ਲੈ ਕੇ ਜਾਣਾ। ਪਰ ਇਹ ਗੱਲ ਵੀ ਸਹੀ ਨਹੀਂ ਸੀ ਗੁੱਰੀ ਬਹਾਨੇ ਨਾਲ ਸਰਦਾਰ ਸਾਹਿਬ ਕੋਲ ਪਹੁੰਚ ਹੀ ਜਾਂਦੀ ਸੀ ਉਹ ਜਿੱਥੇ ਮਰਜ਼ੀ ਹੁੰਦਾ ਪਰ ਗੁੱਰੀ ਉਹਦੇ ਕੋਲ ਪਹੁੰਚ ਜਾਂਦੀ ਸੀ ਕਿਉਂਕਿ ਇੱਕ ਉਹੀ ਇਨਸਾਨ ਸੀ ਜੋ ਗੁੱਰੀ ਨੂੰ ਚੰਗੀ ਤਰਾਂ ਸਮਝ ਸਕਦਾ ਸੀ। ਗੁੱਰੀ ਦੇ ਕਿਹੜੇ ਅਰਮਾਨ ਕਿਵੇਂ ਅਧੂਰੇ ਰਹਿ ਗਏ ਸਨ ਉਹ ਸਰਦਾਰ ਸਾਹਿਬ ਤੋਂ ਵਗੈਰ ਕਿਸੇ ਹੋਰ ਨੂੰ ਨਹੀਂ ਪਤਾ ਸੀ। ਇਸ ਲਈ ਗੁੱਰੀ ਨੂੰ ਦੁਨੀਆਂ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਸੀ। ਵਾਪਸ ਘਰ ਪਹੁੰਚ ਕੇ ਗੁੱਰੀ ਨੇ ਸੁੱਖ ਦਾ ਸਾਹ ਲਿਆ। ਜਦੋਂ ਉਹਦਾ ਦਿੱਲ ਕਰਦਾ ਉਹ ਜਾ ਕੇ ਆਪਣੇ ਘਰਵਾਲੇ ਨੂੰ ਮਿਲ ਆਉਂਦੀ। ਨਾ ਹੀ ਉਹਨੂੰ ਉਹਦੇ ਦਿਉਰ ਨੇ ਕੁੱਝ ਕਿਹਾ ਕਿ ਘਰੇ ਨਹੀਂ ਸਰਦਾ। ਉਹਨੂੰ ਨਾਮੀ ਅਤੇ ਭਗਵੰਤ ਕੌਰ ਦੀ ਵੀ ਪੂਰੀ ਸ਼ਹਿ ਸੀ। ਪਰ ਗੁੱਰੀ ਨੇ ਇਸ ਗੱਲ ਦਾ ਕਦੇ ਵਾਧੂ ਫਾਇਦਾ ਨਹੀਂ ਉਠਾਇਆ ਸੀ। ਆਪਣੇ ਘਰਵਾਲੀ ਦੀ ਗੈਰਹਾਜਰੀ ਵਿੱਚ ਮਰਦ ਪ੍ਰਧਾਨ ਸਮਾਜ ਵਿੱਚ ਪੂਰੇ ਰੋਅਬ ਨਾਲ ਰਹੀ। ਸ਼ਾਇਦ ਉਹਦੇ ਸੁਹੱਪਣ ਤੋਂ ਜਿਆਦਾ ਉਹਦੇ ਵਿੱਚ ਆਤਮਵਿਸ਼ਵਾਸ ਭਰਿਆ ਪਿਆ ਸੀ। ਭਾਵੇ ਸਕੂਲ ਨਹੀਂ ਗਈ ਸੀ ਪਰ ਉਹਦੇ ਦਿਮਾਗ ਨੂੰ ਕੋਈ ਮਾਤ ਨਹੀਂ ਦੇ ਸਕਦਾ ਸੀ। ਹਰ ਕੋਈ ਉਹਦੇ ਕੋਲ ਸਲਾਹ ਮੁਸ਼ਵਰਾ ਕਰਨ ਆਉਂਦਾ। 

ਉਹਦੀ ਛੋਟੀ ਕੁੜੀ ਵੀ ਹੁਣ ਬਾਰਾਂ ਸਾਲਾਂ ਦੀ ਹੋ ਗਈ ਸੀ। ਗੁੱਰੀ ਦੇ ਕਾਲੇ ਘੁੰਗਰਾਲੇ ਵਾਲਾ ਵਿੱਚੋਂ ਸਫੈਦੀ ਦਿਖਾਈ ਦੇਣ ਲੱਗ ਪਈ ਸੀ। ਗੁੱਰੀ ਦੇ ਕੱਪੜੇ ਪਹਿਨਣ ਦੇ ਸਟਾਇਲ ਅਤੇ ਬੋਲਣ ਦੇ ਢੰਗ ਨੂੰ ਦੇਖ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਹ ਸਿਰਫ ਪੰਜ ਕਲਾਸਾਂ ਹੀ ਪੜੀ ਹੈ। ਗੁੱਰੀ ਨੂੰ ਆਪਣੀ ਵੱਡੀ ਕੁੜੀ ਤੋਂ ਬਹੁਤ ਆਸਾ ਸਨ ਕਿਉਂਕਿ ਉਹ ਵੀ ਗੁੱਰੀ ਵਾਂਗ ਹੀ ਦਿਮਾਗ ਦੀ ਤੇਜ ਸੀ। ਲੇਕਿਨ ਗੁੱਰੀ ਨੂੰ ਉਸ ਦਿਨ ਬਹੁਤ ਦੁੱਖ ਲੱਗਿਆ ਜਦੋ ਉਹਦੀ ਵੱਡੀ ਕੁੜੀ ਬਾਹਰਵੀਂ ਵਿੱਚੋਂ ਦੋ ਵਾਰ ਫੇਲ੍ਹ ਹੋ ਗਈ। ਉਸ ਦਿਨ ਗੁੱਰੀ ਬਹੁਤ ਰੋਈ ਸੀ। ਸ਼ਾਇਦ ਉਹ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਰੋਈ ਸੀ। ਪਤਾ ਨਹੀਂ ਉਸ ਦਿਨ ਗੁੱਰੀ ਆਪਣੀ ਕੁੜੀ ਦੇ ਫੇਲ੍ਹ ਹੋਣ ਜਾਂ ਫਿਰ ਉਹ ਖੁੱਦ ਸਕੂਲ ਨਹੀਂ ਜਾ ਸਕੀ ਸੀ ਇਸ ਲਈ ਰੋਈ ਸੀ ਪਰ ਰੋਈ ਬਹੁਤ ਸੀ। ਉਹਦੀ ਛੋਟੀ ਕੁੜੀ ਦਾ ਸੁਭਾਵ ਵੱਖਰਾ ਸੀ ਭਾਵੇਂ ਪੜਨ ਵਿੱਚ ਹੁਸ਼ਿਆਰ ਸੀ ਪਰ ਉਹਨੂੰ ਕੁਦਰਤ ਵਿੱਚ ਵਿਚਰਨ ਦਾ ਜਾਂ ਫਿਰ ਸਾਰਾ ਦਿਨ ਖੇਡਣ ਦਾ ਸ਼ੌਕ ਸੀ। ਛੋਟੀ ਕੁੜੀ ਨੇ ਪਤਾ ਨਹੀਂ ਉਹਨੂੰ ਕਿੰਨੀ ਵਾਰੀ ਨਿਰਾਸ਼ ਕੀਤਾ ਸੀ। ਗੁੱਰੀ ਦਾ ਬਹੁਤਾ ਵਕ਼ਤ ਹੱਥ ਵਿੱਚ ਸੋਟੀ ਫੜ ਕੇ ਉਹਨੂੰ ਲੱਭਣ ਵਿੱਚ ਲੱਗ ਜਾਂਦਾ ਸੀ। ਇਸ ਕਰਕੇ ਗੁੱਰੀ ਨੂੰ ਉਹਦੇ ਤੇ ਕੋਈ ਆਸ ਨਹੀਂ ਸੀ। ਜੇ ਪੜਨਾ ਨਹੀਂ ਤਾਂ ਘਰੇ ਬੈਠਣ ਦਾ ਕੀ ਮਤਲੱਬ, ਬੱਸ ਇਹ ਸੋਚ ਗੁੱਰੀ ਨੇ ਆਪਣੀ ਵੱਡੀ ਕੁੜੀ ਦਾ ਛੋਟੀ ਉਮਰੇ ਹੀ ਵਿਆਹ ਕਰ ਦਿੱਤਾ। ਬੱਸ ਇਹਨਾਂ ਹੀ ਕਹਿੰਦੀ ਕਿ ਅੱਧੀ ਕਬੀਲਦਾਰੀ ਕਿਉਂਟੀ ਗਈ। ਇਹਨਾਂ ਚਿਰ ਹੋ ਗਿਆ ਸੀ ਅੱਜ ਤੱਕ ਕਿਸੇ ਨੇ ਗੁੱਰੀ ਨੂੰ ਕੋਈ ਨੈਗੇਟਿਵ ਸੋਚਦੇ ਨਹੀਂ ਦੇਖਿਆ ਸੀ। ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੀ। ਕਦੇ ਕਦੇ ਨਾਮੀ ਰੋਸ ਜਿਹਾ ਕਰਦੀ ਕਿ ਉਹਦੇ ਭਰਾ ਦੇ ਘਰ ਪੁੱਤ ਕਿਉਂ ਨਹੀਂ ਹੋਇਆ। ਗੁੱਰੀ ਉਹਨੂੰ ਉਸੇ ਵਕ਼ਤ ਇਹ ਕਹਿ ਕੇ ਚੁੱਪ ਕਰਵਾ ਦਿੰਦੀ ਕਿ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੁੰਦਾ। 

ਕੋਈ ਵੀ ਦਿਨ ਤਿਹਾਉਰ ਹੁੰਦਾ ਤਾਂ ਪੇਕਿਆਂ ਦਾ ਹਰ ਰੀਤੀ ਰਿਵਾਜ ਉਹਦੀ ਭੂਆ ਭਗਵੰਤ ਕੌਰ ਕਰਦੀ। ਜਦੋਂ ਕਦੇ ਨਾਨਕਿਆਂ ਦਾ ਨਾਮ ਆਉਂਦਾ ਤਾਂ ਉਹ ਕੁੜੀਆਂ ਨੂੰ ਭਗਵੰਤ ਕੌਰ ਕੋਲ ਲੈ ਜਾਂਦੀ। ਛੋਟੀ ਥੋੜਾ ਜਿਹਾ ਸਿਰ ਹਿਲਾ ਕੇ ਪੁੱਛ ਹੀ ਲੈਂਦੀ, “ਬੇਬੇ, ਮੇਰੇ ਨਾਨਕੇ ਮੇਰੀ ਭੂਆ ਦੇ ਪਿੰਡ ਕਿਉਂ ਹਨ ਕਿਤੇ ਤੁਸੀ ਬਾਪੂ ਨਾਲ ਭੱਜ ਕੇ ਤਾਂ ਨਹੀਂ ਵਿਆਹ ਕਰਵਾਇਆ।” ਅੱਗੋਂ ਗੁੱਰੀ ਹੱਸਕੇ ਕਹਿ ਦਿੰਦੀ, “ਆਹੋ, ਦੁਨੀਆਂ ਵਿੱਚ ਹੋਰ ਮੁੰਡਿਆਂ ਦਾ ਕਾਲ਼ ਆਇਆ ਹੋਇਆ ਸੀ, ਮੈਨੂੰ ਹੋਰ ਨਹੀਂ ਲੱਭਿਆ ਸੀ।” ਬੱਸ ਇੰਨੀ ਗੱਲ ਕਰਦੇ ਉਹਨੂੰ ਯਾਦ ਆ ਜਾਂਦਾ ਕਿ ਇੰਨੇ ਸਾਲ ਹੋ ਗਏ ਨੂੰ ਅਜੇ ਤੱਕ ਕੁੜੀਆਂ ਦਾ ਬਾਪੂ ਵਾਪਸ ਨਹੀਂ ਆਇਆ। ਫਿਰ ਛੋਟੀ ਨੂੰ ਆਵਾਜ਼ ਮਾਰ ਕੇ ਕਹਿੰਦੀ ਕਿ ਚਿੱਠੀ ਲਿਖ ਜਾਂ ਫਿਰ ਆਪਣੇ ਚਾਚੇ ਨਾਲ ਜਾ ਕੇ ਫੋਨ ਕਰਕੇ ਆ ਆਪਣੇ ਪਿਉ ਨੂੰ, ਨਾਲ ਹੀ ਮੇਰਾ ਸੁਨੇਹਾ ਵੀ ਦੇ ਆਈ ਕਿ ਜੇ ਨਾ ਆਇਆ ਮੈਂ ਚੱਲੀ ਝੋਲਾ ਚੁੱਕ ਕੇ ਆਪਣੀ ਭੂਆ ਕੋਲ। 

ਗੁੱਰੀ ਆਪਣੇ ਪੇਕਿਆਂ ਦਾ ਰਾਹ ਭੁੱਲ ਚੁੱਕੀ ਸੀ ਅਤੇ ਉਹਦੇ ਭਰਾ ਉਹਨੂੰ ਜਾਣਦੇ ਤੱਕ ਨਹੀਂ ਸਨ। ਹੁਣ ਤੱਕ ਉਹਦਾ ਘਰਵਾਲਾ ਵੀ ਰਿਟਾਇਰ ਹੋ ਕੇ ਪਿੰਡ ਰਹਿਣ ਲੱਗ ਪਿਆ ਸੀ। ਗੁੱਰੀ ਦੀ ਜਿੰਦਗੀ ਵਧੀਆ ਚੱਲ ਰਹੀ ਸੀ। ਇੱਕ ਦਿਨ ਓਹਦਾ ਬਾਪੂ ਵੀ ਰੱਬ ਨੂੰ ਪਿਆਰਾ ਹੋ ਗਿਆ। ਸ਼ਰੀਕਾ ਨੂੰ ਜਿਵੇਂ ਮਸਾਂ ਹੀ ਮੌਕਾ ਮਿਲਿਆ ਸੀ। ਪਤਾ ਨਹੀਂ ਕਿਵੇਂ ਗੁੱਰੀ ਦੀ ਖੋਜ ਕਰਕੇ ਸਵੇਰੇ ਸਵੇਰੇ ਆ ਪਹੁੰਚੇ ਅਤੇ ਬਹੁਤ ਜ਼ੋਰ ਲਾਇਆ ਕਿ ਗੁੱਰੀ ਤੂੰ ਤਾਂ ਭਾਈ  ਅੱਧ ਦੀ ਮਾਲਕਿਨ ਹੈ। ਪੰਜਾਹ ਕਿੱਲੇ ਕੋਈ ਆਮ ਗੱਲ ਨਹੀਂ ਹੈ। ਗੁੱਰੀ ਨੇ ਆਪਣੇ ਘਰਵਾਲੇ ਅਤੇ ਦਿਉਰ ਵੱਲ ਦੇਖਿਆ। ਉਹਨਾਂ ਦੋਵਾਂ ਨੇ ਹੱਥ ਖੜੇ ਕਰ ਦਿੱਤੇ ਕਿ ਭਾਈ ਸਾਨੂੰ ਕੁੱਝ ਨਹੀਂ ਚਾਹੀਦਾ ਇਹ ਤੇਰਾ ਆਪਣਾ ਫੈਸਲਾ ਹੈ। ਗੁੱਰੀ ਉੱਠ ਕੇ ਤਿਆਰ ਹੋਈ ਅਤੇ ਛੋਟੀ ਕੁੜੀ ਨੂੰ ਨਾਲ ਲੈ ਕੇ ਪੇਕੇ ਪਿੰਡ ਨੂੰ ਚੱਲ ਪਈ। ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਇਹ ਰਸਤੇ ਤੇ ਤੁਰੀ ਨੂੰ। ਸਾਰੇ ਰਸਤੇ ਗੁੱਰੀ ਨੇ ਮੂੰਹ ਚੁੰਨੀ ਨਾਲ ਢੱਕ ਰੱਖਿਆ। ਇੱਕ ਵੀ ਸ਼ਬਦ ਨਹੀਂ ਬੋਲੀ। ਬੱਸ ਥੋੜਾ ਜਿਹਾ ਡਰਾਈਵਰ ਨੂੰ ਰਸਤਾ ਦੱਸਦੇ ਹੋਏ ਕਹਿੰਦੀ ਕਿ ਮੈਨੂੰ ਲੱਗਦਾ ਹੈ ਕਿ ਆਹ ਟਿੱਬੇ ਦੇ ਸਾਮਣੇ ਵਾਲਾ ਘਰ ਹੀ ਹੈ। ਪੰਚਾਇਤ ਪਹਿਲਾ ਹੀ ਬੈਠੀ ਸੀ। ਅੰਦਰ ਵੜਦੇ ਸਾਰ ਗੁੱਰੀ ਦੇ ਸ਼ੇਰਾ ਵਰਗੇ ਭਰਾ ਭੱਜ ਕੇ ਭੈਣ ਨੂੰ ਜੱਫੀ ਪਾ ਰੋ ਪਏ ਕਿ ਕਿੱਥੇ ਸੀ ਭੈਣੇ ਤੀਹ ਸਾਲ ਲਾ ਦਿੱਤੇ। ਮਾਵਾਂ ਦੋ ਸਨ ਪਰ ਹੈ ਤਾਂ ਇੱਕੋ ਪਿਓ ਦੀ ਔਲਾਦ। ਦੋਵੇਂ ਭਰਾ ਕਹਿੰਦੇ ਕਿ ਸਾਡੀ ਭੈਣ ਨੂੰ ਉਹਦਾ  ਹੱਕ ਮਿਲਣਾ ਚਾਹੀਦਾ ਹੈ ਅਤੇ  ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਇੱਕੋ ਸ਼ਰਤ ਹੈ ਕਿ ਭੈਣ ਨੂੰ ਸਾਡੇ ਨਾਲ ਵਰਤਣਾ ਪਵੇਗਾ ਗੁੱਰੀ  ਨੇ ਰੌਂਦੇ ਹੋਏ ਕਿਹਾ ਕਿ ਮੈਂ ਲੈਣ ਨਹੀਂ ਦੇਣ ਆਈ। ਪਰ ਜੇ ਮੇਰੇ ਨਾਲ ਵਰਤਣਾ ਤਾਂ ਮੇਰੇ ਨਾਲੋਂ ਪਹਿਲਾਂ ਆਪਣੀ ਭੂਆ ਭਗਵੰਤ ਕੌਰ ਨੂੰ ਲੈ ਕੇ ਆਓ। ਜੇ ਉਹਦੇ ਨਾਲ ਵਰਤੋਂਗੇ ਤਾਂ ਮੈ ਤੁਹਾਡੇ ਨਾਲ ਵਰਤਾਗੀ। ਦੋਹਾਂ ਭਰਾਵਾਂ ਦੇ ਨਾਮ ਜਮੀਨ ਕਰਵਾ ਬਿਨਾ ਚਾਹ ਪੀਤੇ ਗੁੱਰੀ ਛੋਟੀ ਕੁੜੀ ਦੀ ਉਂਗਲ ਫੜ ਘਰ ਨੂੰ ਆ ਗਈ। ਰਾਹ ਵਿੱਚ ਕੁੜੀ ਨੂੰ ਘੁੱਟ ਨਾਲ ਲਾ ਕੇ ਪਿਆਰ ਨਾਲ ਕਹਿੰਦੀ ਕਿ ਪੁੱਤ ਜਮੀਨਾਂ ਨਹੀਂ ਰਿਸ਼ਤੇ ਜਿਆਦਾ ਜਰੂਰੀ ਹੁੰਦੇ ਹਨ। ਪੈਸੇ ਤਾਂ ਹੱਥਾਂ ਦੀ ਖੇਲ ਹੈ। ਉਸ ਦਿਨ ਗੁੱਰੀ ਦੇ ਮੂੰਹ ਜਲਾਲ ਸੀ। ਘਰ ਵੜਦੇ ਸਾਰ ਹੀ ਆਪਣੇ ਘਰਵਾਲੇ ਅਤੇ ਦਿਉਰ ਨੂੰ ਕਹਿੰਦੀ ਕਿ ਬੁਢਿਓਂ ਜੇ ਅੱਜ ਤੋਂ ਬਾਅਦ ਮੈਨੂੰ ਕੁੱਝ ਕਿਹਾ ਤਾਂ ਦੇਖ ਲਿਓ,  ਮੇਰੇ ਭਰਾ ਸ਼ੇਰਾ ਵਰਗੇ ਹਨ ਫਿਰ ਨਹੀਂ ਕਹਿਣਾ ਕੇ ਦੱਸਿਆ ਨਹੀਂ। ਇੰਨਾ ਕਹਿ ਉਹ ਹੱਸ ਪਈ। ਦੋਵੇਂ ਭਰਾਵਾਂ ਨੇ ਵਾਅਦਾ ਪੂਰਾ ਕੀਤਾ। ਪਹਿਲਾਂ ਉਹ ਸੰਧਾਰਾ ਲੈ ਕੇ ਭਗਵੰਤ ਕੌਰ ਕੋਲ ਗਏ ਅਤੇ ਫਿਰ ਗੁੱਰੀ ਕੋਲ ਆਏ। ਸੰਧਾਰਾ ਉਹਨੂੰ ਭੂਆ ਭਗਵੰਤ ਕੌਰ ਜਾਂ ਫਿਰ ਉਹਦੇ ਜਵਾਕ ਹਰ ਸਾਲ ਲੈ ਕੇ ਆਉਂਦੇ ਸੀ ਪਰ ਅਸਲੀ ਸੰਧਾਰਾ ਦੋਹਾਂ ਨੂੰ ਇਸ ਵਾਰ ਹੀ ਮਿਲਿਆ ਸੀ। ਭੂਆ ਭਗਵੰਤ ਕੌਰ ਬਹੁਤੀ ਬਜ਼ੁਰਗ ਹੋ ਚੁਕੀ ਸੀ ਅਤੇ ਸ਼ਾਇਦ ਸੰਧਾਰੇ ਦੇ ਇੰਤਜ਼ਾਰ ਵਿੱਚ ਸੀ ਅਤੇ ਇੱਕ ਦਿਨ ਭੂਆ ਵੀ ਚਲੀ ਗਈ। ਰਹਿੰਦੀ ਜ਼ਿੰਦਗੀ ਗੁੱਰੀ ਦੇ ਭਰਾ ਉਹਦੀ ਢਾਲ ਬਣ ਕੇ ਰਹੇ। ਗੁੱਰੀ ਦਾ ਛੋਟਾ ਭਰਾ ਅਜੇ 40 ਸਾਲਾਂ ਦਾ ਵੀ ਨਹੀਂ ਹੋਇਆ ਕਿ ਇੱਕ ਕਿਡਨੀ ਫੇਲ੍ਹ ਹੋਣ ਕਾਰਨ ਚੱਲ ਵੱਸਿਆ। ਗੁੱਰੀ ਨੇ ਪੂਰਾ ਖਿਆਲ ਰੱਖਿਆ ਕਿ ਉਹਦੀਆਂ ਦੋਵੇਂ ਭਤੀਜਿਆਂ ਪੜ੍ਹਨ। ਕਿਤੇ ਉਹਦੇ ਬਾਪੂ ਵਾਂਗ ਭਰਾ ਵੀ ਕੁੜੀਆਂ ਨੂੰ ਸਕੂਲ ਤੋਂ ਨਾ ਹਟਾ ਲੈਣ। 

ਗੁੱਰੀ ਵਕ਼ਤ ਦੇ ਅੱਗੇ ਢਾਲ ਬਣ ਕੇ ਡੱਟੀ ਰਹੀ। ਕਦੇ ਹੋਂਸਲਾ ਨਾ ਛੱਡਿਆ। ਨਾ ਹੀ ਕੋਈ ਰੋਸ ਸੀ ਅਤੇ ਨਾ ਹੀ ਕੋਈ ਜਿੰਦਗੀ ਦੇ ਨਾਲ ਮਲਾਲ ਸੀ। ਹੁਣ ਉਹ ਆਪਣੀ ਛੋਟੀ ਕੁੜੀ ਨੂੰ ਕਹਿੰਦੀ ਕਿ ਪੁੱਤ ਪੜ ਲੈ। ਚਾਰ ਅੱਖਰ ਤੇਰੇ ਕੰਮ ਆਉਣਗੇ। ਐਵੇ ਕਮਲਿਆ ਵਾਂਗ ਦਰਖ਼ਤਾਂ ਦੇ ਪਿੱਛੇ ਪਈ ਰਹਿੰਦੀ ਹੈ। ਮੇਰਾ ਤਾਂ ਸਰ ਗਿਆ। ਤੇਰਾ ਬਾਪੂ ਚੰਗਾ ਸੀ ਅਤੇ ਤੇਰੀ ਭੂਆ ਅਤੇ ਚਾਚੇ ਨੇ ਵੀ ਮੇਰਾ ਸਾਥ ਦਿੱਤਾ ਹੈ। ਹੁਣ ਅੱਗੇ ਜ਼ਮਾਨਾ ਬਦਲ ਚੁੱਕਿਆ ਹੈ।  ਜਦੋਂ ਵੀ ਨਾਮੀ ਆਉਂਦੀ ਤਾਂ ਬੱਸ ਇਹੀ ਕਹਿੰਦੀ ਕਿ ਮੇਰੇ ਭਰਾਵਾਂ ਦਾ ਘਰ ਤਾਂ ਉਹਨਾਂ ਚਿਰ ਖੁੱਲਾ ਜਿਨ੍ਹਾਂ ਚਿਰ ਮੇਰੀ ਭਰਜਾਈ ਜਿਉਂਦੀ ਹੈ। ਉਮਰ ਦੇ ਹਿਸਾਬ ਨਾਲ ਸੱਭ ਨੇ ਜਾਣਾ ਹੁੰਦਾ ਹੈ ਪਰ ਕਈ ਵਕ਼ਤ ਤੋਂ ਪਹਿਲੇ ਵੀ ਚਲੇ ਜਾਂਦੇ ਹਨ। ਪਹਿਲਾਂ ਨਾਮੀ , ਫਿਰ ਉਹਦਾ ਦਿਓਰ ਅਤੇ ਬਾਅਦ ਵਿੱਚ ਪਤੀ ਵੀ ਚੱਲ ਵੱਸਿਆ। ਹਾਲਤ ਖ਼ਰਾਬ ਹੁੰਦੇ ਦੇਖ ਛੋਟੀ ਕੁੜੀ ਦੀ ਪੜਾਈ ਵਿੱਚੇ ਰੋਕ ਉਹਨੇ ਉਹਨੂੰ ਬਾਹਰਲੇ ਦੇਸ਼ ਭੇਜ ਦਿੱਤਾ। ਵੱਡੇ ਘਰ ਦੀਆ ਉੱਚੀਆਂ ਦੀਵਾਰਾਂ ਵਿੱਚ ਗੁੱਰੀ ਇਕੱਲੀ ਬੈਠੀ ਰਹਿ ਗਈ। ਪਰ ਅਜੇ ਵੀ ਉਹਦੀ ਆਵਾਜ਼ ਵਿੱਚ ਕਹਿਰਾ ਦਾ ਜੋਸ਼ ਸੀ। ਜ਼ਮਾਨੇ ਨਾਲ ਗੁੱਰੀ ਵੀ ਬਦਲ ਗਈ ਸੀ। ਦੇਖ ਕੇ ਕੋਈ ਇਹੀ ਕਹਿੰਦਾ ਸੀ ਕਿ ਜਾਂ ਤਾਂ ਇਹ ਕੋਈ ਰਿਟਾਇਰ ਹੋਈ ਵਕੀਲ ਹੈ ਜਾਂ ਫਿਰ ਹੈੱਡਮਾਸ੍ਟਰਨੀ। ਉਹਦੀਆਂ ਕੁੜੀਆਂ ਤਾਂ ਦੂਰ ਸਨ ਪਰ ਉਹਨੇ ਆਪਣੇ ਘਰ ਦੇ ਦਰਵਾਜ਼ੇ ਹਰ ਇੱਕ ਲਈ ਖੁਲ੍ਹੇ ਛੱਡ ਦਿੱਤੇ ਸਨ। ਇੱਕ ਦਿਨ ਵਰਾਂਡੇ ਵਿੱਚ ਬੈਠੀ ਸੀ ਕਿ ਫੋਨ ਦੀ ਘੰਟੀ ਵੱਜੀ। ਖਬਰ ਕੋਈ ਵਾਲੀ ਚੰਗੀ ਨਹੀਂ ਸੀ। ਉੱਚੀ ਆਵਾਜ਼ ਵਿੱਚ ਡਰਾਈਵਰ ਨੂੰ ਆਵਾਜ਼ ਮਾਰੀ, “ਅਰਜਣ, ਫੋਨ ਡਾਇਲ ਕਰ।  ਅੱਗੇ ਤੋਂ ਜਵਾਈ ਨੇ ਫੋਨ ਚੁੱਕਿਆ ਤਾਂ ਗੁੱਰੀ ਸਿੱਧੀ ਹੋ ਗਈ,”ਸੁਣ ਕਾਕਾ, ਚਾਹੇ ਤੂੰ ਕਿੰਨੇ ਹੀ ਵੱਡੇ ਘਰਦਾ। ਪਰ ਕੰਨ ਖੋਲ੍ਹ ਕੇ ਸੁਣ। ਜੇ ਮੇਰੀ ਕੁੜੀ ਤੇ ਅੱਜ ਤੋਂ ਬਾਅਦ ਹੱਥ ਚੁੱਕਿਆਂ ਤਾਂ ਤੇਰੀ ਪੁੱਤ ਖੈਰ ਨਹੀਂ।” ਅੱਗੇ ਤੋਂ ਜਵਾਈ ਮਾਫ਼ੀ ਮੰਗਦਾ ਫਿਰੇ। ਪਰ ਗੁੱਰੀ ਨੂੰ ਉਹਨਾਂ ਚਿਰ ਟੇਕ ਨਹੀਂ ਆਈ ਜਿਨਾ ਚਿਰ ਉਹ ਖੁੱਦ ਜਾ ਕੇ ਦੇਖ ਕੇ ਨਹੀਂ ਆਈ। ਪਰ ਬਾਹਰਲਾ ਦੇਸ਼ ਉਹਨੂੰ ਬਹੁਤਾ ਚੰਗਾ ਨਹੀਂ ਲੱਗਿਆ। ਛੋਟੀ ਕੁੜੀ ਨੇ ਬਹੁਤ ਕਿਹਾ ਕਿ ਬੇਬੇ ਇੱਥੇ ਰਹਿ ਉੱਥੇ ਵੀ ਤਾਂ ਇਕੱਲੀ ਰਹਿੰਦੀ ਹੈ। ਪਰ ਗੁੱਰੀ ਨੇ ਹੱਸਦੇ ਹੋਏ ਕਿਹਾ ਸ਼ਾਇਦ ਕੁੜੀਏ ਤੈਨੂੰ ਯਾਦ ਨਹੀਂ ਹੈ ਮੈਂ ਤੇਰੇ ਬਾਪੂ ਕੋਲ ਵੀ ਇੰਨਾ ਚਿਰ ਹੀ ਰਹਿੰਦੀ ਸੀ ਅਤੇ ਤੈਨੂੰ ਕੀਹਨੇ ਕਹਿ ਦਿੱਤਾ ਕਿ ਮੈਂ  ਇਕੱਲੀ ਹਾਂ। ਮਹੀਨੇ ਬਾਅਦ ਗੁੱਰੀ ਫਿਰ ਘਰ ਵਾਪਸ ਆ ਗਈ। ਹੁਣ ਉਹਨੂੰ ਗੁੱਰੀ ਕਹਿਣ ਵਾਲਾ ਕੋਈ ਨਹੀਂ ਸੀ। ਜਾਂ ਤਾਂ ਉਹ ਹੁਣ ਸਰਦਾਰਨੀ ਸੀ ਜਾਂ ਫਿਰ ਮਾਤਾ ਜੀ ਸੀ। ਕੋਈ ਨਾਨੀ ਕਹਿੰਦਾ ਸੀ ਤਾਂ ਕੋਈ ਦਾਦੀ ਕਹਿੰਦਾ ਸੀ। 

ਇੱਕ ਦਿਨ ਫਿਰ ਫੋਨ ਦੀ ਘੰਟੀ ਵੱਜੀ। ਦੂਰ ਖੜੇ ਡਰਾਈਵਰ ਨੂੰ ਕਹਿੰਦੀ ਉਏ ਅਰਜਣ ਪੁੱਤ। ਜਾ ਮੇਰਾ ਪੁੱਤ ਬਣ ਕੇ ਦੇਸੀ ਘਿਉ ਦੀ ਬਰਫੀ ਲੈ ਕੇ ਆ। ਅੱਜ ਬਹੁਤ ਦੇਰ ਬਾਅਦ ਗੁੱਰੀ ਫਿਰ ਤੋਂ ਦਿਲੋਂ ਖੁਸ਼ ਦਿਖਾਈ ਦਿੱਤੀ ਸੀ। “ਮੇਰਾ ਖੋਟਾ ਸਿੱਕਾ ਚੱਲ ਗਿਆ।” ਖੁਸ਼ੀ ਨਾਲ ਉਹਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ। ਖੁਸ਼ ਹੁੰਦੀ ਵੀ ਕਿਵੇਂ ਨਾ। ਉਹਦਾ ਬਚਪਨ ਦਾ ਸੁਪਨਾ ਅੱਜ ਸਕਾਰ ਹੋ ਗਿਆ ਸੀ। ਉਹਦੀ ਛੋਟੀ ਕੁੜੀ ਨੇ ਹੱਦ ਮੁਸ਼ਕਲਾਂ ਹੁੰਦੇ ਹੋਏ ਵੀ ਸੱਭ ਤੋਂ ਵੱਡੀ ਡਿਗਰੀ ਲੈ ਲਈ ਸੀ। ਬਹੁਤਾ ਗੁੱਰੀ ਨੂੰ ਪਤਾ ਨਹੀਂ ਸੀ ਪਰ ਸੱਭ ਨੂੰ ਇਹੀ ਕਹਿੰਦੀ ਕਿ ਉਹਦੀ ਕੁੜੀ ਨੇ ਵੱਡੀ ਡਿਗਰੀ ਲੈ ਲਈ ਹੈ। ਸ਼ਾਇਦ ਇੰਨਾ ਤਾਂ ਗੁੱਰੀ ਆਪਣੇ ਵਿਆਹ ਨੂੰ ਖੁਸ਼ ਨਹੀਂ ਹੋਈ ਹੋਣੀ ਜਿੰਨੀ ਉਹ ਉਸ ਦਿਨ ਖੁਸ਼ ਸੀ। 

ਉਹ ਦਿਨ ਵੀ ਆ ਗਿਆ ਜਦੋਂ ਗੁੱਰੀ ਦੇ ਜਾਣ ਦਾ ਵਕ਼ਤ ਗਿਆ। 64 ਸਾਲ ਦੀ ਉਮਰ ਵਿੱਚ ਉਹਨੇ ਜਿੰਦਗੀ ਦੇ ਹਰ ਮੌਸਮ ਨੂੰ ਦੇਖ ਲਿਆ ਸੀ ਅਤੇ ਜਿਹਦਾ ਉਹਨੇ ਡੱਟ ਕੇ ਮੁਕਾਬਲਾ ਕੀਤਾ ਸੀ। ਪੇਕਿਆਂ ਵੱਲੋ ਵੀ ਸੁੱਖੀ ਸੀ ਅਤੇ ਸੋਹਰਿਆਂ ਵੱਲੋਂ ਵੀ। ਡਾਕਟਰੀ ਇਲਾਜ਼ ਨੂੰ ਵੀ ਜਵਾਬ ਦੇ ਦਿੱਤਾ ਪਰ ਨਾ ਤਾਂ ਭਤੀਜਾ ਟਲੇ ਨਾ ਹੀ ਹੀ ਵੱਡੀ ਕੁੜੀ। ਗੁੱਰੀ ਹੌਲੀ ਜਿਹੀ ਡਾਕਟਰ ਨੂੰ ਕਹਿੰਦੀ ਕਿ ਮੈਂ ਸਾਰੀ ਜਿੰਦਗੀ ਸ਼ਾਨ ਨਾਲ ਕੱਢੀ। ਮੈਨੂੰ ਆਹ ਟੂਟੀਆਂ ਨਾਲੀਆਂ ਚੰਗੀਆਂ ਨਹੀਂ ਲੱਗਦੀਆਂ।ਮੇਰੇ ਘਰਦੇ ਤਾ ਇਹੀ ਸੋਚ ਵਿੱਚ ਬੈਠੇ ਨੇ ਕਿ ਲੋਕ ਕੀ ਕਹਿਣਗੇ ਕਿ ਬੇਬੇ ਦਾ ਇਲਾਜ਼ ਨਹੀਂ ਕਰਾਇਆ।  ਮੇਰੀ ਛੋਟੀ ਕੁੜੀ ਨੂੰ ਸੁਨੇਹਾ ਲਿਖ ਕੇ ਭੇਜ ਆ ਜਿਹੜੀ ਕੋਈ ਨਵੀ ਚਿੱਠੀ ਭੇਜ ਦੇ ਅੱਜਕਲ ਕੰਪਊਟਰ ਰਾਹੀਂ। ਸੁਣਿਆ ਕਹਿੰਦੇ ਦੋ ਸੈਕੰਡ ਵਿੱਚ ਪਹੁੰਚ ਜਾਂਦੀ। ਇੰਨੇ ਕਹਿੰਦੇ ਸਾਰ ਆਪਣੇ ਪਰਸ ਵਿੱਚੋਂ ਕੱਢ ਕੇ ਪਰਚੀ ਡਾਕਟਰ ਨੂੰ ਦੇ ਦਿੱਤੀ। ਛੋਟੀ ਧੀ ਚਿੱਠੀ ਮਿਲਦੇ ਸਾਰ ਮਾਂ ਕੋਲ ਪਹੁੰਚ ਗਈ। ਉਹਦਾ ਹੱਥ ਫੜ ਗੁੱਰੀ ਕਹਿੰਦੀ, “ਪੁੱਤ ਮੈਨੂੰ ਮਾਫ ਕਰ ਦੇਵੀ ਜੇ ਮੇਰੇ ਕੋਲੋਂ ਕੋਈ ਗ਼ਲਤੀ ਹੋ ਗਈ ਹੋਵੇ। ਪਰ ਮੈਨੂੰ ਤੇਰੇ ਤੇ ਬਹੁਤ ਮਾਣ ਹੈ। ਮੈਂ ਸ਼ਾਨ ਨਾਲ ਮਰਨਾ ਚਾਹੁੰਦੀ। ਤੇਰਾ ਬਾਪੂ ਕਦੋਂ ਦਾ ਉਡੀਕਦਾ ਹੋਣਾ। ਪਤਾ ਨਹੀਂ ਉਹਨੇ ਰੋਟੀ ਖਾਧੀ ਹੋਣੀ ਕੇ ਨਹੀਂ। ਪਤਾ ਨਹੀਂ ਬੇਸੁਰਤੀ ਵਿੱਚ ਗੁੱਰੀ ਕੀ ਬੋਲੀ ਜਾਂਦੀ ਸੀ। ਫਿਰ ਹੌਲੇ ਜਿਹੀ ਕਹਿਦੀ ਪੁੱਤ ਮੇਰਾ ਦਿੱਲ ਕਰਦਾ ਆਪਣੇ ਆਖਰੀ ਸਾਹ ਘਰ ਵਿੱਚ ਹੀ ਲਵਾ। ਉਸੇ ਘਰ ਵਿੱਚ ਮੈਂ ਸਾਰੀ ਜਿੰਦਗੀ ਕੱਢ ਦਿੱਤੀ। ਮਰਣ ਵੇਲੇ ਹਸਪਤਾਲ ਲੈ ਆਏ। ਕੁੜੀ ਉਸੇ ਵਕ਼ਤ ਗੁੱਰੀ ਨੂੰ ਘਰੇ ਲੈ ਆਈ। ਦੋਹਾਂ ਕੁੜੀਆਂ ਨੇ ਮਿਲਕੇ ਉਹਨੂੰ ਨਵਾਕੇ ਜਿਹੜੇ ਕਮਰੇ ਵਿੱਚ ਗੁੱਰੀ ਸੌਂਦੀ ਹੁੰਦੀ ਸੀ ਉੱਥੇ ਲਿਆ ਕੇ ਪਾ ਦਿੱਤਾ। ਬਾਹਰ ਵਹਿੜੇ ਵਿੱਚ ਖੜ੍ਹਨ ਨੂੰ ਥਾਂ ਨਹੀਂ ਮਿਲਦੀ ਸੀ। ਗੁੱਰੀ ਦੀ ਅਸਲੀ  ਕਮਾਈ ਤਾਂ ਅੱਜ ਦੇਖਣ ਨੂੰ ਮਿਲੀ ਸੀ। ਬਾਹਰਲੇ ਦੇਸ਼ਾ ਵਿੱਚ ਬੈਠੇ ਉਹਦੇ ਜਾਂ ਉਹਦੇ ਘਰਵਾਲੇ ਦੇ ਰਿਸ਼ਤੇਦਾਰ ਖ਼ਬਰ ਸੁਣਦੇ ਸਾਰ ਹੀ ਪਿੰਡ ਨੂੰ ਚੱਲ ਪਏ ਸੀ ਅਤੇ ਬਾਹਰ ਸਿਰ ਸੁੱਟੀ ਬੈਠੇ ਸੀ। ਵੱਡੀ ਕੁੜੀ ਦਾ ਹੱਥ ਫੜ ਕੇ ਕਹਿੰਦੀ ਕਿ ਮੇਰੇ ਜਾਣ ਤੋਂ ਬਾਅਦ ਛੋਟੀ ਦੀ ਭੈਣ ਨਹੀਂ ਬਲਕਿ ਮਾਂ ਬਣ ਕੇ ਉਹਦੇ ਨਾਲ ਖੜੀ ਅਤੇ ਛੋਟੀ ਨੂੰ ਕਹਿੰਦੀ ਆਪਣੀ ਵੱਡੀ ਭੈਣ ਨੂੰ ਕਦੇ ਇਹ ਅਹਿਸਾਸ ਨਾ ਹੋਣ ਦੇਵੀ ਕਿ ਉਹਦੇ ਕੋਈ ਭਰਾ ਨਹੀਂ ਹੈ। ਚਾਹੇ ਤੈਨੂੰ ਕੁੱਝ ਵੀ ਕਹੇ ਤੂੰ ਉਹਦਾ ਸਾਥ ਨਹੀਂ ਛੱਡਣਾ। ਬਾਕੀ ਤੁਸੀ ਖੁਦ ਸਮਝਦਾਰ ਹੋ। ਗੁੱਰੀ ਦੀ ਭੂਆ ਭਗਵੰਤ ਕੌਰ ਦੇ ਦੋਵੇਂ ਪੁੱਤ ਅਤੇ ਧੀਆਂ ਵੀ ਆਪਣੇ ਜਵਾਕਾਂ ਨਾਲ ਪਹੁੰਚੇ ਹੋਏ ਸਨ। ਨਾਮੀ ਦੀਆ ਕੁੜੀਆਂ ਨੇ ਇੱਕ ਮਹੀਨੇ ਤੋਂ ਗੁੱਰੀ ਦਾ ਪਾਵਾ ਨਹੀਂ ਛੱਡਿਆ ਸੀ। ਵਾਰ ਵਾਰ ਇਹੀ ਕਹੀ ਜਾਂਦੀਆ ਸਨ ਕਿ ਸਾਡੇ ਨਾਨਕੇ ਤਾਂ ਮਾਮੀ ਨਾਲ ਹੀ ਹਨ। ਅੰਤਾਂ ਦੀ ਪੈਂਦੀ ਗਰਮੀ ਦੀ ਸ਼ਾਮ ਨੂੰ ਚਾਰ ਵਜੇ ਗੁੱਰੀ ਦੇ ਸਰੀਰ ਵਿੱਚੋਂ ਭੌਰ ਉਡਾਰੀ ਮਾਰ ਗਿਆ। ਸਾਫ ਸਫਾਈ ਨਾਲ ਰਹਿਣ ਵਾਲੀ ਗੁੱਰੀ ਜਿਹਨੂੰ ਸੋਹਣੇ ਕੱਪੜੇ ਅਤੇ ਜੁੱਤੀਆਂ ਪਹਿਨਣ ਦਾ ਸ਼ੌਕ ਸੀ ਸਾਰਿਆ ਨੇ ਉਸਦਾ ਧਿਆਨ ਰੱਖਿਆ। ਉਹਦੇ ਚੁੰਨੀ ਲੈਣ ਦਾ ਵੀ ਆਪਣਾ ਇੱਕ ਅਲੱਗ ਜਿਹਾ ਢੰਗ ਸੀ ਉਹ ਆਪਣੇ ਵਾਲਾ ਨੂੰ ਹਮੇਸ਼ਾਂ ਢੱਕ ਰੱਖਦੀ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਗੁੱਰੀ ਦੇ ਵਾਲ ਘੁੰਗਰਾਲੇ ਸਨ। ਗੁੱਰੀ ਕਹਿੰਦੀ ਸੀ ਮੇਰੇ ਮਰਣ ਤੇ ਰੋਣਾ ਨਹੀਂ ਹੈ। ਮੈਂ ਸੁੱਖ ਨਾਲ ਦੋਹਤਿਆਂ ਅਤੇ ਦੋਹਤੀਆਂ ਵਾਲੀ ਹੋ ਕੇ ਮਰਨ ਲੱਗੀ ਹਾਂ ਕਿਸੇ ਨੇ ਰੋ ਰੋ ਕੇ ਖੇਖਣ ਨਹੀਂ ਕਰਨੇ। ਮਰਦੇ ਵਕ਼ਤ ਉਹਦੀ ਆਵਾਜ਼ ਵਿੱਚ ਉਹੀ ਦਮ ਸੀ ਅਤੇ ਉਹੀ ਰੋਅਬ ਸੀ ਜਿਹਦਾ ਸਾਰਿਆਂ ਨੇ ਪਾਲਣ ਕੀਤਾ ਸੀ। 

ਹੁਣ ਗੁਰੀ ਨੂੰ ਸੁਰਗਵਾਸ ਹੋਇਆ ਬਹੁਤ ਵਕ਼ਤ ਹੋ ਚੁੱਕਾ ਹੈ ਪਰ ਉਹਦੀ ਚਰਚਾ ਉਹਦੇ ਪਰਿਵਾਰ ਵਿੱਚ ਹੁਣ ਵੀ ਹੁੰਦੀ ਹੈ। ਜਦੋਂ ਵੀ ਸਾਰੇ ਇਕੱਠੇ ਹੁੰਦੇ ਹਨ ਤਾਂ ਕੋਈ ਕਹਿ ਦਿੰਦਾ ਹੈ ਕਿ ਨਾਨੀ ਬਹੁਤ ਪਿਆਰ ਕਰਦੀ ਹੁੰਦੀ ਸੀ। ਕੋਈ ਕਹਿੰਦਾ ਕਿ ਦਾਦੀ ਮਾਂ ਮੋਢਿਆਂ ਤੇ ਬਿਠਾ ਕੇ ਗੇੜਾ ਦਿੰਦੀ ਹੁੰਦੀ ਸੀ। ਉਹਦੀ ਭਤੀਜੀ ਕਹਿ ਦਿੰਦੀ ਕਿ ਭੂਆ ਦੇ ਪੈਰੋਂ ਪੜ ਕੇ ਇਥੇ ਤੱਕ ਪਹੁੰਚ ਗਏ ਨਹੀਂ ਤਾ ਪਤਾ ਨਹੀਂ ਸਾਡੇ ਘਰ ਦੇ ਪੜਨ ਦਿੰਦੇ ਜਾਂ ਨਾ ਦਿੰਦੇ। ਭਤੀਜਾ ਕਹਿ ਦਿੰਦਾ ਕਿ ਭੂਆ ਪਰੌਂਠੇ ਬਹੁਤ ਵਧੀਆ ਬਨਾਉਂਦੀ ਸੀ। ਉਹਦਾ ਵੱਡਾ ਜਵਾਈ ਕਹਿ ਦਿੰਦਾ ਕਿ ਬੀਬੀ ਅਰਗਾ ਕੋਈ ਅਚਾਰ ਨਹੀਂ ਬਣਾ ਸਕਦਾ। ਨਾਮੀ ਦੀਆ ਕੁੜੀਆਂ ਵੀ ਆਪਣੇ ਜੁਵਾਕਾਂ ਕੋਲ ਬਾਹਰ ਪਹੁੰਚ ਗਈਆਂ ਹਨ ਉਹਨਾ ਨੂੰ ਅਜੇ ਵੀ ਰੋਸ ਹੈ ਕਿ ਮਾਮੀ ਦੇ ਬਾਅਦ ਨਾਨਕੇ ਖਤਮ ਹੋ ਗਏ। ਉਹਦੀ ਵੱਡੀ ਕੁੜੀ ਆਪਣੇ ਜਵਾਕਾਂ ਤੇ ਰੋਅਬ ਪਾਉਂਣ ਲਈ ਹਮੇਸ਼ਾ ਹੀ ਕਹਿ ਦਿੰਦੀ ਹੈ, “ਐਵੇਂ ਨਾ ਜਾਣਉਣੇ ਮੈਨੂੰ, ਮੈਂ ਵੀ ਗੁੱਰੀ ਦੀ ਕੁੜੀ ਹਾਂ”  ਕੋਈ ਉਹਦੀ ਸਫਾਈ ਦੀ ਦਾਦ ਦਿੰਦਾ ਹੈ ਅਤੇ ਕੋਈ ਉਹਦੇ ਰਹਿਣ ਸਹਿਣ ਦੇ ਢੰਗ ਨੂੰ। ਕੋਈ ਉਹਦੀ ਸਾਹਸ ਦੀ ਤਾਰੀਫ ਕਰਦਾ। ਅਚਾਨਕ ਉਹਦੀ ਛੋਟੀ ਕੁੜੀ ਨੇ ਕਿਹਾ, “ਬੇਬੇ ਦਾ ਇੱਕ ਸੁਪਨਾ ਤਾਂ ਅਧੂਰਾ ਹੀ ਰਹਿ ਗਿਆ.” ਸਾਰਿਆਂ ਨੇ ਗੁੱਰੀ ਦੇ ਖੋਟੇ ਸਿੱਕੇ ਵੱਲ ਇਸ ਤਰਾਂ ਦੇਖਿਆ ਜਿਵੇਂ ਉਹਨੇ ਕੋਈ ਬੰਬ ਸੁੱਟਿਆ ਹੋਵੇ। ਉਹ ਹੱਸ ਕੇ ਬੋਲੀ,” ਬੇਬੇ ਦੀ ਬਹੁਤ ਖੁਵਾਇਸ਼ ਸੀ ਮੈਨੂੰ ਡੰਡੇ ਨਾਲ ਕੁੱਟਣ ਦੀ। ਪਰ ਉਹ ਅਰਮਾਨ ਦਿੱਲ ਵਿੱਚ ਹੀ ਲੈ ਕੇ ਚਲੀ ਗਈ। ਮੈਨੂੰ ਤਾਂ ਉਹਦਾ ਡੰਡਾ ਬਹੁਤ ਯਾਦ ਆਉਂਦਾ ਹੈ।” ਵੱਡੀ ਭੈਣ ਨੇ ਛੋਟੀ ਦੇ ਮੋਢੇ ਤੇ ਹੱਥ ਰੱਖਦਿਆਂ ਹੋਇਆ ਕਿਹਾ,”ਜਿਸ ਦਿਨ ਡਿਗਰੀ ਲੈ ਕੇ ਤੂੰ ਉਹਦਾ ਸੁਪਨਾ ਪੂਰਾ ਕਰ ਦਿੱਤਾ ਸੀ ਉਸ ਦਿਨ ਉਹਨੇ ਉਹ ਡੰਡਾ ਤੋੜ ਕੇ ਮੇਰੇ ਸਾਮਣੇ ਚੁੱਲੇ ਵਿੱਚ ਜਾਲ ਦਿੱਤਾ ਸੀ ਕਿ ਇਹਦੀ ਹੁਣ ਲੋੜ ਨਹੀਂ ਰਹੀ। ਨਹੀਂ ਤਾਂ ਮੈਂ ਉਹੀ ਡੰਡਾ ਜਾ ਕੇ ਲੈ ਆਉਂਦੀ। ਬੇਬੇ ਦੇ ਸੁਪਨੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੇਰੇ ਡੰਡੇ ਖਾਣ ਵਾਲਾ ਸੁਪਨਾ ਮੈ ਜਰੂਰ ਪੂਰਾ ਕਰ ਦਿੰਦੀ।” 

ਪਰਿਵਾਰ ਦੇ ਹਰ ਦੁੱਖ ਸੁਖ ਦੇ ਹੋਏ ਇਕੱਠ ਵਿੱਚ ਗੁੱਰੀ ਦਾ ਜ਼ਿਕਰ ਅੱਜ ਵੀ ਹੁੰਦਾ ਹੈ ਅਤੇ ਹਮੇਸ਼ਾ ਹੁੰਦਾ ਵੀ ਰਹੇਗਾ। ਵੱਡੀ ਕੁੜੀ ਨੇ ਹੋਰ ਭਾਵੇਂ  ਕਿਸੇ ਗੱਲ ਵੱਲ ਧਿਆਨ ਦਿੱਤਾ ਹੋਵੇ ਜਾਂ ਨਾ ਪਰ ਉਹਨੇ ਆਪਣੇ ਸਾਰੇ ਜਵਾਕਾ ਨੂੰ ਬਹੁਤ ਪੜ੍ਹਾਇਆ ਲਿਖਾਇਆ ਜਿਵੇਂ ਬੇਬੇ ਨੂੰ ਸਰਧਜਾਂਲੀ ਦਿੱਤੀ ਹੋਵੇ।

Leave a comment