
ਉਦਾਸ ਜਿਹੀ ਹੋਈ ਨੇ ਸਿਰ ਹੇਠਾਂ ਨੂੰ ਕਰ ਲਿਆ। ਉਹਦੀ ਜੁਬਾਨ ਦਿਨੋਂ ਦਿਨ ਖਾਮੋਸ਼ ਹੁੰਦੀ ਜਾ ਰਹੀ ਹੈ ਲੇਕਿਨ ਮਨ ਦੀ ਭਾਵਨਾ ਉਹਦੇ ਸ਼ਬਦਾਂ ਰਾਹੀਂ ਇੱਕ ਵਰਕੇ ਤੇ ਛੱਪਦੀ ਜਾ ਰਹੀ ਹੈ। ਲਿਖਿਆ ਬਹੁਤ ਗਿਆ ਪਰ ਪੜ ਕੇ ਉਹਦੇ ਅਰਥ ਦੱਸਣ ਵਾਲਾ ਕੋਈ ਨਹੀਂ ਰਿਹਾ। ਜੇ ਸ਼ਬਦਾਂ ਦੇ ਅਰਥ ਕੋਈ ਸਮਝ ਨਹੀਂ ਸਕਿਆ ਤਾਂ ਫਿਰ ਉਹਦੇ ਦਿਲ ਦੀ ਹਾਲਤ ਕੌਣ ਸਮਝ ਸਕਦਾ ਹੈ। ਸ਼ਾਇਦ ਉਹਨੂੰ ਖੁਦ ਨਹੀਂ ਪਤਾ ਹੈ ਕਿ ਉਹ ਕੌਣ ਹੈ ਅਤੇ ਉਹਦਾ ਕੌਣ ਹੈ। ਇਸੇ ਦੋ ਸਵਾਲਾਂ ਨੂੰ ਲੱਭਦੀ ਹੋਈ ਦੀ ਜ਼ਿੰਦਗੀ ਗੁੱਜਰ ਗਈ ਅਤੇ ਉਹਨੇ ਖੁਦ ਵੀ ਵਾਹਿਗੁਰੂ ਦਾ ਭਾਣਾ ਮੰਨ ਸਵੀਕਾਰ ਕਰ ਲਿਆ। ਸਾਰੇ ਉਹਦੇ ਅਰਮਾਨ ਵੀ ਅਧੂਰੇ ਜਿਹੇ ਰਹਿ ਗਏ। ਬਾਕੀਆਂ ਔਰਤਾਂ ਨੂੰ ਸੱਜਦਾ ਸਵਰਦਾ ਦੇਖ ਹੋ ਉਹ ਵੀ ਇਸ ਉੱਮੀਦ ਨਾਲ ਖਰੀਦ ਕੇ ਰੱਖ ਲੈਂਦੀ ਕਿ ਜਦੋਂ ਵੀ ਉਹ ਆਇਆ ਉਹਨੂੰ ਸੱਜ ਸਵਰ ਕੇ ਦਿਖਾਇਆ ਕਰੂੰਗੀ ਪਰ ਸ਼ਾਇਦ ਉਹਦਾ ਇਹ ਸੁਪਨਾ ਹੀ ਬਣ ਕੇ ਰਹਿ ਗਿਆ ਅਤੇ ਉਹਦੇ ਕੰਨਾਂ ਦੇ ਝੁੱਮਕੇ, ਰੰਗ ਬਰੰਗੀਆਂ ਚੂੜੀਆਂ ਅਤੇ ਚੜਦੇ ਤੋਂ ਚੜਦੇ designer ਸੂਟ ਬੱਸ ਇੱਕ ਅਲਮਾਰੀ ਦੀ ਸ਼ਾਨ ਬਣਕੇ ਉਹਦੇ ਅਰਮਾਨਾਂ ਵਾਂਗ ਹੀ ਬੰਦ ਪਏ ਰਹਿ ਗਏ। ਦੂਰ ਤੋਂ ਉਮੀਦ ਦੀ ਚਮਕਦੀ ਕਿਰਨ ਦਿਨੋ ਦਿਨ ਧੁੰਦਲੀ ਪੈਂਦੀ ਗਈ। ਅਲਮਾਰੀ ਨੂੰ ਖੋਲ੍ਹਕੇ ਉਹ ਕਾਫੀ ਦੇਰ ਕੱਪੜਿਆਂ ਨੂੰ ਦੇਖ ਕੇ ਘੂਰਦੀ ਰਹੀ ਜਿਵੇਂ ਸੋਚ ਰਹੀ ਹੋਵੇ ਕਿ ਸ਼ਾਇਦ ਇਹ ਵੰਨ ਸਵੰਨੇ ਅਤੇ ਰੰਗ ਬਰੰਗੇ ਕੱਪੜਿਆਂ ਦਾ ਉਹਦੀ ਜਿੰਦਗੀ ਨੂੰ ਬੇਰੰਗ ਬਣਾਉਣ ਵਿੱਚ ਕੋਈ ਵੱਡਾ ਯੋਗਦਾਨ ਹੋਵੇ। ਇਹ ਸੋਚਦੇ ਹੀ ਉਹਨੇ ਪਹਿਲਾਂ ਤਾਂ ਸਾਰਾ ਸਮਾਨ ਅਲਵਾਰੀ ਵਿੱਚੋਂ ਕੱਢ ਕੇ ਡੱਬਿਆਂ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਅਤੇ ਮਨ ਵਿੱਚ ਸੋਚਣ ਲੱਗੀ, “ਕਿਸੇ ਗਰੀਬ ਦੇ ਕੰਮ ਆਉਣਗੇ, ਇਹਨਾਂ ਨੂੰ ਵਾਪਸ ਹੀ ਭੇਜ ਦਿੰਦੀ ਹਾਂ।” ਫਿਰ ਅਚਾਨਕ ਉਹਦੇ ਹੱਥ ਕੰਬ ਗਏ ਅਤੇ ਉਹਨੇ ਫਿਰ ਤੋਂ ਕੱਪੜੇ ਵਾਪਸ ਅਲਮਾਰੀ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ, “ਇੰਨਾ ਨੂੰ ਪਹਿਨ ਕੇ ਕੋਈ ਹੋਰ ਕਿਤੇ ਮੇਰੇ ਵਾਂਗ ਹੀ ਬਦਨਸੀਬ ਅਤੇ ਅਧੂਰਾ ਨਾ ਰਹਿ ਜਾਵੇ। ਮੇਰੇ ਕਰਮਾ ਦਾ ਫਲ ਕਦੇ ਕਿਸੇ ਹੋਰ ਕੋਲ ਨਾ ਚਲਿਆ ਜਾਵੇ। ਚੰਗੇ ਕਰਮ ਹੋਣ ਤਾ ਵੰਡ ਵੀ ਦਿੰਦੀ।” ਬੱਸ ਇਹੀ ਸੋਚ ਕੇ ਉਹ ਵਾਪਸ ਖਿੜਕੀ ਦੇ ਕੋਲ ਆ ਬੈਠੀ। ਉਦਾਸ ਸੀ ਪਰ ਅੱਖਾਂ ਵਿੱਚ ਕੋਈ ਹੰਝੂ ਬਾਕੀ ਨਹੀਂ ਰਹੇ ਸਨ। ਬਹੁਤ ਹੰਝੂ ਕਿਰੇ ਸਨ ਇਹਨਾਂ ਅੱਖਾਂ ਵਿਚੋਂ। ਰੌਂਦੀ ਦੀਆ ਬਹੁਤ ਚੀਕਾਂ ਨਿਕਲੀਆਂ ਸਨ। ਪਰ ਨਾ ਹੀ ਉਹਦੀਆਂ ਚੀਕਾਂ ਨੂੰ ਕੋਈ ਸੁਣ ਸਕਿਆ ਅਤੇ ਨਾ ਹੀ ਕੋਈ ਉਹਦੇ ਨਹਿਰ ਦੇ ਪਾਣੀ ਵਾਂਗ ਡਿੱਗ ਰਹੇ ਹੰਝੂ ਹੀ ਦੇਖ ਸਕਿਆ ਸੀ। ਉਮੀਦ ਕਾਇਮ ਰਹੀ ਸੀ ਲੇਕਿਨ ਹੰਝੂ ਵਕ਼ਤ ਤੋਂ ਪਹਿਲਾਂ ਹੀ ਸੁੱਕ ਗਏ ਸਨ ਜਿਵੇਂ ਕਹਿ ਰਹੇ ਹੋਣ, “ਸਾਡੀ ਨਹਿਰ ਦੀ ਜਲਦੀ ਰਫਤਾਰ ਤੇਰੇ ਅੰਦਰ ਚੱਲ ਦਰਦ ਦੇ ਤੂਫ਼ਾਨਾਂ ਤੋਂ ਕਿਤੇ ਧੀਮੀ ਹੈ ਇਸ ਲਈ ਅਸੀਂ ਤੇਰਾ ਮੁਕਾਬਲਾ ਨਹੀਂ ਕਰ ਸਕਦੇ।” ਹੰਝੂ ਵੀ ਕਮਬਖ਼ਤ ਲੋਕਾਂ ਵਾਂਗ ਵਿੱਚ ਵਿਚਾਲੇ ਹੀ ਸਾਥ ਛੱਡ ਕੇ ਭੱਜ ਗਏ।
ਬੇਗਾਨੇ ਮੁਲਕ ਵਿੱਚ ਰਹਿੰਦਿਆਂ ਉਹਨੂੰ ਆਪਣੀ ਪਹਿਚਾਣ ਵੀ ਭੁੱਲ ਗਈ ਸੀ। ਰੱਬ ਵੀ ਉਹਦੇ ਤੋਂ ਨਿਰਾਸ਼ ਜਿਹਾ ਹੋਇਆ ਲੱਗਦਾ ਸੀ। ਇਨਸਾਨੀਅਤ ਉਹਦਾ ਧਰਮ ਹੈ ਫਿਰ ਕਿਹੜੇ ਧਰਮ ਦਾ ਬਾਬਾ ਆ ਕੇ ਉਹਨੂੰ ਸਮਝਾਉਂਦਾ ਕਿ ਪੁੱਤ ਨਿਰਾਸ਼ ਨਾ ਹੋ। ਜਿੱਥੇ ਵੀ ਉਹਨੂੰ ਕੋਈ ਧਾਰਮਿਕ ਜਗਾ ਦਿਸਦੀ ਉਹ ਉੱਥੇ ਹੀ ਬੈਠ ਕੇ ਆਪਣੇ ਬਾਬੇ ਨਾਨਕ ਨੂੰ ਯਾਦ ਕਰ ਲੈਂਦੀ। ਕਦੇ ਰੌਂਦੇ ਹੋਏ ਅਤੇ ਕਿਤੇ ਗੁੱਸੇ ਵਿੱਚ ਆਕੇ ਬਾਬੇ ਨਾਨਕ ਨੂੰ ਪੁਕਾਰਦੀ ਕਿ ਬਾਬਾ ਜੀ ਤੁਹਾਡੀ ਧੀ ਨੂੰ ਤੁਹਾਡੀ ਜਰੂਰਤ ਹੈ ਅਤੇ ਬਾਬਾ ਨਾਨਕ ਵੀ ਉਹਦੀ ਸ਼ਰਧਾ ਅਤੇ ਭੋਲੇਪਨ ਨੂੰ ਦੇਖ ਥੋੜੀ ਦੇਰ ਲਈ ਉਹਨੂੰ ਇੱਕ ਵਾਰ ਫਿਰ ਤੋਂ ਖੁਸ਼ ਅਤੇ ਜਿਉਣ ਦਾ ਦਰਵਾਜ਼ਾ ਖੋਲ ਦਿੰਦਾ। ਪਰ ਜਿਹੜਾ ਦਰਵਾਜ਼ਾ ਉਹ ਖੋਲ੍ਹਣਾ ਚਾਹੁੰਦੀ ਸੀ ਉਹਨੂੰ ਕੋਈ ਹੋਰ ਖੁਲਣ ਵੀ ਨਹੀਂ ਦਿੰਦਾ ਸੀ। ਇੱਕ ਵੱਡੇ ਦਰਵਾਜੇ ਦੇ ਪਿੱਛੇ ਉਹਦੀ ਖੁਸ਼ੀ ਬੰਦ ਪਈ ਸੀ। ਲੇਕਿਨ ਦਰਵਾਜ਼ਾ ਕਿਵੇਂ ਖੁੱਲਦਾ ਕਿਉਂਕਿ ਦਰਵਾਜੇ ਪਿੱਛੇ ਛੁੱਪੀ ਉਹਦੀ ਖੁਸ਼ੀ ਵੀ ਉਹਨੂੰ ਪਹਿਚਾਣ ਨਹੀਂ ਸਕੀ ਸੀ। ਵੱਡੇ ਦਰਵਾਜ਼ੇ ਨੂੰ ਪਾਰ ਕਰਨ ਲਈ ਪਤਾ ਨਹੀਂ ਕਿੰਨੇ ਛੋਟੇ ਛੋਟੇ ਦਰਵਾਜੇ ਉਹਨੇ ਪਾਰ ਕੀਤੇ ਸਨ ਉਹਨਾਂ ਨੂੰ ਖੋਲਣ ਲਈ ਹੀ ਉਹਨੂੰ ਇੱਕ ਅਰਸਾ ਨਿਕਲ ਗਿਆ। ਫਿਰ ਉਹਦੇ ਦਿਲ ਦੇ ਦਰਵਾਜ਼ੇ ਦੀ ਖਿੜਕੀ ਉਹ ਕਿਵੇਂ ਖੋਲ ਸਕਦੀ ਸੀ। “ਮੈਂ ਤਾਂ ਐਵੇ ਹੀ ਸੋਚਦੀ ਰਹਿੰਦੀ ਹਾਂ। ਪਤਾ ਨਹੀਂ ਕਿੰਨੀ ਵਾਰੀ ਉਹਦੇ ਦਿਲ ਦੀ ਖਿੜਕੀ ਖੁਲ੍ਹ ਕੇ ਪਤਾ ਨਹੀਂ ਕਿੰਨੇ ਕੁ ਦਰਦ ਨਾਲ ਬੰਦ ਹੋਈ ਹੋਣੀ ਹੈ।” ਇਹ ਸੋਚਦਿਆਂ ਉਹਨੇ ਆਪਣੇ ਹਾਰ ਸ਼ਿੰਗਾਰ ਦਾ ਸਮਾਨ ਅਤੇ ਕੱਪੜੇ ਅਲਮਾਰੀ ਵਿੱਚ ਰੱਖਕੇ ਫਿਰ ਤੋਂ ਜਿੰਦਰਾ ਮਾਰ ਦਿੱਤਾ। ਉਹਨਾਂ ਦੇ ਵਿੱਚਕਾਰ ਹੀ ਆਪਣਾ ਪਾਸਪੋਰਟ ਰੱਖ ਦਿੱਤਾ, “ਜਿੱਥੇ ਗਏ ਬਾਜ਼ਾਰ ਉੱਥੇ ਹੀ ਗਏ ਬਾਣੀਏ।” ਉਹ ਮੁਲਕ ਦਾ ਰਸਤਾ ਪੁੱਛ ਕੇ ਕੀ ਕਰਨਾ ਜਿੱਥੇ ਜਾਣਾ ਹੀ ਨਹੀਂ ਹੈ।
ਖਿੱਚ ਤਾਂ ਪੈਂਦੀ ਹੈ ਆਪਣੇ ਵਤਨ ਦੀ ਲੇਕਿਨ ਉਹਨੂੰ ਉੱਥੋਂ ਦੀਆ ਭਰੀਆਂ ਸੜਕਾਂ ਵੀ ਸੁੰਨੀਆਂ ਲੱਗਦੀਆਂ ਹਨ। ਬਚਪਣ ਦੀਆ ਯਾਦਾਂ ਵਾਪਸ ਸੱਦਦੀਆ ਹਨ ਲੇਕਿਨ ਜਵਾਨੀ ਵਿੱਚ ਚੁੱਕ ਕਦਮ ਵਾਪਸ ਨਹੀਂ ਜਾਣ ਦਿੰਦੇ। ਉਸ ਵਕ਼ਤ ਦੇ ਹਾਲਤ ਬਹੁਤ ਖ਼ਰਾਬ ਸਨ ਪਰ ਫਿਰ ਵੀ ਲੋਕ ਬਹੁਤ ਚੰਗੇ ਹੁੰਦੇ ਸਨ। ਲੋਕਾਂ ਦੀ ਧੀ ਭੈਣ ਦੀ ਇੱਜਤ ਉਹਨਾਂ ਦੀ ਆਪਣੀ ਇੱਜਤ ਹੁੰਦੀ ਸੀ ਪਰ ਹੁਣ ਤਾਂ ਲੋਕਾਂ ਨੇ ਆਪਣੀ ਖੁਦ ਦੀ ਇੱਜਤ ਨੂੰ ਨਿਲਾਮ ਕਰ ਦਿੱਤਾ ਹੈ ਫਿਰ ਉਹ ਦੂਜੇ ਦੀ ਇੱਜਤ ਨੂੰ ਕਿਵੇ ਬਚਾਉਣ ਵਿੱਚ ਮਦਦ ਕਰਨਗੇ। ਸਾਰੇ ਹੀ ਆਰਥਿਕ ਅਤੇ ਦੁਨਿਆਵੀ ਦੌੜ ਵਿੱਚ ਇੰਨਾ ਉਲਝ ਕੇ ਰਹਿ ਗਏ ਹਨ ਕਿ ਉਹਨਾਂ ਦੀਆ ਅੱਖਾਂ ਤੇ ਮਿੱਟੀ ਘੱਟੇ ਦੀ ਪਰਤ ਪਰ ਦਿਲ ਉੱਪਰ ਇੱਕ ਲਲਚਾਈ ਪਰਤ ਚੜ ਗਈ ਹੈ ਅਤੇ ਉਹਨੂੰ ਉਤਾਰਨਾ ਇੰਨਾ ਸੌਖਾ ਕੰਮ ਨਹੀਂ ਹੈ। ਸਾਰੇ ਹੀ ਲੋਕ ਜੱਜ ਅਤੇ ਸਰਪੰਚ ਬਣ ਕੇ ਬੈਠ ਗਏ ਹਨ ਅਤੇ ਫੈਸਲਾ ਕਰਨ ਕਾਰਵਾਹੁਣ ਕੋਈ ਨਹੀਂ ਹੈ। ਜੇ ਫੈਸਲਾ ਹੀ ਹੋ ਗਿਆ ਤਾਂ ਇਹਨਾ ਅਖੌਤੀ ਧਰਮ ਅਤੇ ਸਮਾਜ ਦੇ ਠੇਕੇਦਾਰਾਂ ਦੀਆ ਦੁਕਾਨਾਂ ਦਾ ਕੀ ਬਣੇਗਾ।
ਅਜੇ ਥੋੜੇ ਦਿਰ ਪਹਿਲਾ ਹੀ ਕੋਈ ਤਿੰਨ ਅਰਸੇ ਤੋਂ ਬਾਅਦ ਉਹਦੀ ਘਰ ਵਾਪਸੀ ਹੋਈ ਸੀ। ਜਾਣਾ ਤਾਂ ਉਹ ਉਹਦੀ ਉੰਗਲ ਫੜ ਕੇ ਜਾਣਾ ਚਾਹੁੰਦੀ ਸੀ ਪਰ ਹਾਲਤ ਨੇ ਸਾਥ ਨਹੀਂ ਦਿੱਤਾ ਤਾਂ ਇੱਕਲੀ ਨੇ ਜਾ ਕੇ ਦਰਵਾਜ਼ਾ ਖੜਕਾ ਦਿੱਤਾ ਅਤੇ ਦਰਵਾਜ਼ਾ ਖੜਕਾਉਂਦੇ ਸਾਰ ਉਹਦੀ ਜ਼ੁਬਾਨ ਬੰਦ ਹੋ ਗਈ ਪਰ ਅੰਦਰ ਦਾ ਮਨ ਖੁੱਲਦਾ ਗਿਆ ਸੀ। ਜੇ ਉਸ ਦਿਨ ਵੀ ਰੱਬੇ ਨੂਰ ਇਲਾਹੀ ਪਿਤਾ ਦੀ ਦਰਗਾਹ ਵਿੱਚ ਮਨ ਦੀ ਆਵਾਜ਼ ਨਾ ਨਿਕਲਦੀ ਤਾ ਫਿਰ ਹੋ ਸਕਦਾ ਸੀ ਕਿ ਫਿਰ ਕਦੇ ਮੌਕਾ ਹੀ ਨਾ ਮਿਲਦਾ। ਸਿਰ ਸੁੱਟੀ ਉਹ ਪਤਾ ਨਹੀਂ ਕਿੰਨੀ ਕੁ ਵਾਰੀ ਆਪਣੇ ਧੁਰ ਦਰਗਾਹੀ ਸੱਭ ਦੇ ਜਾਣੀ ਜਾਣ ਪਿਤਾ ਨਾਲ ਬੈਠੀ ਗੱਲਾਂ ਕਰਦੀ ਰਹੀ,”ਬਾਬਾ ਜੀ , ਤੁਹਾਡੀ ਧੀ ਵਾਪਸ ਆ ਗਈ ਹੈ। ਹੁਣ ਮੈਨੂੰ ਇੱਥੇ ਹੀ ਰੱਖ ਲਵੋ। ਸ਼ਾਇਦ ਮੇਰੀ ਕੋਈ ਅਧੂਰੀ ਡਿਊਟੀ ਰਹਿ ਗਈ ਸੀ ਅਤੇ ਉਹਨੂੰ ਹੁਣ ਪੂਰਾ ਕਰਨ ਦਾ ਵਕ਼ਤ ਆ ਗਿਆ ਹੈ। ਮੈਨੂੰ ਇਹ ਤਾਂ ਪਤਾ ਹੈ ਕਿ ਕੋਈ ਕੰਮ ਅਧੂਰਾ ਰਹਿ ਗਿਆ ਹੈ ਪਰ ਇਹ ਨਹੀ ਪਤਾ ਕਿ ਉਹ ਕਿਹੜਾ ਕੰਮ ਹੈ। ਆਪਣੀ ਧੀ ਨੂੰ ਸ਼ਕਤੀ ਦੇਵੋ ਕਿ ਮੈਂ ਉਸ ਇਨਸਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਦੀ ਤਾਕਤ ਬਣ ਸਕਾ। ਮੈਂ ਉਹਦੇ ਪੈਰਾਂ ਵਿੱਚ ਪੈਰ ਧਰਦੀ ਹੋਈ ਤੁਹਾਡੇ ਕੋਲ ਪਹੁੰਚ ਜਾਵਾ। ਉਹਦੇ ਦਿਲ ਅਤੇ ਜਿਸਮ ਤੇ ਹੋਏ ਹਰ ਵਾਰ ਨੂੰ ਆਪਣੇ ਹਾਸਿਆਂ ਨਾਲ ਭਰ ਦੇਵਾ। ਅੱਜ ਇੰਨੇ ਸਾਲਾਂ ਬਾਅਦ ਵਾਪਸੀ ਹੋਈ ਹੈ। ਅੱਜ ਤੱਕ ਕਿਸੇ ਤੋਂ ਕੁੱਝ ਮੰਗਿਆ ਨਹੀਂ ਹੈ ਪਰ ਆਪਣੇ ਬਾਪ ਤੋਂ ਹੱਕ ਮੰਗਣਾ ਹਰ ਧੀ ਦਾ ਪੈਦਾਇਸ਼ੀ ਹੱਕ ਹੁੰਦਾ ਹੈ ਭਾਵੇਂ ਉਹ ਧੀ ਪਤਿੱਤ ਹੋ ਜਾਂ ਫਿਰ ਪਵਿਤੁ।” ਇਹਨਾਂ ਕਹਿ ਉਹ ਵਾਪਸ ਆ ਗਈ ਅਤੇ ਬੇਸਬਰੀ ਨਾਲ ਉਡੀਕ ਕਰਨ ਲੱਗ ਪਈ ਸੀ।
ਸ਼ਾਇਦ ਥੋੜੀ ਦੂਰ ਤੇ ਸੁਣ ਰਿਹਾ ਧਰਮ ਪਿਤਾ ਅਤੇ ਕਰਮ ਪਿਤਾ ਦੋਵੇਂ ਉਹਦੀ ਨਾਦਾਨੀ ਤੇ ਹੱਸ ਰਹੇ ਹੋਣ। ਜਿਵੇ ਕਹਿ ਰਹੇ ਹੋਣ, “ਪੁੱਤਰਾ, ਜਿੱਥੋਂ ਆਈ ਹੈ ਉੱਥੇ ਵਾਪਸ ਚਲੀ ਜਾ ਕਿਉਂਕਿ ਇਹ ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਕਿਸੇ ਦੀ ਨਹੀਂ ਬਲਕਿ ਆਪਣਿਆਂ ਦੀ ਹੀ ਨਜ਼ਰ ਲੱਗ ਗਈ ਹੈ।” ਪਰ ਬਾਬਾ ਜੀ ਮੈਨੂੰ ਤਾਂ ਕਿਹਾ ਗਿਆ ਸੀ ਕਿ ਆਪਣੇ ਘਰ ਵਾਪਸ ਚਲੀ ਜਾ। ਉਸਦੇ ਨਾਲ ਹੀ ਤਾਂ ਮੇਰਾ ਘਰ ਹੈ। ਮੈਂ ਇਕੱਲੀ ਤੁਰਦੀ ਹੋਈ ਥੱਕ ਗਈ ਹਾਂ। ਇਹ ਵੀ ਹੋ ਸਕਦਾ ਹੈ ਕਿ ਉਹ ਮੇਰੇ ਕਰਕੇ ਹੀ ਜਿੰਦਾ ਬੈਠਾ ਹੋਵੇ ਜਾਂ ਫਿਰ ਮੈਂ ਉਹਦੇ ਕਰਮਾ ਲਈ ਜਿੰਦਾ ਬੈਠੀ ਹੋਵਾ।” ਇੰਨਾ ਕਹਿਕੇ ਉਹ ਫਿਰ ਵਾਪਸ ਪਰਤ ਆਈ ਸੀ।
ਇੱਥੇ ਧਰਤੀ ਵੀ ਬੇਗੈਨੀ ਹੈ ਲੋਕ ਵੀ ਬੇਗਾਨੇ ਹਨ ਪਰ ਕੋਈ ਕਿਸੇ ਦੀ ਰੂਹ ਨੂੰ ਤਕਲੀਫ ਨਹੀਂ ਦਿੰਦਾ। ਜੇ ਕੋਈ ਤਕਲੀਫ ਜਾਂ ਦਰਦ ਨੂੰ ਸਾਂਝਾ ਨਹੀ ਕਰਦਾ ਤਾਂ ਕੋਈ ਜਾਣਬੁੱਝ ਕੇ ਜਖ਼ਮਾਂ ਉੱਪਰ ਲੂਣ ਵੀ ਨਹੀਂ ਛਿੜਕਦਾ। ਉਹਨੇ ਭੱਜ ਕੇ ਦਰਵਾਜ਼ਾ ਬੰਦ ਕਰ ਲਿਆ ਇਹ ਸੋਚ ਕੇ ਕਿਤੇ ਉਹਦਾ ਬੀਤਾ ਸਮੇ ਉਹਦੇ ਭਵਿੱਖ ਜਾਂ ਫਿਰ ਵਰਤਮਾਨ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ ਹੈ। ਲੇਕਿਨ ਫਿਰ ਇਹ ਸੋਚ ਕੇ ਸ਼ਾਇਦ ਮੈਂ ਬੀਤੇ ਸਮੇ ਵਿੱਚ ਵਾਪਸ ਚਲੀ ਜਾਵਾਂ ਅਤੇ ਉਹਨੂੰ ਸਮਝਾ ਦੇਵਾ ਕਿ ਮੈਂ ਹੁਣੇ ਭਵਿੱਖ ਦੇਖ ਕੇ ਆ ਰਹੀ ਹਾਂ ਉੱਥੇ ਤੁਹਾਡੇ ਕਰਮ ਦੀ ਅਤੇ ਧਰਮ ਦੀ ਕੋਈ ਕਦਰ ਹੀ ਨਹੀਂ ਕਰ ਰਿਹਾ। ਪਰ ਫਿਰ ਇਹ ਸੋਚ ਕਿ ਅੰਦਰ ਆਕੇ ਬਹਿ ਗਈ ਕਿ ਮੈਂ ਕੌਣ ਹੁੰਦੀ ਹਾਂ ਭਵਿੱਖ ਦੀਆਂ ਡੋਰਾ ਖਿੱਚ ਕੇ ਉਹਨੂੰ ਦੂਜੇ ਪਾਸੇ ਲੈ ਕੇ ਜਾਣ ਵਾਲੀ। ਮੇਰੀ ਤਾਂ ਸੋਚ ਹੀ ਅਲੱਗ ਹੈ ਜਿੱਥੇ ਸੱਭ ਤੋਂ ਜਿਆਦਾ ਪਹਿਲ ਇਨਸਾਨੀਅਤ ਨੂੰ ਦਿੱਤੀ ਜਾਂਦੀ ਹੈ ਪਰ ਇਸ ਵਿਚਕਾਰ ਮੈ ਉਸ ਰਸਤੇ ਤੇ ਵਿੱਚਰ ਰਹੀ ਹਾਂ ਜਿੱਥੇ ਇੱਕ ਆਮ ਚੁਰਾਹੇ ਤੇ ਭਟਕਿਆ ਖੜਿਆ ਹੈ ਕਿ ਕਿੱਥੇ ਹੈ ਉਹਦੀ ਮੰਜ਼ਿਲ ਅਤੇ ਕਿੱਥੇ ਨੂੰ ਅਤੇ ਕਿਹਨੂੰ ਮਿਲਣ ਜਾਣਾ ਹੈ। ਪਰ ਇਹ ਤੱਕ ਮਹਿਜ਼ ਇੱਕ ਆਦਮੀ ਦੀ ਸਮੱਸਿਆ ਹੈ ਕਿਉਂਕਿ ਝੂਠ ਅਤੇ ਪਾਪੀ ਤਾਂ ਆਪਣਾ ਰਸਤਾ ਕਦੋ ਦਾ ਚੁਣ ਚੁੱਕੇ ਹਨ। ਸਾਧੂ ਅਤੇ ਪੀਰਾਂ ਨੂੰ ਕੋਈ ਸੁੱਧ ਨਹੀਂ ਜਾਂ ਫਿਰ ਕੋਈ ਫਿਕਰ ਨਹੀਂ ਹੈ ਉਹਨਾਂ ਨੇ ਆਪਣੀ ਭਗਤੀ ਕਰਨੀ ਹੈ ਉੱਥੇ ਭਾਵੇ ਜੰਗ ਲੱਗੀ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਲਈ ਇਹ ਤਾਂ ਮੇਰੇ ਵਰਗੀਆਂ ਦੀਆਂ ਹੀ ਸਮੱਸਿਆ ਹੈ। ਇਸ ਸੋਚ ਕੇ ਉਹਨੇ ਚੁਰੱਸਤੇ ਵੱਲ ਕਦਮ ਭਰ ਲਿਆ। ਦੋ ਹੀ ਕਦਮ ਚੱਲੀ ਸੀ ਕਿ ਘਬਰਾ ਕੇ ਉੱਥੇ ਹੀ ਰੁੱਕ ਗਈ। ਅੱਗੇ ਚਲਣਾ ਮੁਸ਼ਕਲ ਹੋ ਗਿਆ। ਪਸੀਨਾ ਆਉਣ ਲੱਗ ਪਿਆ ਅਤੇ ਦਿੱਲ ਧੜਕਣ ਲੱਗ ਪਿਆ। ਅਚਾਨਕ ਉਹਨੂੰ ਉਹਦੀ ਫਿਰ ਤੋਂ ਯਾਦ ਆ ਗਈ ਅਤੇ ਸੋਚਿਆ ਉਹ ਉਹਦਾ ਹੱਥ ਫੜ ਕੇ ਰਸਤਾ ਦਿਖਾ ਦੇਵੇਗਾ ਲੇਕਿਨ ਉਹ ਚਾਰੇ ਪਾਸੇ ਕਿਤੇ ਵੀ ਨਹੀਂ ਸੀ। ਡਰ ਕੇ ਫਿਰ ਉਹ ਵਾਪਸ ਆ ਗਈ ਅਤੇ ਖੇਤਾਂ ਵਿੱਚ ਦੀ ਇਕੱਲੀ ਹੀ ਭੱਜਣ ਲੱਗੀ ਅਤੇ ਫਿਰ ਕੁੱਦਰਤ ਨਾਲ ਗੱਲਾਂ ਕਰਨ ਲੱਗ ਪਈ। ਕੁੱਦਰਤ ਨੇ ਉਹਦਾ ਉਦਾਸ ਚੇਹਰਾ ਦੇਖਕੇ ਪੁੱਛਿਆ,”ਜੇ ਕਹੇਂ ਤਾਂ ਇੱਕ ਵਾਰ ਫਿਰ ਪਰਲੋ ਲਿਆ ਦੇਵਾਂ।” ਉਹਨੇ ਖਿੱਝ ਕੇ ਕਿਹਾ, “ਬੱਸ ਤੂੰ ਵੀ ਇਨਸਾਨਾਂ ਤੋਂ ਘੱਟ ਨਹੀਂ ਹੈ ਸਾਰਾ ਦਿਨ ਪਰਲੋ ਲਿਆ ਕੇ ਚੰਗੇ ਪਲੇ ਲੋਕਾਂ ਨੂੰ ਦੁੱਖੀ ਕਰਨ ਤੋਂ ਬਿਨਾਂ ਤੈਨੂੰ ਵੀ ਨਹੀਂ ਕੁੱਝ ਹੋਰ ਸੁੱਝਦਾ।” ਪਤਾ ਨਹੀਂ ਕੁਦਰੱਤ ਨਾਲ ਉਹਨੂੰ ਗੁੱਸਾ ਸੀ ਜਾਂ ਆਪਣੇ ਆਪ ਤੇ। ਪਰ ਖਿੱਝ ਕੇ ਭੱਜਦੀ ਰਹੀ ਤੇ ਕੁਦਰੱਤ ਵੀ ਹਨ੍ਹੇਰੀ ਬਣ ਕੇ ਉਹਦੇ ਕਦੇ ਅੱਗੇ ਅਤੇ ਕਦੇ ਪਿੱਛੇ ਭੱਜਣ ਲੱਗੀ। ਆਪਣੀ ਬਚਪਨ ਦੀ ਸਹੇਲੀ ਕੁੱਦਰਤ ਨੂੰ ਭੱਜਦੀ ਦੇਖ ਉਹ ਕੁੜੀ ਰੋਂਦੀ ਹੋਈ ਹੱਸ ਪਈ ਅਤੇ ਫਿਰ ਹੱਸਦੀ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਤੋਂ ਫਿਰ ਰੌਣ ਲੱਗ ਪਈ। ਫਿਰ ਆਪਣੀਆਂ ਹੀ ਅੱਖਾਂ ਖੁੱਦ ਹੀ ਸਾਫ ਕਰਕੇ ਬੋਲੀ,“ਕੁਦਰਤੇ, ਤੈਨੂੰ ਪਤਾ ਹੈ ਕਿ ਅੱਜਕਲ ਲੋਕ ਖੁਦ ਹੀ ਜੱਜ ਹਨ ਅਤੇ ਖੁੱਦ ਹੀ ਜਿਯੂਰੀ ਹਨ। ਗਵਾਹ ਵੀ ਉਹਨਾਂ ਦੇ ਆਪਣੇ ਹਨ। ਜੇ ਦੇਖਿਆ ਜਾਵੇ ਤਾਂ ਗੁਨਾਹ ਵੀ ਉਹਨਾਂ ਦੇ ਆਪਣੇ ਹਨ। ਫਿਰ ਇਨਸਾਫ ਦੀ ਉਮੀਦ ਕਿਸਦੇ ਕੋਲੋਂ ਹੋ ਸਕਦੀ ਹੈ। ਸਾਰੇ ਮੇਰੀ ਮੇਰੀ ਕਰਦੇ ਫਿਰਦੇ ਹਨ। ਕੁਲਜੁੱਗ ਦੇ ਜ਼ਮਾਨੇ ਵਿੱਚ ਭਰੀ ਕਹਿਚਰੀ ਵਿੱਚ ਮੈਨੂੰ ਆਪਣਾ ਕੋਈ ਵੀ ਦਿਖਾਈ ਨਹੀਂ ਦੇ ਰਿਹਾ।”
ਕੁਦਰੱਤ ਨੇ ਉਲਟਾ ਕੇ ਪੁੱਛਿਆ, “ਉਹ ਕਿੱਥੇ ਜਿਸ ਤੇ ਕਦੇ ਤੈਨੂੰ ਬਹੁਤ ਮਾਣ ਹੋ ਹੋਇਆ ਕਰਦਾ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ ਜਦੋਂ ਤੈਨੂੰ ਕਿਹਾ ਗਿਆ ਸੀ ਕਿ ਆਪਣਿਆ ਕੋਲ ਵਾਪਸ ਜਾ। ਉਸ ਵਕ਼ਤ ਤੇਰੀ ਨਜ਼ਰ ਕਿਤੇ ਦੂਰ ਜਾ ਕੇ ਰੁੱਕ ਗਈ ਸੀ ਅਤੇ ਤੇਰੇ ਉਦਾਸ ਚੇਹਰੇ ਤੇ ਇੱਕ ਮੁਸਕਾਨ ਆ ਗਈ ਸੀ।”
“ਉਹ ਤਾਂ ਖੁਦ ਗਵਾਚ ਜਿਹਾ ਗਿਆ ਹੈ। ਸ਼ਾਇਦ ਸੱਚ ਨੂੰ ਜਾਨਣ ਦੀ ਉਹ ਵੀ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ਉਹਨੂੰ ਵੀ ਦੁਨੀਆਵੀ ਦੁਨੀਆ ਦਾ ਚੱਕਰ ਲੱਗ ਗਿਆ ਕਿ ਲੋਕ ਕੀ ਕਹਿਣ ਗਏ।” ਇਹਨਾਂ ਕਹਿ ਕੇ ਉਹਨੇ ਆਪਣਾ ਹੱਥ ਹਵਾ ਵਿੱਚ ਖਿਲਾਰ ਦਿੱਤਾ ਪਰ ਉਹਦਾ ਹੱਥ ਖਾਲੀ ਨਹੀਂ ਬਲਕਿ ਕੁਦਰਤ ਦੀ ਉਸ ਹਨੇਰੀ ਹਵਾ ਦੇ ਨਾਲ ਟਕਰਾਅ ਪਿਆ।” ਜਿਹਨੂੰ ਦੇਖ ਉਹ ਅਤੇ ਕੁਦਰਤ ਦੋਨੋ ਹੱਸ ਪਈਆਂ ਅਤੇ ਉਹ ਕੁਦਰਤ ਨੂੰ ਕਹਿੰਦੀ, “ਚੱਲ, ਮੇਰੀ ਮਦੱਦ ਕਰ, ਬੱਦਲਾਂ ਵਿੱਚੋਂ ਮੇਰੇ ਮਾਂ ਅਤੇ ਬਾਪੂ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰੀਏ।” ਇੱਕ ਵਾਰ ਫਿਰ ਦੁਨੀਆਵੀ ਦੁਨੀਆਂ ਨੂੰ ਛੱਡ ਕੇ ਉਹ ਕੁੜੀ ਦਿਲ ਦੇ ਅਰਮਾਨ ਦਿਲ ਵਿੱਚ ਰੱਖ ਕੇ ਕੁਦਰਤ ਦੇ ਨਾਲ ਆਪਣਾ ਪਿਆਰਾ ਜਿਹਾ ਬਚਪਨ ਲੱਭਣ ਚਲੀ ਗਈ। ਆਪਣੇ ਘਰ ਵਾਪਸ ਜਾ ਕੇ ਵੀ ਮੁੜ ਆਈ ਅਤੇ ਉਹਦੀ ਉਮੀਦ ਵੀ ਖ਼ਤਮ ਹੋ ਗਈ ਅਤੇ ਹੁਣ ਉਹ ਪਰਾਈ ਜਗਾ ਤੇ ਕੁਦਰਤ ਦੇ ਨਾਲ ਫਿਰ ਤੋਂ ਖੇਡਣ ਲੱਗ ਗਈ। ਉਹਨੇ ਆਪਣੇ ਅਰਮਾਨਾਂ ਨੂੰ ਆਪਣੇ ਮਨ ਅਤੇ ਦਿੱਲ ਅੰਦਰ ਗੋਲ ਗੰਢ ਮਾਰਦੇ ਹੋਏ ਕਿਹਾ, “ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ। ਲੈ ਹੁਣ ਨਹੀਂ ਤੈਨੂੰ ਬਾਹਰ ਨਿਕਲਣ ਦਿੰਦੀ।”