ਪਿਆਰ ਸਤਿਕਾਰ

ਮੇਰਾ ਵਿਦੇਸ਼ ਵਿੱਚ ਜਾਣ ਨੂੰ ਕੋਈ ਬਹੁਤਾ ਦਿਲ ਨਹੀਂ ਕਰਦਾ ਸੀ ਲੇਕਿਨ ਪਰਿਵਾਰਿਕ ਮਜਬੂਰੀ ਕਾਰਣ ਆਉਣਾ ਹੀ ਪਿਆ ਸੀ। ਪਿੱਛੇ ਪੰਜਾਬ ਵਿੱਚ ਚੰਗੀ ਜ਼ਮੀਨ ਜਾਇਦਾਦ ਅਤੇ ਕਾਰੋਬਾਰ ਸੀ। ਮੈਂ ਅਜੇ 6-7 ਸਾਲ ਦਾ ਹੀ ਸੀ ਜਦੋਂ ਇੱਕ ਦਿਨ ਪੁਲਿਸ ਆਈ ਅਤੇ ਮੇਰੇ ਪਾਪਾ ਜੀ ਨੂੰ ਚੁੱਕ ਕੇ ਲੈ ਗਈ ਸੀ ਅਤੇ ਫਿਰ ਇੱਕ ਦਿਨ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਹੋਰਾਂ ਲੋਕਾਂ ਦੀ ਤਰਾਂ ਸਾਡਾ ਪਰਿਵਾਰ ਵੀ ਖਾੜਕੂਆਂ ਅਤੇ ਪੁਲਿਸ ਦੇ ਵਿੱਚਕਾਰ ਫਸਿਆ ਪਿਆ ਸੀ। ਮੇਰੀ ਵੱਡੀ ਭੈਣ ਕਮਲ ਦਾ ਵਿਆਹ ਇੰਗਲੈਂਡ ਵਿੱਚ ਹੋ ਗਿਆ ਸੀ। ਉਸ ਤੋਂ ਛੋਟੀ ਭੈਣ ਹਰਪ੍ਰੀਤ ਦਾ ਵਿਆਹ ਅਮਰੀਕਾ ਵਿੱਚ ਹੋ ਗਿਆ ਸੀ। ਹੁਣ ਘਰ ਵਿੱਚ ਮੈਂ ਅਤੇ ਮੇਰੇ ਮੰਮੀ ਜੀ ਹੀ ਰਹਿ ਗਏ ਸਨ। ਦੋਹਾਂ ਭੈਣਾਂ ਨੇ ਬਹੁਤ ਜ਼ੋਰ ਲਾਇਆ ਕਿ ਤੁਸੀ ਵੀ ਸਾਡੇ ਕੋਲ਼ ਆ ਜਾਵੋ। ਪਰ ਨਾ ਹੀ ਮੈਂ ਅਤੇ ਨਾ ਹੀ ਮੇਰੇ ਮੰਮੀ ਜੀ ਘਰ ਛੱਡ ਕੇ ਜਾਣਾ ਚਾਹੁੰਦੇ ਸਨ। ਲੇਕਿਨ ਮੇਰੀ ਭੈਣ ਹਰਪ੍ਰੀਤ ਦੇ ਘਰਵਾਲੇ ਦਾ ਰਵਈਆ ਕੋਈ ਬਹੁਤਾ ਚੰਗਾ ਨਹੀਂ ਸੀ। ਉਹ ਹਰ ਰੋਜ਼ ਸ਼ਰਾਬ ਪੀ ਕੇ ਘਰ ਵਿੱਚ ਕਲੇਸ਼ ਕਰਦਾ ਰਹਿੰਦਾ ਸੀ ਅਤੇ ਫਿਰ ਬਾਅਦ ਵਿੱਚ ਤਾਂ ਮੇਰੀ ਭੈਣ ਤੇ ਹੱਥ ਵੀ ਚੱਕਣ ਲੱਗ ਪਿਆ ਸੀ। ਥੋੜੇ ਚਿਰ ਬਾਅਦ ਹੀ ਉਹਨਾਂ ਦਾ ਤਲਾਕ ਹੋ ਗਿਆ ਸੀ ਅਤੇ ਮੰਮੀ ਜੀ ਨੂੰ ਹਰਪ੍ਰੀਤ ਕੋਲ ਅਮਰੀਕਾ ਆਉਣਾ ਪਿਆ ਸੀ। ਪਹਿਲਾਂ ਮੈਨੂੰ ਕੋਈ ਬਹੁਤਾ ਸ਼ੋਂਕ ਨਹੀਂ ਸੀ ਲੇਕਿਨ ਬਾਅਦ ਵਿੱਚ ਇਕੱਲਾ ਰਹਿਣ ਕਾਰਣ ਮੈ ਵੀ ਆਉਣ ਲਈ ਹਾਂ ਕਰ ਦਿੱਤੀ ਸੀ। ਕਈ ਸਾਲ ਇੱਕਲਾ ਰਹਿਣ ਤੋਂ ਬਾਅਦ ਮੈਂ ਵੀ ਸੁਪਨਿਆਂ ਦੀ ਧਰਤੀ ਤੇ ਪਹੁੰਚ ਗਿਆ ਸੀ। 

ਜਦੋਂ ਮੇਂ ਅਮਰੀਕਾ ਪਹੁੰਚਿਆ ਤਾਂ ਸਾਰੇ ਰਿਸ਼ਤੇਦਾਰਾਂ ਨੇ ਆਪਣੇ ਆਪਣੇ ਘਰ ਖਾਣੇ ਤੇ ਬੁਲਾ ਕੇ ਪੂਰਾ ਆਦਰ ਮਾਣ ਕੀਤਾ। ਇਹ ਦੇਖ ਕਿ ਖੁਸ਼ੀ ਹੋਈ ਕਿ ਸਾਡੇ ਪੰਜਾਬ ਨਾਲੋਂ ਤਾਂ ਇੱਥੋਂ ਦੇ ਲੋਕਾਂ ਦਾ ਇੱਕ ਦੂਜੇ ਨਾਲ ਮਿਲਵਰਤਣ ਵਧੀਆ ਹੈ। ਕੋਈ 20 ਪਰਿਵਾਰ ਪੰਜਾਬੀਆਂ ਦੇ ਸਨ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਰਹਿੰਦੇ ਸਨ। ਫੋਨ ਦੇ ਉੱਪਰ ਹੀ ਗਰੁੱਪ ਬਣਿਆ ਹੋਇਆ ਸੀ ਅਤੇ ਸਾਰੇ ਉੱਸ ਉੱਪਰ ਹੀ ਲਿੱਖ ਦਿੰਦੇ ਕਿ ਅੱਜ ਭਾਈ ਸਾਡੇ ਘਰ ਡਿਨਰ ਤੇ ਆਇਓਂ। ਭਾਵੇਂ ਅਜੇ ਮੇਰਾ ਨੰਬਰ ਅਜੇ ਵੀ ਇੰਡੀਆ ਦਾ ਸੀ ਪਰ ਉਹਨਾਂ ਨੇ ਮੇਰਾ ਨੰਬਰ ਵੀ ਗਰੁੱਪ ਵਿੱਚ ਸ਼ਾਮਿਲ ਕਰ ਲਿਆ ਸੀ। ਕਦੇ ਹਫਤੇ ਜਾਂ ਦੋ ਹਫਤਿਆਂ ਬਾਅਦ ਕਿਸੇ ਦੇ ਘਰ ਜਾਣ ਦਾ ਪ੍ਰੋਗਰਾਮ ਬਣਿਆ ਰਹਿੰਦਾ ਸੀ। ਜਿਹਨਾਂ ਨੇ ਆਉਣਾ ਜਾਂ ਫਿਰ ਨਹੀਂ ਆਉਣਾ ਹੁੰਦਾ ਸੀ ਉਹ ਗਰੁੱਪ ਚਾਟ ਤੇ ਲਿੱਖ ਕੇ ਪਾ ਦਿੰਦੇ ਸਨ। ਪਰ ਇੱਕ ਨੰਬਰ ਅਜਿਹਾ ਵੀ ਜਿਸਦਾ ਹਮੇਸ਼ਾ ਹੀ ਨਾ ਆਉਣ ਬਾਰੇ ਕੋਈ ਨਾ ਕੋਈ ਬਹਾਨਾ ਲਿਖਿਆ ਹੁੰਦਾ ਸੀ। ਨਾ ਤਾਂ ਕੋਈ ਨਾਮ ਲਿਖਿਆ ਹੁੰਦਾ ਅਤੇ ਨਾ ਹੀ ਕੋਈ ਫੋਟੋ  ਹੀ ਉਸ ਨੰਬਰ ਤੇ ਲੱਗੀ ਹੋਈ ਸੀ ਇਸ ਲਈ ਇਹ ਵੀ ਨਹੀਂ ਪਤਾ ਸੀ ਕਿ ਉਹ ਕਿਸੇ ਬੰਦੇ ਜਾਂ ਫਿਰ ਔਰਤ ਦਾ ਨੰਬਰ ਸੀ। ਹੁਣ ਤੱਕ ਮੈਂ ਕੋਈ ਵੀਹ ਘਰਾਂ ਵਿੱਚ ਜਾ ਚੁੱਕਿਆ ਸੀ ਪਰ ਉਸ ਬਿਨਾਂ ਤਸਵੀਰ ਅਤੇ ਨਾਮ ਵਾਲੇ ਨੰਬਰ ਨੂੰ ਮੈਂ ਨਹੀਂ ਮਿਲਿਆ ਸੀ। 

ਇੱਕ ਸ਼ਨਿਚਰਵਾਰ ਨੂੰ ਮੇਰੀ ਭੂਆ ਦੇ ਮੁੰਡੇ ਨੇ ਸਾਨੂੰ ਸਾਰਿਆਂ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ। ਅਸੀਂ ਸਾਰੇ ਮੁੰਡੇ ਬੇਸਮੇੰਟ ਵਿੱਚ ਬੈਠੇ ਹੋਏ ਸੀ ਬੁੜੀਆਂ ਨੇ ਆਪਣਾ ਇੱਕ ਪਾਸੇ ਸ਼ੁਗਲ ਮੇਲਾ ਲਾਇਆ ਹੋਇਆ ਸੀ ਅਤੇ ਜਵਾਕ ਉੱਪਰ ਹੇਠਾਂ ਚੀਕ ਚਿਹਾੜਾ ਪਾਈ ਫਿਰਦੇ ਸਨ। ਵਿਆਹ ਤੋਂ ਬਿਨਾਂ ਹੀ ਵਿਆਹ ਵਰਗਾ ਮਾਹੌਲ ਸੀ। ਅਸੀਂ ਸਾਰੇ ਬੈਠੇ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦਾ ਮਜ਼ਾ ਲੈ ਰਹੇ ਸੀ। ਇੱਕ ਦੂਜੇ ਨਾਲ ਖੂਬ ਮਜ਼ਾਕ ਵੀ ਚੱਲ ਰਿਹਾ ਸੀ। ਇਹਨੇ ਵਿੱਚੋਂ ਬਾਹਰੋਂ ਕਈ ਔਰਤਾਂ ਦੀ ਇੱਕਠੀ ਆਵਾਜ਼ ਆ ਆਈ, “ ਕੋਈ ਤੇਲ ਤੂਲ ਲਿਆ ਕੇ ਚੋਵੋ। ਅੱਜ ਵੱਡੇ ਲੋਕਾਂ ਦਾ ਵੀ ਟਾਇਮ ਲੱਗ ਗਿਆ ਹੈ।” ਤੇ ਫਿਰ ਜ਼ੋਰਦਾਰ ਤਾਲੀਆਂ ਦੀ ਆਵਾਜ਼ ਆਈ ਅਤੇ ਉਸਤੋਂ ਬਾਅਦ ਸਾਰੀਆਂ ਦਾ ਹਾਸਾ ਅਸਮਾਨ ਨੂੰ ਛੂਹ ਗਿਆ ਲੱਗਦਾ ਸੀ। ਦੋ ਕੁ ਮਿੰਟਾ ਬਾਅਦ ਬਿਨਾ ਤਸਵੀਰ ਅਤੇ ਨਾਮ ਵਾਲੀ ਮੇਰੇ ਸਾਮਣੇ ਖੜੀ ਸੀ। ਨਾ ਉਹਨੇ ਕਿਸੇ ਨੂੰ ਕੋਈ ਸਤਿ ਸ੍ਰੀ ਅਕਾਲ ਬੁਲਾਈ ਨਾ ਹੀ ਨਮਸਤੇ ਕਿਹਾ ਸੀ। ਪਰ ਉਸਨੂੰ ਦੇਖ ਕੇ ਸਾਰਿਆਂ ਨੇ ਆਪਣੇ ਸ਼ਰਾਬ ਅਤੇ ਬੀਅਰ ਵਾਲੇ ਗਿਲਾਸ ਟੇਬਲ ਤੇ ਰੱਖ ਦਿੱਤੇ ਸੀ। ਇਹ ਦੇਖ ਉਸਨੇ ਕਿਹਾ, “ਲੱਗੇ ਰਹੋ ਵੀ। ਰੁੱਕ ਕਿਉਂ ਗਏ।  ਮੈਂ ਤਾਂ ਉਹਨੂੰ ਮਿਲਣ ਆਈ ਹਾਂ ਜੀਹਦੀ ਆਉਣ ਦੀ ਖੁਸ਼ੀ ਵਿੱਚ ਅੱਜ ਪਾਰਟੀ ਹੋ ਰਹੀ ਹੈ।”

ਉਹਨੂੰ ਦੇਖ ਕੇ ਮੇਰੇ ਸਾਹ ਉੱਥੇ ਹੀ ਰੁੱਕ ਗਏ। ਉਸਨੂੰ ਪਹਿਲੀ ਨਜ਼ਰੇ ਦੇਖਦੇ ਹੀ ਮੈਨੂੰ ਉਹਦੇ ਤੇ ਪਿਆਰ ਹੋ ਗਿਆ। ਮੈਨੂੰ ਥੋੜੀ ਦੇਰ ਲਈ ਆਪਣੇ ਦਿਮਾਗ ਅਤੇ ਦਿੱਲ ਅੰਦਰ ਘੰਟੀਆਂ ਵੱਜਦੀਆ ਸੁਣੀਆਂ। ਉਹਦੀ ਉਮਰ ਤੋਂ ਵੱਡੇ ਅਤੇ ਛੋਟੇ ਸਾਰੇ ਹੀ ਮੁੰਡਿਆਂ ਨੇ ਅੱਗੇ ਵੱਧਕੇ ਕਿਸੇ ਨੇ ਉਸਦੇ ਪੈਰਾਂ ਤੇ ਅਤੇ ਕਿਸੇ ਨੇ ਉਹਦੇ ਗੋਡਿਆਂ ਨੂੰ ਹੱਥ ਲਾਇਆ। ਮੈਂ ਅਜੇ ਵੀ ਭੱਮਤਰਿਆਂ ਖੜਾ ਸੀ ਕਿ ਜਦੋਂ ਉਸਨੇ ਆਪਣਾ ਹੱਥ ਮਿਲਾਉਣ ਲਈ ਅੱਗੇ ਵਧਾਇਆ, “ਹਾਂ ਜੀ, ਕਿਸ ਤਰਾਂ ਦੀ ਲੱਗੀ ਅਮਰੀਕਾ।” ਮੈਂ ਤਾਂ ਪਹਿਲਾਂ ਹੀ ਸੁੰਨ ਹੋ ਕੇ ਖੜਾ ਸੀ। ਅਜੇ ਸੋਚ ਹੀ ਰਿਹਾ ਸੀ ਕਿ ਉਸਨੇ ਫਿਰ ਅੱਗੇ ਕਿਹਾ, “ਮੇਰਾ ਨਾਮ ਜੈਸੀ ਹੈ। ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ।” ਬਿਨਾ ਮੇਰਾ ਜਵਾਬ ਸੁਣਿਆ ਔਰ ਇੰਤਜ਼ਾਰ ਕੀਤੀਆਂ ਉਹ ਵਾਪਸ ਬਾਹਰ ਚਲੀ ਗਈ। ਪਤਾ ਨਹੀਂ ਉਹਨਾਂ ਦੋ ਚਾਰ ਮਿੰਟਾ ਵਿੱਚ ਮੈਨੂੰ ਇਹੀ ਲੱਗਿਆ ਕਿ ਰੱਬ ਨੇ ਕੁੜੀ ਮੇਰੇ ਲਈ ਹੀ ਬਣਾਈ ਹੈ। ਉਹਦੇ ਬਾਹਰ ਜਾਣ ਤੋਂ ਬਾਅਦ ਦੇਖਿਆ ਕਿ ਸਾਰਿਆਂ ਨੇ ਫਿਰ ਤੋਂ ਆਪਣੇ ਗਿਲਾਸ ਚੁੱਕ ਲਏ ਸਨ। ਪਰ ਮੈਂ ਆਪਣਾ ਗਿਲਾਸ ਨਹੀਂ ਚੁੱਕ ਸਕਿਆ। ਇਸ ਤਰਾਂ ਦਾ ਲੱਗਿਆਂ ਕਿ ਸਾਰੇ ਜਨਮਾਂ ਦੀ ਭੁੱਖ ਪਿਆਸ ਉਹਨੂੰ ਦੇਖਦੇ ਸਾਰ ਹੀ ਪੂਰੀ ਹੋ ਗਈ ਸੀ। ਕਾਲਜ ਪੜਦਿਆਂ ਕੁੜੀਆਂ ਤਾਂ ਬਹੁਤ ਮਿਲੀਆਂ ਸਨ ਪਰ ਉਸ ਦਿਨ  ਦਿਲ ਪਹਿਲੀ ਵਾਰ ਕਿਸੇ ਲਈ ਧੜਕਿਆ ਸੀ। ਉਹਦੇ ਜਾਣ ਤੋਂ ਬਾਅਦ ਮੇਰੇ ਦਿਲ ਵਿੱਚ ਆਇਆ ਕਿ ਬਾਕੀ ਦੀ ਜੁੰਡਲੀ ਤੋਂ ਉਸ ਕੁੜੀ ਬਾਰੇ ਕੁੱਛ ਹੋਰ ਜਾਂਚ ਪੜਤਾਲ ਕਰਾ ਪਰ ਫਿਰ ਡਰਦੇ ਨੇ ਨਾ ਹੀ ਪੁੱਛਿਆ ਕਿ ਪਤਾ ਹੁੰਦਾ ਕਿ ਕੋਈ ਗੁੱਸਾ ਹੀ ਨਾ ਮੰਨ ਜਾਵੇ। ਫਿਰ ਕਿਸੇ ਨਾ ਕਿਸੇ ਦੇ ਅੰਗਲੀ ਸੰਗਲੀ ਤਾਂ ਆਪਸ ਵਿੱਚ ਮਿਲਦੀ ਸੀ। 

ਉਹ ਕੋਈ ਹੁਸਨਾਂ ਦੀ ਪਰੀ ਨਹੀਂ ਸੀ ਪਰ ਉਹਦੀ ਜਬਰਦਸਤ ਪਰਸੋਨਾਲਿਟੀ ਮੈਨੂੰ ਕੀਲ ਕਰ ਗਈ ਸੀ। ਤਿੱਖੇ ਨੈਣ ਨਕਸ਼ਾ ਵਾਲੀ ਬਿਨਾ ਕਿਸੇ ਹਾਰ ਸਿੰਗਾਰ ਦੇ ਉਹ ਕਣਕ ਵੰਨੇ ਰੰਗ ਦੀ ਕੁੜੀ ਵਿੱਚ ਆਤਮ ਵਿਸ਼ਵਾਸ ਕੁੱਟ ਕੇ ਭਰਿਆ ਹੋਇਆ ਸੀ। ਸ਼ਾਇਦ ਉਸਦੇ  ਆਤਮ ਵਿਸ਼ਵਾਸ ਅਤੇ ਨਿੱਡਰਤਾ ਨਾਲ ਭਰੇ  ਵਿਅਕਤੀਗਤ ਨੇ ਹੀ ਉਹਨੂੰ ਖ਼ੂਬਸੂਰਤ ਬਣਾ ਦਿੱਤਾ ਸੀ। ਉਹ ਕੁੜੀ ਜਿਹਦਾ ਨਾਮ ਜੈਸੀ ਸੀ ਮੇਰੇ ਦਿਲ ਦਿਮਾਗ ਅੰਦਰ ਦੋ ਪਲਾ ਵਿੱਚ  ਇੱਕ ਘਰ ਬਣਾ ਕੇ ਚਲੀ ਗਈ। ਅੰਦਰ ਬੈਠਿਆ ਮੇਰੇ ਕੰਨ ਬਾਹਰ ਵੱਲ ਸਨ ਉਹਦੀ ਉੱਚੀ ਤਿੱਖੀ ਹੱਸਦੀ ਹੋਈ ਦੀ ਆਵਾਜ਼ ਮੇਰੇ ਕੰਨਾਂ ਵਿੱਚ ਕਦੇ ਕਦੇ ਪੈ ਜਾਂਦੀ। ਪਰ ਜਦੋਂ ਥੋੜੀ ਦੇਰ ਬਾਅਦ ਅਸੀਂ ਡਿਨਰ ਲਈ ਉੱਪਰ ਆਏ ਤਾਂ ਉਹ ਪਹਿਲਾਂ ਹੀ ਜਾ ਚੁੱਕੀ ਸੀ। 

ਅਗਲੇ ਦਿਨ ਸਵੇਰ ਦੇ 10 ਕੁ ਵਜੇ ਮੇਰੀ ਅੱਖ ਖੁੱਲੀ ਤਾਂ ਮੰਮੀ ਜੀ ਪਹਿਲਾ ਹੀ ਚਾਹ ਬਣਾ ਕੇ ਬੈਠੇ ਹੋਏ ਸਨ। ਚਾਹ ਪੀਂਦੇ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੰਮੀ ਜੀ ਤੋਂ ਜੈਸੀ ਬਾਰੇ ਪੁੱਛਿਆ ਜਾਵੇ। ਹੌਸਲਾ ਜਿਹਾ ਕਰ ਕੇ ਪੁੱਛ ਹੀ ਲਿਆ, “ਮੰਮੀ ਜੀ, ਉਹ ਕੁੜੀ ਜੈਸੀ ਦੀ ਆਪਣੇ ਨਾਲ ਕਿ ਰਿਸ਼ਤੇਦਾਰੀ ਹੈ ?” ਇਹ ਸੁਣ ਕਿ ਮੈ ਸੁੱਖ ਦਾ ਇੱਕ ਲੰਬਾ ਸਾਹ ਲਿਆ ਜਦੋਂ ਮੇਰੀ ਮਾਂ ਨੇ ਕਿਹਾ, “ਕੋਈ ਸਿੱਧੀ ਰਿਸ਼ਤੇਦਾਰੀ ਨਹੀਂ ਹੈ ਅੱਗੇ ਨਾਨੀ ਦੀ ਘੜਾਨੀ ਵਰਗੀ ਅੱਗੇ ਦੀ ਅੱਗੇ ਰਿਸ਼ਤੇਦਾਰੀ ਮਿਲਦੀ ਹੈ।” ਮੰਮੀ ਜੀ ਨੇ ਪੂਰੀ ਡਿਟੇਲ ਵਿੱਚ ਰਿਸ਼ਤੇਦਾਰੀ ਸਮਝਾਉਂਦਿਆਂ ਅੰਤ ਵਿੱਚ ਕਿਹਾ, “ਪਰਦੇਸ਼ਾਂ ਵਿੱਚ ਬੈਠਿਆ ਨੂੰ ਤਾਂ ਦੂਰ ਦੀਆ ਇਹ ਰਿਸ਼ਤੇਦਾਰੀਆਂ ਹੀ ਨੇੜੇ ਦੀਆ ਲੱਗਣ ਲੱਗ ਜਾਂਦੀਆਂ ਨੇ।”

ਜੈਸੀ ਨੂੰ ਦੇਖ ਕੇ ਨਹੀਂ ਲੱਗਦਾ ਸੀ ਕਿ ਉਹਦਾ ਵਿਆਹ ਹੋਇਆ ਹੈ ਲੇਕਿਨ ਫਿਰ ਵੀ ਮੈਂ ਮੰਮੀ ਜੀ ਪੁੱਛਿਆ, “ਉਹਦਾ ਵਿਆਹ ਹੋ ਗਿਆ ਹੈ ਕਿ ਨਹੀਂ। “

ਮੇਰੀ ਮੰਮੀ ਜੀ ਨੇ ਇਹ ਗੱਲ ਸੁਣਦੇ ਸਾਰ ਹੀ ਕਿਹਾ, “ਦੇਖੀ ਤੇਗ ਪੁੱਤਰ, ਕੋਈ ਗੱਲ ਦਿਲ ਵਿੱਚ ਨਾ ਲਈ। ਟੱਕਰ ਆਪਣੇ ਬਰਾਬਰ ਵਾਲਿਆਂ ਨਾਲ ਹੀ ਲਾਉਣੀ ਚਾਹੀਦੀ ਹੈ।” ਮੰਮੀ ਜੀ ਨੂੰ ਸ਼ਾਇਦ ਮੇਰੀਆਂ ਗੱਲਾਂ ਵਿੱਚੋਂ ਹੀ ਸ਼ੱਕ ਪੈ ਗਿਆ ਸੀ। ਪਰ ਮੈਂ ਉਹਨਾਂ ਨਾਲ ਹਮੇਸ਼ਾ ਸਿੱਧੀ ਗੱਲ ਕਰਦਾ ਸੀ। “ਪਰ ਮੰਮੀ ਜੀ ਆਪਾਂ ਕਿਹੜਾ ਕਿਤੇ ਤੋਂ ਘੱਟ ਹਾਂ। 85 ਕਿੱਲਿਆਂ ਦੇ ਮਾਲਕ ਹਾਂ।” ਮੈਨੂੰ ਆਪਣੇ ਆਪ ਤੇ ਇੱਕ ਵੱਡਾ ਜਮੀਂਦਾਰ ਹੋਣ ਦਾ ਮਾਲਕ ਸੀ।  ਮਾਂ ਨੇ ਫਿਰ ਸਮਝਾ ਕਿ ਕਿਹਾ, “ਤੇਗ , ਬਾਹਰਲੇ ਮੁਲਕਾਂ ਵਿੱਚ ਕੁੜੀਆਂ ਜਮੀਨਾਂ ਨਹੀਂ ਪੜਾਈ ਲਿਖਾਈ ਦੇਖ ਦੀਆ ਨੇ।”  ਮੈਂ ਤਾਂ ਸੁੱਖ ਨਾਲ ਬਾਹਰਵੀਂ ਵੀ ਪੂਰੇ ਨੰਬਰਾਂ ਵਿੱਚ ਪਾਸ ਕੀਤੀ ਸੀ।  ਪਰ ਜੱਟ ਆਪਣੀ ਜਿੱਦ ਤੇ ਚੜ ਜਾਵੇ ਤਾਂ ਛੇਤੀ ਕਿਤੇ ਠੰਡਾ ਨਹੀਂ ਹੁੰਦਾ, “ਉਹ ਕਿਹੜਾ ਡੀ ਸੀ ਲੱਗੀ ਹੋਈ ਹੈ ਜਿਹਨੂੰ ਕੋਈ ਡਾਕਟਰ ਮੁੰਡਾ ਚਾਹੀਦਾ ਹੈ। “ ਇਹ ਗੱਲ ਸੁਨ ਕੇ ਮੰਮੀ ਨੇ ਇੱਕ ਅਜੀਬ ਜਿਹੀ ਨਿਗ੍ਹਾ ਨਾਲ ਮੇਰੇ ਵੱਲ ਦੇਖਿਆ ਅਤੇ ਫਿਰ ਬੋਲੀ, “ਕਿਸੇ ਵੱਡੀ ਕੰਪਨੀ ਵਿੱਚ ਸੀ ਈ ਓ ਲੱਗੀ ਹੋਈ ਹੈ ਜਿਹੜੀ ਡੀ ਸੀ ਦੇ ਔਹਦੇ ਤੋਂ ਉੱਪਰ ਦੀ ਹੁੰਦੀ ਹੈ।”

ਨੰਬਰ ਤਾਂ ਮੈਨੂੰ ਉਹਦਾ ਮਿਲ ਗਿਆ ਸੀ ਪਰ ਕਦੇ ਵੀ ਮੈਸਜ ਕਰਨ ਦੀ ਹਿੰਮਤ ਨਹੀਂ ਪਈ। ਪਰ ਹੋਂਸਲਾ ਅਜੇ ਵੀ ਨਹੀਂ ਛੱਡਿਆ ਸੀ। ਆਪਣੇ ਫ਼ਿਲਮੀ ਬਾਈ ਐਮੀ ਵਿਰਕ ਵਰਗਾ ਹੁਣ ਮੈਂ ਵੀ ਹੋ ਗਿਆ ਸੀ। ਪਿੰਡ ਵਿਚ ਮੇਰੇ ਅੱਗੇ ਕੋਈ ਅੱਖ ਚੁੱਕ ਨੇ ਨਹੀਂ ਦੇਖਦਾ ਸੀ ਹੁਣ ਉਹਦੇ ਅੱਗੇ ਮੈਂ ਭਿੱਜੀ ਜਿਹੀ ਬਿੱਲੀ ਬਣ ਗਿਆ ਸੀ ਪਰ ਆਪਾਂ ਵੀ ਵਿਰਕ ਬਾਈ ਨੂੰ ਆਪਣਾ ਉਸਤਾਦ ਮੰਨ ਲਿਆ ਸੀ। ਕਈ ਮਹੀਨੇ ਬਾਅਦ ਕਿਸੇ ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਆਏ ਸਾਂਝੇ ਸੱਦੇ ਤੇ ਉਹਨੇ ਲਿਖਿਆ ਸੀ ਕਿ ਉਹ ਜਰੂਰ ਆਵੇਗੀ। ਮੈਂ ਉਸ ਦਿਨ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਤੇ ਖੂਬ ਤਿਆਰੀ ਕੀਤੀ ਕਿ ਇਸ ਬਾਰ ਅੱਖਾਂ ਨਾਲ ਅੱਖਾਂ ਮਿਲਾਕੇ ਘੁੱਟਕੇ ਉਹਦੇ ਨਾਲ ਹੱਥ ਮਿਲਾਉਣਾ ਹੈ। ਜਦੋਂ ਪਾਰਟੀ ਤੇ ਪਹੁੰਚੇ ਅੱਗੇ ਉਹ ਸਾਮਣੇ ਹੀ ਖੜੀ ਸੀ। ਸਾਰੀਆਂ ਕੁੜੀਆਂ ਦੇ ਦੇਸੀ ਕੱਪੜੇ ਪਾਏ ਹੋਏ ਸਨ ਪਰ ਜੈਸੀ ਮੈਡਮ ਹੋਰੀ ਗੂੜੇ ਨੇਵੀ ਕਲਰ ਦਾ ਬਲੇਜ਼ਰ ਤੇ ਜੀਨਸ ਪਾਕੇ ਖੜੇ ਹੋਏ ਸਨ। ਮੇਰੀ ਮੰਮੀ ਅਤੇ ਭੈਣ ਜੀ ਨੂੰ ਉਹਨੇ ਘੁੱਟ ਕੇ ਜੱਫੀ ਪਾਕੇ ਮਿਲੀ। ਜਿਵੇਂ ਹੀ ਉਹਨੇ ਮੇਰੇ ਵੱਲ ਮੁਸਕਰਾਕੇ ਆਪਣਾ ਹੱਥ ਮੇਰੇ ਕੰਧੇ ਉੱਪਰ ਰੱਖਿਆ ਮੇਰੇ ਹੱਥਾਂ ਪੈਰਾਂ ਵਿੱਚੋਂ ਜਿਵੇਂ ਕਿਸੇ ਨੇ ਜਾਣ ਕੱਢ ਲਈ ਹੋਵੇ। ਉਹਦੀਆਂ ਅੱਖਾਂ ਦੀ ਚਮਕ ਦੇਖ ਕੇ ਮੇਰੀਆਂ ਅੱਖਾਂ ਇੱਕ ਵਾਰ ਫਿਰ ਝੁੱਕ ਗਈਆਂ।

ਅੱਖਾਂ ਵਿੱਚ ਅੱਖਾਂ ਮਿਲਾਕੇ ਉਹਦਾ ਹੱਥ ਮਿਲਾਉਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਸੀ। ਸਾਰੀ ਪਾਰਟੀ ਵਿੱਚ ਮੈਂ ਉਹ ਤੋਂ ਅਤੇ ਦੂਸਰੇ ਲੋਕਾਂ ਤੋਂ ਨਜ਼ਰਾਂ ਬਚਾ ਕੇ ਉਹਦੇ ਵੱਲ ਤੱਕਦਾ ਰਿਹਾ ਪਰ ਇਹ ਦੇਖ ਕੇ ਮੈਨੂੰ ਨਿਰਾਸ਼ਾ ਹੀ ਹੋਈ ਕਿ ਉਹਨੂੰ ਮੇਰੀ ਹੋਂਦ ਦਾ ਕੋਈ ਪਤਾ ਨਹੀਂ ਸੀ। ਪਾਰਟੀ ਵਿੱਚ ਉਹ ਆਪਣੇ ਅੰਕਲ ਅਤੇ ਵੱਡੀ ਭੈਣ ਨਾਲ ਆਈ ਸੀ। ਪਰ ਮਾਂ ਦੀ ਧੀ ਟਾਈਮ ਦੀ ਇੰਨੀ ਪਾਬੰਦ ਸੀ ਕਿ ਠੀਕ ਦੋ ਘੰਟੇ ਬਾਅਦ ਉੱਠ ਕੇ ਖੜੀ ਹੋ ਗਈ ਅਤੇ ਆਪਣੀ ਭੈਣ ਨੂੰ ਕਹਿੰਦੀ, “ਦੀਦੀ, ਤੁਸੀ ਮੌਜ਼ ਮਸਤੀ ਕਰੋ। ਮੈਂ ਕੱਲ ਨੂੰ ਜਲਦੀ ਕੰਮ ਤੇ ਜਾਣਾ ਹੈ ਇਸ ਲਈ ਮੈਂ ਤਾਂ ਹੁਣ ਜਾਂਦੀ ਹਾਂ। ਤੁਸੀ ਅੰਕਲ ਨਾਲ ਬਾਅਦ ਵਿੱਚ ਆ ਜਾਣਾ।” ਸਾਰਿਆਂ ਨੇ ਬਹੁਤ ਜ਼ੋਰ ਲਾਇਆ ਕਿ ਰੋਟੀ ਰੱਖਣ ਵਾਲੇ ਹੀ ਹਾਂ ਇਸ ਲਈ ਰੋਟੀ ਖਾ ਕੇ ਜਾਵੀ। ਪਰ ਪਤਾ ਨਹੀਂ ਉਹਦਾ ਕੀ ਮਿਲਟਰੀ ਦਾ ਰੂਲ ਸੀ ਕਿ ਸਾਢੇ ਨੌ ਵਜੇ ਹੀ ਨਿਕਲਣਾ ਸੀ। ਇੱਕ ਗੱਲ ਨੋਟ ਕਰਨ ਵਾਲੀ ਸੀ ਕਿ ਉਹ ਬੱਚਿਆਂ ਨਾਲ ਬੱਚਿਆਂ ਵਾਂਗ ਅਤੇ ਸਿਆਣੇ ਨਾਲ ਸਿਆਣਿਆਂ ਵਾਂਗ ਹੀ ਵਰਤਾ ਕਰਦੀ ਸੀ। ਕੁੜੀਆਂ ਵਿੱਚ ਬੈਠੀ ਉਹ ਹੱਸਕੇ ਮਜਾਕ ਕਰਦੀ ਪਰ ਜੇ ਕਦੇ ਉਹ ਆਪਣੇ ਅੰਕਲ ਦੇ ਮੁੰਡਿਆਂ ਜਾਂ ਫਿਰ ਉਹਨਾਂ ਦੇ ਦੋਸਤਾਂ ਨਾਲ ਗੱਲ ਕਰਦੀ ਤਾਂ ਉਹਨਾਂ ਵਾਲਾ ਰਵਈਆ ਬਣਾ ਲੈਂਦੀ। ਮੇਰੀ ਮੰਮੀ ਜੀ ਠੀਕ ਹੀ ਕਹਿੰਦੇ ਸੀ ਕਿ ਜੈਸੀ ਤਾਂ ਬੱਚਿਆਂ ਨਾਲ ਬੱਚੀ ਤੇ ਸਿਆਣੇ ਨਾਲ ਸਿਆਣੀ ਬਣ ਜਾਂਦੀ ਹੈ। ਪਰ ਇਹਨਾਂ ਗੱਲਾਂ ਵਿੱਚ ਮੇਰਾ ਕੀ ਫਾਇਦਾ ਸੀ। ਮੈਂ ਤਾਂ ਅਜੇ ਵੀ ਉਸ ਲਈ ਤੜਫ ਰਿਹਾ ਸੀ। 

ਦੋ ਸਾਲ ਮੈਂ ਸਿਰਫ ਉਹਦੇ ਨਾਲ ਗੱਲ ਕਰਨ ਨੂੰ ਤੜਫ਼ਦਾ ਰਿਹਾ। ਲੇਕਿਨ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਸ਼ਾਇਦ ਜ਼ਿੰਦਗੀ ਵਿੱਚ ਇਕੱਲਿਆਂ ਤੁਰਨਾ ਉਹਨੂੰ ਚੰਗਾ ਲੱਗਦਾ ਸੀ। ਘਰਦਿਆਂ ਦਾ ਇੱਕਲਾ ਪੁੱਤ ਹੋਣ ਕਾਰਣ ਮੇਰੀ ਭੈਣ ਅਤੇ ਮੰਮੀ ਮੈਨੂੰ ਹਮੇਸ਼ਾ ਵਿਆਹ ਕਰਣ ਨੂੰ ਜ਼ੋਰ ਪਾਉਂਦੇ ਰਹਿੰਦੇ ਸਨ। ਇੱਕ ਦਿਨ ਹੋਂਸਲਾ ਕਰਕੇ ਆਪਣੀ ਭੈਣ ਨੂੰ ਆਖ ਹੀ ਦਿੱਤਾ, “ਦੀਦੀ, ਮੈਨੂੰ ਜੈਸੀ ਚੰਗੀ ਲੱਗਦੀ ਹੈ। ਜੇ ਤੁਸੀ ਉਹਨੂੰ ਪੁੱਛ ਲਵੋ ਤਾਂ ਬਹੁਤ ਚੰਗਾ ਹੋਵੇਗਾ।” ਪਹਿਲਾਂ ਤਾਂ ਮੇਰੀ ਭੈਣ ਨੇ ਮੇਰੇ ਵੱਲ ਇਸ ਤਰਾਂ ਦੇਖਿਆ ਜਿਵੇਂ ਉਹ ਹੁਣੇ ਹੀ ਕੱਚੇ ਨੂੰ ਚਬਾ ਕੇ ਖਾ ਜਾਵੇਗੀ ਲੇਕਿਨ ਬਾਅਦ ਵਿੱਚ ਮੈਨੂੰ ਸਮਝਾਉਂਦਿਆਂ ਕਿਹਾ, “ਤੇਗ, ਤੂੰ ਦਿਲ ਦਾ ਬਹੁਤ ਚੰਗਾ ਹੈ। ਜੈਸੀ ਵਿੱਚ ਹਰ ਇੱਕ ਗੁਣ ਹੈ ਜਿਹੜਾ ਹਰ ਕੋਈ ਆਪਣੀ ਨੂੰਹ ਧੀ ਵਿੱਚ ਦੇਖਣਾ ਚਾਹੁੰਦਾ ਹੈ। ਪਰ ਜੈਸੀ ਨੇ ਆਪਣੀ ਜਿੰਦਗੀ ਖੁਦ ਚੁਣੀ ਹੈ ਜਿਹੜੀ ਉਹ ਆਪਣੀ ਸ਼ਰਤਾਂ ਤੇ ਜਿਉਣੀ ਚਾਹੁੰਦੀ ਹੈ। ਦੇਖੀ ਕੋਈ ਇਸ ਤਰਾਂ ਦਾ ਕੰਮ ਨਾ ਕਰੀ ਕਿ ਅਸੀਂ ਉਹਨਾਂ ਦੇ ਪਰਿਵਾਰ ਨਾਲ ਬੋਲਣ ਵਰਤਣੋਂ ਵੀ ਰਹਿ ਜਾਈਏ। ਜਦੋਂ ਮੇਰੇ ਤੇ ਮੁਸ਼ਕਿਲ ਦੀ ਘੜੀ ਆਈ ਸੀ ਉਹਨਾਂ ਨੇ ਪਰਦੇਸਾਂ ਵਿੱਚ ਮੇਰਾ ਪੂਰਾ ਸਾਥ ਦਿੱਤਾ ਸੀ.”

ਜਦੋਂ ਮੇਰੀ ਵੱਡੀ ਭੈਣ ਮੈਨੂੰ ਸਮਝਾ ਰਹੀ ਸੀ ਉਸਦੀਆਂ ਅੱਖਾਂ ਵਿੱਚ ਮੈਂ ਇੱਕ ਤਰਲਾ ਜਿਹਾ ਮਹਿਸੂਸ ਕੀਤਾ ਜਿਹੜਾ ਮੈਨੂੰ ਕਹਿ ਰਿਹਾ ਸੀ ਕਿ ਤੇਗ ਇਹਨਾਂ ਖ਼ੁਦਗ਼ਰਜ਼ ਵੀ ਨਾ ਬਣ ਕਿ ਆਪਣੇ ਪਿਆਰ ਲਈ ਆਪਣੀ ਭੈਣ ਦੀ ਰਿਸ਼ਤੇਦਾਰੀ ਵਿੱਚ ਕੋਈ ਤਰੇੜ ਪਾ ਦੇਵੀ। ਬੱਸ ਫਿਰ ਕੀ ਸੀ ਆਉਂਦੇ ਸਿਆਲਾਂ ਨੂੰ ਮੈਂ ਆਪਣੀ ਭੈਣ ਅਤੇ ਮੰਮੀ ਨਾਲ ਵਾਪਸ ਪੰਜਾਬ ਚਲਾ ਗਿਆ। ਰਿਸ਼ਤਿਆਂ ਦਾ ਕੋਈ ਘਾਟਾ ਨਹੀਂ ਸੀ। ਪਤਾ ਨਹੀਂ ਕਿੰਨੀਆਂ ਕੁੜੀਆਂ ਦੇਖੀਆਂ ਪਰ ਜੈਸੀ ਅੱਗੇ ਉਹ ਕੁਝ ਵੀ ਨਹੀਂ ਲੱਗਦੀਆ ਸਨ। ਵਾਪਸ ਜਾਣ ਦਾ ਟਾਈਮ ਹੋ ਰਿਹਾ ਸੀ। ਸਾਡਾ ਮਾਮਾ ਜੀ ਵੀ ਖਿੱਝੇ ਬੈਠੇ ਸਨ, “ਪਤਾ ਨਹੀਂ, ਤੇਗ, ਤੈਨੂੰ ਕਿਹੜੀ ਹੂਰਪਰੀ ਚਾਹੀਦਾ ਹੈ। ਆਪਣੇ ਆੜਤੀਏ ਦੀ ਭਾਣਜੀ ਹੈ ਕੱਲ ਨੂੰ ਉਹਨੂੰ ਦੇਖ ਆਉਂਦੇ ਹਾਂ। ਜੇ ਉਹ ਕੁੜੀ ਤੈਨੂੰ ਪਸੰਦ ਨਾ ਹੋਈ ਤਾਂ ਫਿਰ ਤੇਰਾ ਰੱਬ ਹੀ ਰਾਖਾ।”

ਅਗਲੇ ਦਿਨ ਅਸੀਂ ਆੜਤੀਏ ਦੀ ਭਾਣਜੀ ਦੇਖਣ ਚਲੇ ਗਏ। ਕੁਲਵੀਰ ਨੂੰ ਰੱਬ ਨੇ ਅੰਤਾਂ ਦਾ ਰੂਪ ਦਿਤਾ ਸੀ। ਮਨ ਦੇ ਵਿੱਚ ਖਿਆਲ ਆਇਆ ਕਿ ਜੈਸੀ ਤਾਂ ਕੁਲਵੀਰ ਅੱਗੇ ਕੁੱਛ ਵੀ ਨਹੀਂ ਹੈ। ਮੈਨੂੰ ਇਸ ਤਰਾਂ ਲੱਗਿਆ ਕਿ ਮੈਂ ਵਿਆਹ ਆਪਣੇ ਲਈ ਨਹੀਂ ਸਗੋਂ ਜੈਸੀ ਦੇ ਮੁਕਾਬਲੇ ਵਿੱਚ ਕੁੜੀ ਲੱਭ ਕੇ ਉਹਤੋਂ ਬਦਲਾ ਲੈਣ ਵਾਰੇ ਸੋਚ ਰਿਹਾ ਹੋਵਾਂ। ਫਿਰ ਦਿਮਾਗ ਵਿੱਚ ਆਇਆ ਕਿ ਤੇਗ ਸਿਆਂ ਸ਼ਾਇਦ ਜੈਸੀ ਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਉਹਦੇ ਵਾਰੇ ਕੀ ਸੋਚਦਾ ਹਾਂ। ਇਸ ਲਈ ਇਸ ਗੱਲ ਵਿੱਚ ਉਹਦਾ ਤਾਂ ਕੋਈ ਕਸੂਰ ਨਹੀਂ ਹੈ। ਇਹ ਸੋਚਦਿਆਂ ਮੈਂ ਕੁਲਵੀਰ ਨਾਲ ਵਿਆਹ ਕਰਵਾਹੁਣ ਲਈ ਹਾਂ ਕਰ ਦਿੱਤੀ। ਤੇ ਸ਼ਗਨ ਪੈਣ ਤੋਂ ਥੋੜੀ ਦੇਰ ਬਾਅਦ ਹੀ ਸਾਡਾ ਵਿਆਹ ਹੋ ਗਿਆ। ਮੇਰੇ ਵਾਪਸ ਪਰਤਣ ਤੋਂ ਕੋਈ ਅੱਠ ਮਹੀਨੇ ਬਾਅਦ ਕੁਲਵੀਰ ਵੀ ਸਾਡੇ ਕੋਲ ਪਹੁੰਚ ਗਈ। ਕੁਲਵੀਰ ਦੇ ਆਉਣ ਤੋਂ ਬਾਅਦ ਘਰਦਿਆਂ ਨੇ ਪਾਰਟੀ ਰੱਖੀ ਸੀ ਪਰ ਜੈਸੀ ਦਾ ਉਹੀ ਪੁਰਾਣਾ ਬਹਾਨਾ ਕਿ ਕੰਮ ਕਰਕੇ ਨਹੀਂ ਆ ਸਕਦੀ। ਉਹਦੀ ਵੱਡੀ ਭੈਣ ਅਤੇ ਬਾਕੀ ਦਾ ਪਰਿਵਾਰ ਆਇਆ ਸੀ ਉਹਨਾਂ ਤੋਂ ਹੀ ਪਤਾ ਲੱਗਿਆ ਕਿ ਜੈਸੀ ਤਾਂ ਯੂਰਪ ਦੇ ਕਿਸੇ ਦੇਸ਼ ਵਿੱਚ ਕੰਮ ਵੱਲੋਂ ਗਈ ਹੋਈ ਹੈ। 

ਦੋ ਸਾਲਾਂ ਬਾਅਦ ਸਾਡੇ ਘਰੇ ਬੇਟਾ ਹੋਇਆ ਅਤੇ ਤੇ ਉਹਦੀ ਲੋਹੜੀ ਤੇ ਬੜਾ ਇਕੱਠ ਹੋਇਆ। ਅਤੇ ਅੱਜ ਜੈਸੀ ਵੀ ਆਈ ਸੀ। ਅੱਜ ਪਹਿਲੀ ਵਾਰ ਉਹ ਦੇਸੀ ਸੂਟ ਪਹਿਨ ਕੇ ਆਈ ਸੀ। ਮੈਂ ਉਹਨੂੰ ਧਿਆਨ ਨਾਲ ਦੇਖਿਆ ਗੂੜ੍ਹੇ ਹਰੇ ਰੰਗ ਦੇ ਸਿਲਕ ਦੇ ਸੂਟ ਨਾਲ ਮੈਚ ਕਰਦਾ ਹਰੇ ਰੰਗ ਦਾ ਟਿੱਕਾ ਉਹਦੇ ਮੱਥੇ ਤੇ ਇਸ ਤਰਾਂ ਚਮਕ ਰਿਹਾ ਸੀ ਜਿਵੇਂ ਸੂਰਜ ਪੂਰੀ ਲੋ ਵਿੱਚ ਚਮਕ ਰਿਹਾ ਹੋਵੇ। ਕੰਨਾਂ ਵਿੱਚ ਮੈਚਿੰਗ ਕਰਦੇ ਕਾਂਟੇ ਉਹਦੀਆਂ ਗੱਲਾਂ ਨੂੰ ਛੂਹ ਜਾਂਦੇ ਜਦੋਂ ਵੀ ਉਹ ਆਪਣਾ ਸਿਰ ਘੁੰਮਾਉਂਦੀ ਸੀ। ਕੁਲਵੀਰ ਨੇ ਵੀ ਰੱਜ ਕੇ ਮੇਕਅਪ ਕੀਤਾ ਸੀ ਪਰ ਜੈਸੀ ਦੇ ਅੱਗੇ ਉਹਦੀ ਚਮਕ ਫਿੱਕੀ ਪੈ ਗਈ ਸੀ। ਜੈਸੀ ਲਈ ਮੇਰੇ ਦਿੱਲ ਵਿੱਚ ਹਮੇਸ਼ਾ ਹੀ ਇੱਕ ਖਾਸ ਥਾਂ ਰਹੀ ਹੈ ਪਰ ਉਹਦੀ ਆਪਣੀ ਹੀ ਇੱਕ ਦੁਨੀਆਂ ਸੀ ਜਿਹਦੇ ਵਿੱਚ ਉਹ ਕਿਸੇ ਨੂੰ ਨਹੀਂ ਆਉਣ ਦਿੰਦੀ ਸੀ। ਸੋਹਣੀ ਸੁਨੱਖੀ ਅਤੇ ਪੜੀ ਲਿਖੀ ਕੁੜੀ ਆਪਣੀ ਹੀ ਮਸਤੀ ਨਾਲ ਜ਼ਿੰਦਗੀ ਜੀ ਰਹੀ ਸੀ। ਪਿਆਰ ਤਾਂ ਮੈਂ ਉਸਨੂੰ ਬਹੁਤ ਕਰਦਾ ਸੀ ਜਿਹਦਾ ਤਾਂ ਮੈਨੂੰ ਬਹੁਤ ਪਹਿਲਾਂ ਪਤਾ ਲੱਗ ਗਿਆ ਸੀ ਸ਼ਾਇਦ ਮੇਰਾ ਉਹਦੇ ਨਾਲ ਮਿਲਣਾ ਇਸ ਜ਼ਿੰਦਗ਼ੀ ਵਿੱਚ ਨਹੀਂ ਲਿਖਿਆ ਹੋਇਆ ਸੀ। ਪਰ ਬਾਅਦ ਵਿੱਚ ਇਸ ਗੱਲ ਦਾ ਵੀ ਅਹਿਸਾਸ ਹੋ ਗਿਆ ਕਿ ਪਿਆਰ ਨਾਲੋਂ ਜਿਆਦਾ ਮੈ ਉਹਦਾ ਆਦਰ ਮਾਣ ਕਰਨ ਲੱਗ ਪਿਆ ਸੀ। 

ਫਿਰ ਜੈਸੀ ਨੇ ਇੱਕ ਦਿਨ ਇਹ ਖ਼ਬਰ ਦੇ ਕੇ ਹੈਰਾਨ ਕਰ ਦਿੱਤਾ ਕਿ ਉਹ ਮਾਂ ਬਣਨ ਵਾਲੀ ਹੈ। ਬਿਨਾਂ ਵਿਆਹ ਤੋਂ ਮਾਂ ਬਣਨਾ ਪੱਛਮੀ ਕਲਚਰ ਦਾ ਇੱਕ ਹਿੱਸਾ ਹੈ ਪਰ ਸਾਡੇ ਸਮਾਜ ਵਿੱਚ ਅਜੇ ਵੀ ਲੋਕ ਇਸ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਹਨ। ਬੱਸ ਖ਼ਬਰ ਕੀ ਆਈ ਕਿ ਸਾਰਿਆਂ ਨੂੰ ਜੈਸੀ ਦੇ ਖਿਲਾਫ ਬੋਲਣ ਦਾ ਜਿਵੇਂ ਰੱਬ ਵੱਲੋਂ ਸਿੱਥਾ ਅਧਿਕਾਰ ਮਿਲ ਗਿਆ ਹੋਵੇ। ਮੇਰੇ ਘਰ ਵਿੱਚ ਵੀ ਅਕਸਰ ਇਹ ਗੱਲ ਕਦੇ ਨਾ ਕਦੇ ਚੱਲ ਹੀ ਪੈਂਦੀ ਸੀ ਪਰ ਮੈਂ ਹਮੇਸ਼ਾ ਹੀ ਜੈਸੀ ਦਾ ਸਾਥ ਦਿੰਦਾ ਰਿਹਾ। ਬਾਕੀਆਂ ਨੂੰ ਵੀ ਜੈਸੀ ਦੇ ਖ਼ਿਲਾਫ਼ ਬੋਲਣ ਤੋਂ ਰੋਕਦਾ ਰਿਹਾ। ਜਦੋਂ ਉਹਦੀ ਆਪਣੀ ਭੈਣ ਅਤੇ ਅੰਕਲ ਨੂੰ ਕੋਈ ਇਤਰਾਜ਼ ਨਹੀਂ ਸੀ ਫਿਰ ਬਾਕੀ ਲੋਕਾਂ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਹੈ। ਜੈਸੀ ਦੇ ਦੋ ਜੁੜਵਾਂ ਬੱਚੇ ਪੈਦਾ ਹੋਏ ਸਨ ਪਰ ਬੱਚੇ ਯੂਰਪ ਵਿੱਚ ਹੀ ਰਹਿੰਦੇ ਸਨ। ਬੱਚੇ ਹੋਣ ਤੋਂ ਬਾਅਦ ਉਹਦੇ ਅੰਕਲ ਜੀ ਅਤੇ ਵੱਡੀ ਭੈਣ ਵੀ ਉਹਦੇ ਕੋਲ ਯੂਰਪ ਵਿੱਚ ਚਲੇ ਗਏ ਸਨ। ਪਰ ਉਹਨਾਂ ਨੇ ਹਮੇਸ਼ਾ ਹੀ ਫੋਨ ਉੱਪਰ  ਸਾਡੇ ਨਾਲ ਸਬੰਧ ਬਣਾਈ ਰੱਖੇ ਸਨ। ਜੈਸੀ ਦੀ ਉਹੀ ਪਹਿਲਾਂ ਵਾਲੀ ਆਦਤ ਹੀ ਰਹੀ ਸੀ। ਫਿਰ ਸਾਰਾ ਪਰਿਵਾਰ ਇੱਕ ਦਿਨ ਵਾਪਸ ਆ ਗਿਆ। ਦੋਵੇਂ ਬੱਚੇ ਵੀ ਵਾਪਸ ਆ ਗਏ ਸਨ। ਪਹਿਲੀ ਵਾਰ ਦੋਹਾਂ ਨੂੰ ਦੇਖਿਆ ਤਾਂ ਸਾਰਿਆਂ ਨੂੰ ਜੈਸੀ ਉਹਨਾਂ ਵਿੱਚ ਦਿਖੀ ਸੀ। ਅਜੇ ਜੈਸੀ ਖੁਦ ਨਹੀਂ ਆਈ ਸੀ। 

ਇੱਕ ਦਿਨ ਅਚਾਨਕ ਜੈਸੀ ਫਿਰ ਤੋਂ ਵਾਪਸ ਆ ਗਈ। ਸਾਰਿਆਂ ਨੇ ਮਿਲਕੇ ਉਹਨਾਂ ਲਈ ਪਾਰਟੀ ਰੱਖੀ ਸੀ। ਜਿਹੜੇ ਉਹਦੀ ਪਿੱਠ ਪਿੱਛੇ ਬੁਰਾ ਭਲਾ ਬੋਲਦੇ ਸਨ ਅੱਜ ਉਹ ਫਿਰ ਤੋਂ ਉਹਨੂੰ ਦੇਖ ਕੇ ਉੱਠ ਕੇ ਖੜੇ ਹੋ ਗਏ ਸਨ। ਉਹਨਾਂ ਦੀਆ ਅੱਖਾਂ ਵਿੱਚ ਮੈਂ ਜੈਸੀ ਲਈ ਉਹੀ ਇੱਜਤ ਦੇਖੀ ਜੋ ਮੈਂ ਪਹਿਲੀ ਵਾਰ ਦੇਖੀ ਸੀ ਜਦੋੰ ਮੈ ਨਵਾਂ ਨਵਾਂ ਆਇਆ ਸੀ। ਸਾਰਿਆਂ ਨੂੰ ਇਹ ਗੱਲ ਸਮਝ ਬਾਦ ਵਿੱਚ ਹੀ ਸਮਝ ਆਈ ਸੀ ਕਿ ਜੈਸੀ ਨੇ ਇਹ ਕਦਮ ਕਿਉਂ ਚੁੱਕਿਆ ਸੀ। ਜੈਸੀ ਦੇ ਬਚਪਨ ਦਾ ਦੋਸਤ ਇੱਕ ਦੇਸੀ ਲੜਕਾ ਸੀ ਦੋਵੇਂ ਨਰਸਰੀ ਤੋਂ ਲੈਕੇ ਇਕੱਠੇ ਪੜੇ ਸਨ। ਘਰਦਿਆਂ ਦਾ ਇੱਕਲਾ ਕਾਰਾ ਮੁੰਡਾ ਸੀ। ਕੋਈ ਬਹੁਤਾ ਵੱਡਾ ਕਾਰੋਬਾਰ ਵੀ ਨਹੀਂ ਸੀ। ਰਾਜੂ ਨਾਮ ਸੀ ਉਹਦਾ। ਕਹਿੰਦੇ ਬਹੁਤ ਦਿਆਲੂ ਸੁਭਾਅ ਦਾ ਬੀਬਾ ਮੁੰਡਾ ਸੀ।  ਅਜੇ ਕਾਲਜ ਵਿੱਚ ਦਾਖਲਾ ਲਿਆ ਹੀ ਸੀ ਕਿ ਅਚਾਨਕ ਉਸਦੇ ਸਿਰ ਵਿੱਚ ਦਰਦ ਹੋਣ ਲੱਗ ਪਿਆ ਸੀ। ਟੈਸਟ ਕਰਵਾਏ ਤਾਂ ਪਤਾ ਲੱਗਿਆ ਕਿ ਦਿਮਾਗ ਵਿੱਚ ਬਹੁਤ ਹੀ ਖ਼ਤਰਨਾਕ ਕੈਂਸਰ ਹੈ। ਡਾਕਟਰਾਂ ਨੇ ਤਿੰਨ ਚਾਰ ਮਹੀਨੇ ਦਾ ਸਮਾਂ ਦਿੱਤਾ ਸੀ। ਜਦੋਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਇੱਕਲਾ ਹੀ ਲੜਕਾ ਹੈ ਤਾਂ ਕਿਸੇ ਨੇ ਸਲਾਹ ਦੇ ਦਿੱਤੀ ਕਿ ਕੈਂਸਰ ਦੀ ਦਿਵਾਈ ਸ਼ੁਰੂ ਕਰਣ ਤੋਂ ਪਹਿਲਾਂ ਰਾਜੂ ਦੇ ਵੀਰਜ਼ ਨੂੰ ਫ੍ਰੀਜ਼ ਕਰ ਦੇਣ ਤਾਂ ਜੇ ਬਾਅਦ ਵਿੱਚ ਬੱਚੇ ਦੀ ਜਰੂਰਤ ਹੋਈ ਤਾਂ ਕੋਈ ਮੁਸ਼ਕਲ ਨਾ ਆਵੇ। ਭਾਵੇਂ ਰਾਜੂ ਦਾ ਕੈਂਸਰ ਜਾਨ ਲੇਵਾ ਸੀ ਪਰ ਮਾਂ ਬਾਪ ਨੇ ਰਾਜੂ ਦੀ ਸਲਾਹ ਨਾਲ ਇਹ ਕੰਮ ਕਰ ਹੀ ਲਿਆ ਸੀ। ਰਾਜੂ ਤਾਂ ਨਹੀਂ ਬੱਚ ਸਕਿਆ ਸੀ ਪਰ ਜਾਂਦਾ ਹੋਇਆ ਆਪਣੇ ਪਿੱਛੇ ਮਾਂ ਬਾਪ ਲਈ ਇੱਕ ਆਸ ਛੱਡ ਗਿਆ ਸੀ ਜਿਹੜੀ ਬਾਅਦ ਵਿੱਚ ਜੈਸੀ ਨੇ ਪੂਰੀ ਕਰ ਦਿੱਤੀ ਸੀ। ਪਤਾ ਨਹੀਂ ਸਾਨੂੰ ਸਾਰਿਆਂ ਨੂੰ ਲੱਗਿਆ ਕਿ ਜੈਸੀ ਵਿੱਚ ਹੋਂਸਲਾ ਬਹੁਤ ਹੈ।

ਅੱਜ ਵੀ ਉਹ ਆਪਣਾ ਸਿਰ ਮਾਣ ਨਾਲ ਚੁੱਕ ਕੇ ਚਲਦੀ ਹੈ ਅਤੇ ਮੈਂ ਹੁਣ ਤੱਕ ਉਹਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਗੱਲ ਨਹੀਂ ਕਰ ਸਕਿਆ। ਜੈਸੀ ਮੇਰਾ ਪਹਿਲਾ ਇੱਕ ਤਰਫਾ ਪਿਆਰ ਹੈ  ਜਿਹਨੂੰ  ਮੈਂ ਕਦੇ ਭੁੱਲ ਨਹੀਂ ਸਕਿਆ। ਮੇਰਾ ਇੱਕ ਤਰਫਾ ਪਿਆਰ ਇੱਛਾ ਜਾਂ ਫਿਰ ਕੋਈ ਬੁਰੀ ਨਜ਼ਰ ਨਾਲ ਨਹੀਂ ਸਗੋਂ ਇੱਜਤ ਨਾਲ ਭਰਿਆ ਹੋਇਆ ਹੈ। ਸਾਡੇ ਦੋਹਾ ਦੇ ਬੱਚੇ ਵੱਡੇ ਹੋ ਚੁੱਕੇ ਹਨ। ਮੇਰੀ ਤੇ ਕੁਲਵੀਰ ਦੀ ਆਪਸ ਵਿੱਚ ਕਾਫੀ ਬਣਦੀ ਹੈ। ਲੇਕਿਨ ਕਦੇ ਕਦੇ ਜੈਸੀ ਨੂੰ ਦੇਖ ਕੇ ਦਿੱਲ ਉਦਾਸ ਹੋ ਜਾਂਦਾ ਹੈ ਕਿ ਉਹਨੂੰ ਕਿਹੜੀ ਸਜ਼ਾ ਮਿਲੀ ਹੈ। ਆਪਣੇ ਦਿਲ ਦੀ ਗੱਲ ਕੀਹਦੇ ਨਾਲ ਸਾਂਝੀ ਕਰਦੀ ਹੋਵੇਗੀ। ਪਰ ਅੱਜ ਤੱਕ ਜੈਸੀ ਨੂੰ ਆਪਣੇ ਫੈਸਲੇ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੈ। ਪਤਾ ਨਹੀਂ ਕਿਉਂ ਮੈਨੂੰ ਆਪਣੇ ਆਪ ਤੇ ਮਾਣ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ ਜਦੋਂ ਕਦੇ ਇਹ ਯਾਦ ਆਉਂਦਾ ਹੈ ਕਿ ਮੇਰੀ ਪਸੰਦ ਕਿੰਨੀ ਸੋਹਣੀ ਅਤੇ ਸਹੀ ਸੀ। ਮੇਰਾ ਦਿਲ ਕਿੰਨੀ ਚੰਗੀ ਕੁੜੀ ਤੇ ਆਇਆ ਸੀ।  

Leave a comment