ਅੰਤਿਮ ਸੰਸਕਾਰ: ਸ਼ਾਂਤੀ ਦੀ ਖੋਜ

ਬਹੁਤ ਸਮੇ ਪਹਿਲਾਂ ਦੀ ਗੱਲ ਹੈ ਕਿ ਇੱਕ 25 ਦੀ ਸਾਲ ਦੀ ਕੁੜੀ ਜਿਹੜੀ ਬਹੁਤ ਸਹਿਮੀ ਜਿਹੀ ਲੱਗਦੀ ਸੀ ਆਪਣੇ ਦੋ ਛੋਟੇ ਬੱਚਿਆਂ ਨਾਲ ਅੰਤਿਮ ਸੰਸਕਾਰ ਘਰ ਵਿੱਚ ਦਾਖਲ ਹੋਈ। ਉਹਦੇ ਮੰਮੀ ਡੈਡੀ ਨੇ ਪਤਾ ਨਹੀਂ ਉਸਦਾ ਕੀ ਨਾਮ ਰੱਖਿਆ ਸੀ ਪਰ ਇਸ ਪਰਾਏ ਮੁਲਕ ਵਿੱਚ ਉਹਨੂੰ ਸਾਰੇ ਜਾਣੇ ਰੀਤ ਹੀ ਕਹਿ ਕੇ ਬਲਾਉਂਦੇ ਸਨ। ਉਸਨੇ ਅੱਜ ਤੱਕ ਕਿਸੇ ਦਾ ਸੰਸਕਾਰ ਹੁੰਦਾ ਨਹੀਂ ਦੇਖਿਆ ਸੀ ਸ਼ਾਇਦ ਇਸੇ ਕਰਕੇ ਉਸਦਾ ਮਨ ਡਰ ਨਾਲ ਭਰਿਆ ਹੋਇਆ ਸੀ। ਕਹਿੰਦੇ ਕਹਾਉਂਦੇ ਸਰਦਾਰਾ ਦੀ ਧੀ ਪਰਦੇਸਾਂ ਵਿੱਚ ਆਕੇ ਰੁਲ ਜਿਹੀ ਗਈ ਸੀ। ਸ਼ਾਇਦ ਉਹਨੂੰ ਇਹ ਵੀ ਡਰ ਸੀ ਕਿ ਕੋਈ ਉਹਦੇ ਬੱਚਿਆਂ ਨੂੰ ਉਸ ਤੋਂ ਖੋਹ ਨਾ ਲਵੇ, ਇਸ ਲਈ ਉਸਨੇ ਆਪਣੇ ਦੋਵਾਂ ਬੱਚਿਆਂ ਦੇ ਹੱਥ ਬਹੁਤ ਜ਼ੋਰ ਨਾਲ ਫੜੇ ਹੋਏ ਸਨ। ਉਹਦੀਆਂ ਅੱਖਾਂ ਵਿੱਚ ਕੋਈ ਹੰਝੂ ਨਹੀਂ ਸੀ ਪਰ ਉਹ ਬਹੁਤ ਉਦਾਸ ਲੱਗਦੀ ਸੀ। ਪਤਾ ਨਹੀਂ ਕਿਉਂ ਉਦਾਸੀ ਤੋਂ ਜਿਆਦਾ ਉਹਦੀਆਂ ਅੱਖਾਂ ਵਿੱਚ ਰਹਿਤ ਦੀ ਝਲਕ ਦਿਖਾਈ ਦੇ ਰਹੀ ਸੀ ਅਤੇ ਉਹਦੇ ਚੇਹਰੇ ਉੱਪਰ ਅੰਤਾਂ ਦੀ ਸ਼ਾਂਤੀ ਦੇਖਣ ਨੂੰ ਲੱਗਦੀ ਸੀ। ਸੰਸਕਾਰ ਘਰ ਦੇ ਦੋਵੇ ਪਾਸੇ ਲੱਗੀਆਂ ਕੁਰਸੀਆਂ ਲੋਕਾਂ ਨਾਲ ਭਰੀਆਂ ਪਈਆਂ ਸਨ। ਅਤੇ ਕੁਰਸੀਆਂ ਦੇ ਵਿੱਚਕਾਰ ਦੀ ਇੱਕ ਹਾਲ ਜਾਂਦਾ ਸੀ ਜਿਹੜਾ ਸਟੇਜ ਤੇ ਜਾ ਕੇ ਖ਼ਤਮ ਹੋ ਜਾਂਦਾ ਸੀ। ਰੀਤ ਦਰਵਾਜੇ ਤੇ ਖੜੀ ਹੋ ਸੋਚ ਰਹੀ ਸੀ ਕਿ ਉਹ ਇਸ ਲੰਬੇ ਹਾਲ ਨੂੰ ਇਕੱਲੀ ਕਿਵੇਂ ਪਾਰ ਕਰੇਗੀ। ਉਹ ਤਾਂ ਕਦੇ ਇਕੱਲੀ ਸੜਕ ਨਹੀਂ ਪਾਰ ਕਰ ਸਕੀ ਸੀ। ਇਹ ਰੀਤ ਲਈ ਕੋਈ ਇਹਨਾਂ ਆਸਾਨ ਕੰਮ ਨਹੀਂ ਸੀ ਜਿੰਨਾ ਕਿ ਇਹ ਦੂਸਰੇ ਇਨਸਾਨਾਂ ਨੂੰ ਪੜਨ ਜਾਂ ਸੁਣਨ ਵਿੱਚ ਲੱਗਦਾ ਸੀ। ਉਹਨੂੰ ਇਸ ਤਰਾਂ ਲੱਗਿਆ ਜਿਵੇ ਉਹਨੇ ਕੋਈ ਜੰਗ ਲੜਣ ਜਾਣਾ ਹੋਵੇ ਅਤੇ ਆਸੇ ਪਾਸੇ ਸੱਭ ਦੁਸਮਣ ਜਾਂ ਫਿਰ ਸ਼ਿਕਾਰੀ ਘਾਤ ਲਗਾ ਕੇ ਬੈਠੇ ਹੋਣ। ਪਰ ਰੀਤ ਬਾਬਾ ਨਾਨਕ ਜੀ ਦਾ ਨਾਮ ਜਪਦੀ ਜਪਦੀ ਹਿੰਮਤ ਕਰਕੇ ਤਾਬੂਤ ਵੱਲ ਨੂੰ ਤੁਰ ਪਈ ਸੀ। 

ਅਜੇ ਦੋ ਚਾਰ ਕਦਮ ਅੱਗੇ ਵਧਾਏ ਸਨ ਜਦੋਂ ਲੋਕਾਂ ਨੇ ਉਹਨੂੰ ਆਉਂਦੇ ਦੇਖ ਲਿਆ ਸੀ। ਰੀਤ ਨੂੰ ਆਉਂਦੀ ਦੇਖ ਆਪਸ ਵਿੱਚ ਗੱਲਾਂ ਕਰਦੇ ਲੋਕ ਬਿੱਲਕੁਲ ਚੁੱਪ ਕਰ ਗਏ ਸਨ ਅਤੇ ਜਿਹੜੇ ਹਾਲ ਵਿੱਚ ਦੋ ਮਿੰਟ ਪਹਿਲਾ ਕਾਵਾਂ ਰੋਲੀ ਦੀ ਆਵਾਜ਼ ਇਸ ਤਰਾਂ ਬੰਦ ਹੋ ਗਈ ਸੀ ਜਿਵੇਂ ਕਿਸੇ ਤੂਫ਼ਾਨ ਦੇ ਚਲੇ ਜਾਣ ਤੋਂ ਬਾਅਦ ਵਾਤਾਵਰਣ ਖਾਮੋਸ਼ੀ ਅਤੇ ਬਰਬਾਦੀ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਲੋਕਾਂ ਦੀਆ ਅੱਖਾਂ ਰੀਤ ਅਤੇ ਬੱਚਿਆਂ ਨੂੰ ਤਰਸ ਭਰੀ ਨਜ਼ਰ ਨਾਲ ਇਸ ਤਰਾਂ ਦੇਖ ਰਹੀਆਂ ਸਨ ਜਿਵੇਂ ਸਿਰਫ ਉਹੀ ਇਸ ਦੁਨੀਆਂ ਵਿੱਚ ਕਰਮਾ ਦੀ ਮਾਰੀ ਹੋਵੇ। ਪਰ ਉਹਨਾਂ ਤਿੰਨਾਂ ਨੂੰ ਕਿਸੇ ਦੀ ਝੂਠੀ ਮਦਦ ਜਾਂ ਫਿਰ ਤ੍ਰਾਸਦੀ ਦੀ ਲੋੜ ਨਹੀਂ ਸੀ। ਰੀਤ ਨੂੰ ਬਾਬੇ ਨਾਨਕ ਦਾ ਸਹਾਰਾ ਸੀ ਅਤੇ ਉਹਦੇ ਵੱਡੇ ਬੇਟੇ ਨੂੰ ਆਪਣੀ ਮਾਂ ਦਾ ਸਹਾਰਾ ਸੀ ਅਤੇ ਛੋਟੇ ਨੂੰ ਕੋਈ ਪਤਾ ਹੀ ਨਹੀਂ ਸੀ ਕਿ ਉਹਨੂੰ ਦੁੱਧ ਦੀ ਬੋਤਲ ਤੋਂ ਬਿਨਾ ਕੁੱਝ ਹੋਰ ਵੀ ਚਾਹੀਦਾ ਸੀ। ਪਤਾ ਨਹੀਂ ਕਿੰਨੀਆਂ ਕੋ ਅੱਖਾਂ ਦਾ ਸਾਮਣਾ ਕਰਦੀ ਹੋਈ ਉਹ ਤਾਬੂਤ ਦੇ ਕੋਲ ਪਹੁੰਚ ਗਈ ਸੀ। 

ਉਹ ਕੁਝ ਸਕਿੰਟਾਂ ਲਈ ਤਾਬੂਤ ਦੇ ਕੋਲ ਚੁੱਪਚਾਪ ਖੜ੍ਹੀ ਰਹੀ। ਉਹ ਮਨ ਵਿੱਚ ਹੀ ਕੁਝ ਸੋਚ ਰਹੀ ਸੀ ਕਿ ਅਚਾਨਕ ਰੀਤ ਨੂੰ ਇਹ ਅਹਿਸਾਸ ਹੋਇਆ ਕਿ ਸਾਰੇ ਉਸਨੂੰ ਇਸ ਤਰਾਂ ਕਿਉਂ ਦੇਖ ਰਹੇ ਸਨ। ਕੀ ਉਹਦੇ ਤੇ ਤਰਸ ਖਾ ਰਹੇ ਸਨ ਜਾਂ ਕੁੱਝ ਹੋਰ ਸੋਚ ਰਹੇ ਸਨ। ਰੀਤ ਦੇ ਦਿਮਾਗ ਵਿੱਚ ਆਇਆ, “ਕੀ ਇਹ ਲੋਕ ਸੋਚ ਰਹੇ ਹਨ ਕਿ ਮੈਂ ਕਿਉਂ ਨਹੀਂ ਰੋ ਰਹੀ? ਕੀ ਇਹ  ਸੋਚਦੇ ਹਨ ਕਿ ਮੈਂ ਸਦਮੇ ਵਿੱਚ ਹਾਂ? ਕੀ ਸੋਚ ਰਹੇ ਹਨ ਕਿ ਮੈਨੂੰ ਅੱਜ ਰਵਾਇਤੀ ਪਹਿਰਾਵਾ ਪਹਿਨਣਾ ਚਾਹੀਦਾ ਸੀ?”

ਉਥੇ ਰੀਤ ਤੋਂ ਬਿਨਾ ਹਰ ਕੋਈ ਮੌਜੂਦ ਔਰਤ ਰਵਾਇਤੀ ਪਹਿਰਾਵੇ ਵਿੱਚ ਸੀ ਪਰ ਰੀਤ ਨੇ ਤਾਂ ਪਿਛਲੇ ਦੋ ਦਿਨਾਂ ਤੋਂ ਉਹੀ ਕੱਪੜੇ ਪਾ ਰੱਖੇ ਸਨ। ਉਹਦੇ ਦਿਮਾਗ ਵਿੱਚ ਇੱਕ ਖਿਆਲ ਆਇਆ, “ਇਹਨਾਂ ਲੋਕਾਂ ਦੀ ਸੋਚ ਜਾਂ ਇਹ ਖੁਦ ਜਾਣਦੇ ਹਨ ਜਾਂ ਉੱਪਰ ਵਾਲਾ ਜਿੰਨੇ ਇਹਨਾਂ ਨੂੰ ਇਸ ਸੋਚ ਦਾ ਮਾਲਕ ਬਣਾਇਆ ਹੈ। ਇਹ ਤਾਂ ਸਾਰੇ ਹੀ ਮੈਨੂੰ ਪਹਿਲਾਂ ਹੀ ਲਾਪਰਵਾਹ ਕਹਿੰਦੇ ਹਨ ਇਸ ਲਈ ਅੱਜ ਮੈਨੂੰ ਇੰਨਾ ਦੀ ਸੋਚ ਦੀ ਪਰਵਾਹ ਕਰਨ ਦੀ ਕੀ ਜਰੂਰਤ ਹੈ?” 

ਰੀਤ ਨੇ ਡਰਦੀ ਜਿਹੀ ਨਜ਼ਰ ਨਾਲ ਤਾਬੂਤ ਵੱਲ ਦੇਖਿਆ। ਤਾਬੂਤ ਵਿੱਚ ਜੈਵੀਰ ਚੁੱਪਚਾਪ ਅੱਖਾਂ ਬੰਦ ਕੀਤੇ ਅਰਾਮ ਨਾਲ ਪਿਆ ਹੋਇਆ ਸੀ। ਅੱਜ ਲਾਸ਼ ਬਣਿਆ ਉਹਦਾ ਚੇਹਰਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਸੀ। ਜੈ ਦੇ ਭਰਾ ਨੇ ਅੱਜ ਉਹਨੂੰ ਬਹੁਤ ਸੋਹਣਾ ਸਜਾਇਆ ਸੀ। ਸ਼ਾਇਦ ਇਹਨਾਂ ਸੋਹਣਾ ਤਾਂ ਜੈ ਨੂੰ ਉਹਦੇ ਵਿਆਹ ਵਾਲੇ ਦਿਨ ਵੀ ਇੰਨਾ ਸਜਾਇਆ ਹੋਣਾ। ਉਹਦੇ ਸਿਰ ਤੇ ਉਹੀ ਗੂੜੇ ਨਾਬੀ ਰੰਗ ਦੀ ਪੱਗ ਬੰਨੀ ਹੋਈ ਸੀ ਜਿਹਨੂੰ ਪਹਿਨ ਕੇ ਜੇਵੀਰ ਇੱਕ ਦਿਨ ਉਹਨੂੰ ਵਿਆਹੁਣ ਆਇਆ ਸੀ। ਉਸ ਵਕ਼ਤ ਉਹਦਾ ਚੇਹਰਾ ਹਾਸੇ ਅਤੇ ਮਜ਼ਾਕ ਨਾਲ ਸੂਰਜ ਦੀਆ ਕਿਰਨਾਂ ਨਾਲੋਂ ਵੀ ਸੁਨਹਿਰੀ ਲੱਗ ਰਿਹਾ ਸੀ। ਜੇਵੀਰ ਦਾ ਦੁੱਧ ਤੋਂ ਵੀ  ਗੋਰਾ ਰੰਗ ਨਾਬੀ ਪੱਗ ਵਿੱਚ ਚਮਕਾ ਮਾਰ ਰਿਹਾ ਸੀ। ਪਰ ਅੱਜ ਉਹਦੇ ਬੇਜ਼ਾਨ ਸਰੀਰ ਤੇ ਕੋਈ ਚਮਕ ਨਹੀਂ ਸੀ। ਅੱਜ ਤੱਕ ਰੀਤ ਨੇ ਸਾਮਣੇ ਪਏ ਜੈ ਦੇ ਬੇਜ਼ਾਨ ਸਰੀਰ ਨੂੰ ਸਿਰਫ ਦੋ ਵਾਰ ਪੱਗ ਵਿੱਚ ਦੇਖਿਆ ਸੀ। ਇੱਕ ਜਿਸ ਦਿਨ ਜਦੋ ਉਹ ਰੀਤ ਨਾਲ ਵਿਆਹ ਕਰਨ ਆਇਆ ਸੀ, ਅਤੇ ਅੱਜ ਜਦੋਂ ਉਹ ਸੰਸਾਰ ਨੂੰ ਅਲਵਿਦਾ ਕਹਿ ਚੁੱਕਿਆ ਸੀ। ਰੂਹ ਤਾਂ ਕਦੋਂ ਦੀ ਉਡਾਰੀ ਮਾਰ ਚੁੱਕੀ ਸੀ। ਅੱਜ ਤਾਂ ਸਿਰਫ ਜੈ ਦੇ ਸਰੀਰ ਨੂੰ  ਪਰਿਵਾਰ ਜਾਂ ਦੋਸਤਾਂ ਮਿੱਤਰਾ ਨੇ ਆਖਰੀ ਵਾਰ ਅਲਵਿਦਾ ਕਹਿਣਾ ਸੀ।  ਇਹ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ ਕਿ ਦੋਵੇ ਵਾਰ ਹੀ ਜੈ ਦੀ  ਮਰਜ਼ੀ ਤੋਂ ਬਿਨਾ ਹੀ ਪੱਗ ਬੰਨੀ ਗਈ ਸੀ। 

ਅਜੇ ਰੀਤ ਸੋਚਾਂ ਵਿੱਚ ਹੀ ਖੜੀ ਸੀ ਕਿ ਇੱਕ ਕੰਬਦੇ ਹੋਏ ਹੱਥ ਨੇ ਉਹਦੇ ਮੋਢੇ ਨੂੰ ਥੋੜਾ ਜਿਹਾ ਘੁੱਟਿਆ ਜਿਵੇ ਉਹਨੂੰ ਕਹਿ ਰਿਹਾ ਹੋਵੇ ਕਿ ਰੱਬ ਦਾ ਭਾਣਾ ਮੰਨ। ਰੀਤ ਨੂੰ  ਮੁੜ ਕੇ ਇਹ ਦੇਖਣ ਦੀ ਕੋਈ ਜਰੂਰਤ ਨਹੀਂ ਸੀ ਕਿ ਉਹ ਹੱਥ ਕਿਸਦਾ ਸੀ  ਕਿਉਂਕਿ ਇਹੀ ਹੱਥ ਪਿੱਛਲੇ ਅੱਠ ਸਾਲਾਂ ਤੋਂ ਉਹਦੇ ਕੰਧੇ ਤੇ ਰਿਹਾ ਸੀ। 

ਰੀਤ ਨੇ ਹੋਂਸਲਾ ਕਰਕੇ ਹੋਲੀ ਜਿਹੇ ਆਪਣੇ ਬੇਟੇ ਨੂੰ ਕਿਹਾ, “ਬੇਟਾ ਜੀ, ਤੁਹਾਡਾ ਆਪਣੇ ਪਿਤਾ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।” ਉਹਦੇ ਅੱਠ ਸਾਲ ਦੇ ਪੁੱਤ ਨੇ ਅੱਗੇ ਵੱਧ ਕੇ ਆਪਣੇ ਪਿਤਾ ਦਾ ਆਖਰੀ ਵਾਰ ਮੱਥਾ ਚੁੰਮਿਆ। ਲੜਕਾ ਵੀ ਆਪਣੀ ਮਾਂ ਵਾਂਗ ਉਦਾਸ ਸੀ ਅਤੇ ਉਹਦੀਆਂ ਅੱਖਾਂ ਵਿੱਚ ਵੀ ਹੰਝੂ ਨਹੀਂ ਸਨ। ਰੀਤ  ਨੇ ਘੁੱਟ ਕੇ ਆਪਣੇ ਬੇਟੇ ਨੂੰ ਨਾਲ ਲਾਉਂਦੇ ਹੋਏ ਕਿਹਾ, “ਕੋਈ ਗੱਲ ਨਹੀਂ, ਜੇ ਜੀ ਕਰਦਾ ਹੈ ਤਾਂ ਖੁੱਲ ਕੇ ਰੋ ਲੈ। ਮੈਂ ਹਮੇਸ਼ਾ ਤੁਹਾਡੇ ਸਾਥ ਹਾਂ। ਅੱਜ ਤੋਂ ਮੈਂ ਹੀ ਤੁਹਾਡਾ ਪਿਤਾ ਅਤੇ ਮਾਂ ਹਾਂ।”  ਪਰ ਪਤਾ ਨਹੀਂ ਕਿਉਂ ਮੁੰਡੇ ਦੀਆ ਅੱਖਾਂ ਵਿੱਚ ਹੰਝੂ ਨਹੀਂ ਆਏ ਸਨ ਇਹ ਸਿਰਫ ਰੀਤ ਸਮਝ ਸਕਦੀ ਸੀ ਕਿ ਮੁੰਡਾ ਵੀ ਉਹਦੇ ਵਾਂਗ ਕਿਉਂ ਨਹੀਂ ਰੋ ਰਿਹਾ ਸੀ। 

ਫਿਰ ਰੀਤ ਨੇ ਆਪਣੀ ਛੋਟੀ ਜਿਹੀ ਧੀ ਨੂੰ ਆਖਰੀ ਵਾਰ ਆਪਣੇ ਪਿਤਾ ਦਾ ਮੱਥਾ ਚੁੰਮਣ ਲਈ ਅੱਗੇ ਕਰ ਦਿੱਤਾ ਸੀ। ਉਹਦੇ ਬੇਟੇ ਨੂੰ ਇੰਨਾ ਅਹਿਸਾਸ ਸੀ ਕਿ ਉਸਦਾ ਪਿਤਾ ਹੁਣ ਬਹੁਤ ਦੂਰ ਜਾ ਚੁੱਕਾ ਸੀ ਅਤੇ ਕਦੇ ਫਿਰ ਵਾਪਸ ਨਹੀਂ ਆਵੇਗਾ। ਲੇਕਿਨ ਉਹਦੀ ਛੋਟੀ ਜਿਹੀ ਮਿੱਠੀ ਧੀ ਨੂੰ ਇਹ ਸੱਭ ਕੁੱਝ ਨਹੀਂ ਪਤਾ ਸੀ। ਉਹਦੀ ਧੀ ਰੀਤ ਦੀ ਗੋਦੀ ਵਿੱਚੋ ਉਲਰ ਕੇ ਆਪਣੇ ਬਾਪ ਦਾ ਨੱਕ ਫੜਨ ਦੀ ਕੋਸ਼ਿਸ਼ ਕਰ ਰਹੀ ਸੀ।ਸ਼ਾਇਦ ਸੋਚ ਰਹੀ ਸੀ ਕਿ ਡੈਡੀ ਸੁੱਤੇ ਪਏ ਸਨ। ਇਹ ਉਹਦੀ ਧੀ ਦੀ ਹਰ ਰੋਜ਼ ਦੀ ਆਦਤ ਸੀ ਕਿ ਸਵੇਰੇ ਸਵੇਰੇ ਆਪਣੇ ਸੁੱਤੇ ਪਿਤਾ ਨੂੰ ਨੱਕ ਘੁੱਟ ਕੇ ਪਰੇਸ਼ਾਨ ਕਰਦੀ ਸੀ ਤਾਂ ਜੋ ਉਹ ਉੱਠ ਕੇ ਉਹਦੇ ਨਾਲ ਖੇਡੇ। ਹੁਣ ਵੀ ਉਹਦੀ ਧੀ ਨੇ ਇਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਉਹਨੇ ਪਹਿਲੀ ਬਾਰੀ ਆਪਣੀ ਧੀ ਨੂੰ ਰੋਕਦੇ ਹੋਏ ਕਿਹਾ ਸੀ, ” ਮਿੱਠੀ ਪੁੱਤ, ਨਾ ਆਪਣੇ ਡੈਡੀ ਤੰਗ ਨਾ ਕਰ। ਇਹਨੂੰ ਨੂੰ ਸ਼ਾਂਤੀ ਨਾਲ ਸੌਣ ਦਿਓ।”

ਕਿਸੇ ਨੇ ਆਕੇ ਰੀਤ ਕੋਲੋਂ ਉਹਦੀ ਧੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਰੀਤ ਨੇ  ਘੁੱਟ ਆਪਣੀ ਧੀ ਨੂੰ ਆਪਣੇ ਨਾਲ ਲਾ ਲਿਆ ਅਤੇ ਆਪਣੇ ਬੇਟੇ ਦਾ ਹੱਥ ਹੋਰ ਵੀ ਘੁੱਟ ਕੇ ਹੱਥ ਫੜ ਲਿਆ ਸੀ ਜਿਵੇਂ ਕਹਿੰਦੀ ਹੋਵੇ ਕਿ ਹੁਣ ਤਾਂ ਇਹ ਮੇਰੇ ਰੋਜ਼ ਦਾ ਹਿੱਸਾ ਬਣ ਗਿਆ ਹੈ।  ਫਿਰ ਹੋਂਸਲਾ ਕਰਕੇ ਉਹਨੇ ਅੱਗੇ ਵੱਧ ਕੇ ਆਪਣੇ ਬੇਜ਼ਾਨ ਪਏ ਪਤੀ ਦਾ ਮੱਥਾ ਚੁੰਮਿਆ ਅਤੇ ਹੌਲੀ ਜਿਹੀ ਉਹਦੇ ਕੰਨ ਵਿੱਚ ਕਿਹਾ, ਕਿਹਾ, “ਹੁਣ ਤੁਸੀ ਸ਼ਾਂਤੀ ਨਾਲ ਆਰਾਮ ਕਰਨਾ। ਜੇ ਕਿਤੇ ਅਗਲੀ ਜਿੰਦਗੀ ਰੱਬ ਨੇ ਬਖਸ਼ੀ ਤਾਂ ਇੱਕ ਚੰਗਾ ਆਦਮੀ ਬਣਨ ਦੀ ਕੋਸ਼ਿਸ਼ ਕਰਨਾ। ਅੱਜ ਮੈਂ ਤੁਹਾਨੂੰ ਮੇਰੇ ਉੱਪਰ ਕੀਤੇ ਪਿਛਲੇ ਨੋਂਹ ਸਾਲਾਂ ਦੇ ਤੁਹਾਡੇ ਹਰ ਤਸ਼ੱਦਦ ਅਤੇ ਗੁਨਾਹ  ਨੂੰ ਮਾਫ਼ ਕਰਦੀ ਹਾਂ।  ਜੇ ਮੈਂ ਕਿਤੇ ਮੈਂ ਤੁਹਾਡੇ ਨਾਲ ਕੁਝ ਵੀ ਗਲਤ ਕੀਤਾ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਵੀ ਮਾਫ਼ ਕਰ ਦੇਣਾ।” 

ਰੀਤ ਦੀਆ ਅੱਖਾਂ ਵਿੱਚ ਫਿਰ ਵੀ ਹੰਝੂ ਨਹੀਂ ਆਏ ਸਨ। ਹਰ ਕੋਈ ਸੋਚ ਰਿਹਾ ਸੀ ਕਿ ਸ਼ਾਇਦ ਰੀਤ ਨੂੰ ਸਦਮਾ ਲੱਗ ਗਿਆ ਸੀ ਪਰ ਪਿੱਛੇ ਉਹਦੇ ਕੰਧੇ ਤੇ ਹੱਥ ਧਰੀ ਉਹਦੀ ਸੱਸ ਨੂੰ ਕੋਈ ਹੈਰਾਨੀ ਨਹੀਂ ਹੋਈ ਸੀ। ਜਦੋਂ ਉਹ ਪਿੱਛੇ ਮੁੜਨ ਲੱਗੀ ਤਾਂ ਅਚਾਨਕ ਰੀਤ ਦੇ ਮਨ ਵਿੱਚ ਇੱਕ ਖਿਆਲ ਅਤੇ ਉਹ ਫਿਰ ਵਾਪਸ ਆਕੇ ਹੌਲੀ ਜਿਹੀ ਜੈ ਦੇ ਕੰਨ ਵਿੱਚ ਬੋਲੀ, “ਤੁਸੀ ਦੋ ਦਿਨ ਪਹਿਲਾ ਮੇਰੇ ਕੋਲੋਂ ਇੱਕ ਸਵਾਲ ਪੁੱਛਿਆ ਸੀ ਅਤੇ ਉਸਦਾ ਜਵਾਬ ਅੱਜ ਸੱਚ ਦੱਸ ਰਹੀ ਹਾਂ ਕਿ ਮੈਂ ਤੁਹਾਨੂੰ ਕਦੇ ਵੀ ਪਿਆਰ ਨਹੀਂ ਕੀਤਾ ਸੀ। ਇਹ ਗੱਲ ਸ਼ਾਇਦ ਤੁਸੀ ਵੀ ਜਾਣਦੇ ਸੀ ਪਰ ਮੇਰੀ ਜ਼ੁਬਾਨੀ ਸੁਣਨਾ ਚਾਹੁੰਦੇ ਸੀ। ਇਸ ਲਈ ਮੈਨੂੰ ਮਾਫ਼ ਕਰ ਦੇਣਾ। ਜਦੋਂ ਦੋ ਦਿਨ ਪਹਿਲਾਂ ਤੁਸੀ  ਮੈਨੂੰ ਇਹ ਪੁੱਛਿਆ ਸੀ ਤਾਂ ਮੈਂ ਉਸ ਸਮੇਂ ਗੱਲ ਨੂੰ ਗੋਲ ਮੋਲ ਕਰਕੇ ਇਹ ਕਹਿ ਦਿੱਤਾ ਸੀ ਕਿ ਕੀ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਜਾਂ ਫਿਰ ਚਾਹੁੰਦੇ ਹੋ ਕਿ ਮੈਂ ਝੂਠ ਬੋਲਾਂ। ਉਸ ਵਕ਼ਤ ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਆਖਰੀ ਗੱਲਬਾਤ ਹੋਵੇਗੀ। ਸੱਚ ਤਾਂ ਇਹ ਹੈ ਕਿ ਮੈਂ ਤੁਹਾਨੂੰ ਕਦੇ ਵੀ ਪਿਆਰ ਨਹੀਂ ਕਰ ਸਕੀ ਸੀ ਕਿਉਂਕਿ ਤੁਸੀਂ ਮੈਨੂੰ ਆਪਣੇ ਨਾਲ ਕਦੇ ਪਿਆਰ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਸੀ। ਪਰ ਹੁਣ ਬਹੁਤ ਦੇਰ ਹੋ ਗਈ ਹੈ। ਇਸ ਲਈ ਕਿਰਪਾ ਕਰਕੇ ਸ਼ਾਂਤੀ ਨਾਲ ਆਰਾਮ ਕਰੋ ਅਤੇ ਰੱਬ ਦੀ ਦਰਗਾਹ ਵਿੱਚ ਜਾ ਕੇ ਕਿਸੇ ਨੂੰ ਵੀ ਪਰੇਸ਼ਾਨ ਨਾ ਕਰਨਾ।”

ਜਦੋਂ ਰੀਤ ਨੇ ਦੇਖਿਆ ਕਿ ਸਾਰੇ ਜਨਾਜ਼ੇ ਵਿੱਚ ਰੁੱਝੇ ਹੋਏ ਸਨ ਤਾਂ ਉਹ ਚੁੱਪ-ਚਾਪ ਆਪਣੇ ਬੱਚਿਆਂ ਨਾਲ ਅੰਤਿਮ ਸੰਸਕਾਰ ਘਰ ਤੋਂ ਚਲੀ ਗਈ ਸੀ। ਪਰ ਜੈ ਦਾ ਵੱਡਾ ਭਰਾ ਉਸਦੇ ਪਿੱਛੇ-ਪਿੱਛੇ ਬਾਹਰ ਆ ਗਿਆ ਸੀ, “ਰੀਤ, ਤੁਸੀਂ ਕਿਉਂ ਜਾ ਰਹੇ ਹੋ? ਤੁਸੀਂ ਕਿੱਥੇ ਜਾ ਰਹੇ ਹੋ?” ਅਜੇ ਇਹ ਗੱਲ ਹੀ ਹੋਈ ਸੀ ਕਿ ਜੈ ਦੀ ਮੰਮੀ ਵੀ ਬਾਹਰ ਆ ਗਈ ਸੀ। ਉਹਨੇ ਆਪਣੀ ਸੱਸ ਅਤੇ ਜੇਠ ਕੋਲੋਂ ਫਿਰ ਤੋਂ ਉਹੀ ਸਵਾਲ ਕੀਤਾ ਜੋ ਪਤਾ ਨਹੀਂ ਪਿਛਲੇ ਨੌਂ ਸਾਲਾਂ ਤੋਂ ਕਿੰਨੀ ਵਾਰੀ ਰੀਤ ਨੇ ਦੋਵਾਂ ਨੂੰ ਪੁੱਛਿਆ ਸੀ, “ਕੀ ਤੁਹਾਨੂੰ ਜੈ ਦੇ ਬੁਰੇ ਸੁਭਾਅ ਬਾਰੇ ਪਹਿਲਾਂ ਤੋਂ ਪਤਾ ਸੀ?” ਵੱਡੇ ਭਾ ਜੀ ਕੋਲ ਤਾਂ ਹਮੇਸ਼ਾ ਦੀ ਤਰਾਂ ਖਾਮੋਸ਼ੀ ਤੋਂ ਬਗੈਰ ਕੋਈ ਹੋਰ ਜਵਾਬ ਨਹੀਂ ਸੀ। ਹਮੇਸ਼ਾ ਦੀ ਤਰਾਂ ਉਸ ਦਿਨ ਰੀਤ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਰੀਤ ਨੇ ਫਿਰ ਕਿਹਾ, “ਅੱਜ ਤੱਕ ਜੋ ਕੁੱਝ ਮੇਰੇ ਨਾਲ ਹੋਇਆ ਉਹ ਕਦੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਮੈਂ ਕਦੇ ਨਿਕਲਣ ਨਹੀਂ ਦਿੱਤਾ ਸੀ। ਲੇਕਿਨ ਹੁਣ ਤਾਂ ਜੈ ਹਮੇਸ਼ਾ ਲਈ ਜਾ ਚੁੱਕੇ ਹਨ। ਰੱਬ ਦੀ ਮੇਹਰਬਾਨੀ ਨਾਲ ਹੁਣ ਤਾਂ ਸੱਚ ਦੱਸ ਦੇਵੋ।“

 ਉਸ ਦਿਨ ਸੱਸ  ਨੇ ਪਹਿਲੀ ਵਾਰ ਕਿਹਾ ਸੀ, “ਪੁੱਤ, ਮਾਫ ਕਰਨਾ ਜੈ ਮੇਰਾ ਗੰਦਾ ਅੰਡਾ ਨਿਕਲਿਆ।”

ਅੰਤ ਵਿੱਚ ਰੀਤ ਨੇ ਆਪਣੀ ਸੱਸ ਵੱਲ ਮੁੜ ਕੇ ਕਿਹਾ,  “ਮਾਂ, ਇੱਕ ਮਾਂ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਹੋਰ ਕੋਈ ਜਾਣਦਾ ਹੁੰਦਾ। ਭਾਵੇ ਕਿ ਮੇਰੇ ਦੋਹਾਂ ਬੱਚਿਆਂ ਨੂੰ ਹੁਣ ਤੱਕ ਤੁਸੀ ਪਾਲਿਆ ਹੈ। ਪਰ ਇੱਕ ਮਾਂ ਹੋਣ ਦੇ ਨਾਤੇ ਮੈਂ ਇਹ ਚੰਗੀ ਤਰਾਂ ਜਾਣਦੀ ਹਾਂ ਕਿ ਇਹ ਦੋਵੇਂ ਕੀ ਕਰਨ ਦੇ ਸਮਰੱਥ ਹਨ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਕਿਸੇ ਨੂੰ ਵੀ ਆਪਣੇ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦਿਆਂਗੀ। ਪਰ ਹੁਣ ਸਾਡੇ ਇਥੋਂ ਜਾਣ ਦਾ ਸਮਾਂ ਆ ਗਿਆ ਹੈ। ਮੈਂ ਆਪਣੇ ਦੋਹਾਂ ਬੱਚਿਆਂ ਨੂੰ ਇਸ ਭੌਤਿਕਵਾਦ ਅਤੇ ਦਿਖਾਵੇਬਾਜ਼ੀ ਵਾਲੇ ਪਰਿਵਾਰ ਤੋਂ ਦੂਰ ਰੱਖਣਾ ਚਾਹੁੰਦੀ ਹਾਂ। ਜਦੋ ਉਹ ਵੱਡੇ ਹੋ ਜਾਣਗੇ ਤਾਂ ਸਮਾਂ ਆਉਣ ਤੇ ਮੈਂ ਉਨ੍ਹਾਂ ਨੂੰ ਖੁਦ ਫੈਸਲਾ ਲੈਣ ਦੇਵਾਂਗੀ ਕਿ ਉਹ ਆਪਣੇ ਪਰਿਵਾਰ ਨਾਲ ਮਿਲਣਾ ਚਾਹੁੰਦੇ ਹਨ ਜਾਂ ਨਹੀਂ ।”

ਉਸ ਦਿਨ ਰੀਤ ਨੂੰ ਕੋਈ ਨਹੀਂ ਰੋਕ ਸਕਿਆ ਸੀ। ਉਹ ਅੱਠ ਸਾਲਾਂ ਬਾਅਦ ਨਰਕ ਤੋਂ ਬਾਹਰ ਆ ਗਈ ਸੀ। ਉਸਦੇ ਕੋਲ ਸਿਰਫ਼ ਉਸਦੇ ਦੋ ਬੱਚੇ, ਤਾਕਤ, ਦ੍ਰਿੜਤਾ, ਅਤੇ ਉਸਦੀ ਪੜ੍ਹਾਈ ਸੀ ਅਤੇ ਬਾਬੇ ਨਾਨਕ ਦਾ ਸਹਾਰਾ ਸੀ। ਉਸਨੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪੁਰਾਣੀ ਦੁੱਖੀ ਜਿੰਦਗੀ ਨੂੰ ਪਿੱਛੇ ਛੱਡ ਦਿੱਤਾ ਸੀ। ਉਸਨੇ ਸਰਵਸ਼ਕਤੀਮਾਨ ਦੇ ਆਸ਼ੀਰਵਾਦ ਨਾਲ ਬੱਚਿਆਂ ਨੂੰ ਆਪਣੇ ਆਪ ਪਾਲਿਆ ਸੀ। ਬੱਚੇ ਰੀਤ ਦੀ ਜਿੰਦਗੀ ਬਣ ਚੁੱਕੇ ਸਨ ਅਤੇ ਉਹ ਰੀਤ ਦੀ ਸਿਰਫ ਜਿੰਮੇਵਾਰੀ ਹੀ ਨਹੀਂ ਸਨ ਬਲਕਿ ਉਹਦੀ ਤਰਜੀਹ ਵੀ ਸਨ। ਰੀਤ ਨੇ ਆਪਣੀ ਸਾਰੀ ਜਿੰਦਗੀ ਅਤੇ ਖੁਸ਼ੀ ਆਪਣੇ ਬੱਚਿਆਂ ਦੇ ਨਾਮ ਕਰ ਦਿੱਤੀ ਸੀ। ਉਨ੍ਹਾਂ ਤਿੰਨਾਂ ਦੀ ਆਪਣੀ ਅਲੱਗ ਹੀ ਦੁਨੀਆ ਸੀ ਅਤੇ ਫਿਰ ਇੱਕ ਚਾਰ ਪੈਰਾਂ ਵਾਲਾ ਛੋਟਾ ਜਿਹਾ ਭੋਲੂ ਕੁਝ ਸਾਲਾਂ ਬਾਅਦ ਉਨ੍ਹਾਂ ਦੀ ਜਿੰਦਗੀ ਵਿੱਚ ਆ ਗਿਆ ਸੀ । ਅਕਸਰ ਉਹਦਾ ਬੇਟਾ ਅਕਸਰ ਹੀ ਰੀਤ ਨੂੰ ਕਹਿੰਦਾ ਸੀ, “ਮਾਂ ਆ ਭੋਲੂ ਤੁਹਾਡਾ ਬਹੁਤ ਪਿਆਰ ਕਰਦਾ ਹੈ। ਉਹ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ। ਚਲੋ ਅੱਜ ਸ਼ਰਾਬ ਪਿਲਾ ਕੇ ਦੇਖੀਏ ਕਿ ਕਿਤੇ ਡੈਡੀ ਦਾ ਪੁਨਰਜਨਮ ਇਸ ਰਾਹੀਂ ਤਾਂ ਨਹੀਂ ਹੋ ਗਿਆ ਹੈ।” 

ਰੀਤ ਅਤੇ ਉਹਦਾ ਬੇਟਾ ਹਮੇਸ਼ਾ ਇਸ ਵਿਸ਼ੇ ‘ਤੇ ਉੱਚੀ ਸਾਰੀ ਹੱਸ ਪੈਂਦੇ ਸਨ। ਉਹਨਾਂ ਦੋਹਾਂ ਨੂੰ ਹੱਸਦਾ ਦੇਖ ਉਹਦੀ ਮਿੱਠੀ ਜਿਹੀ ਕੁੜੀ ਹਮੇਸ਼ਾ ਉਨ੍ਹਾਂ ਨੂੰ ਕਹਿੰਦੀ, “ਕੀ ਤੁਸੀਂ ਮੈਨੂੰ ਵੀ ਦੱਸ ਸਕਦੇ ਹੋ  ਤਾਂ ਜੋ ਮੈਂ ਵੀ ਹੱਸਣ ਦਾ ਆਨੰਦ ਮਾਣ ਸਕਾਂ।”

ਲੇਕਿਨ ਨਾ ਰੀਤ ਅਤੇ ਨਾ ਹੀ ਉਹਦੇ ਬੇਟੇ ਨੇ ਕੁੜੀ ਨਾਲ ਕਦੇ ਵੀ ਕੋਈ ਪੁਰਾਣੀ ਗੱਲ ਸਾਂਝੀ ਨਹੀਂ ਕੀਤੀ ਸੀ। ਉਨ੍ਹਾਂ ਨੇ ਛੋਟੀ ਜਿਹੀ ਮਿੱਠੀ ਕੁੜੀ ਤੋਂ ਹਮੇਸ਼ਾ ਲਈ ਇਹ ਰਾਜ਼ ਛੁਪਾ ਕੇ ਰੱਖਿਆ ਸੀ।

ਪਤਾ ਹੀ ਲੱਗਿਆ ਕਿ ਕਦੋਂ ਸਮਾਂ ਬਹੁਤ ਜਲਦੀ ਨਾਲ ਬੀਤ ਗਿਆ ਸੀ। ਰੀਤ ਦਾ ਪੁੱਤ ਰੀਤ ਤੋਂ ਕੋਈ ਦੋ ਗਿੱਠਾ ਲੰਮਾ ਹੋ ਗਿਆ ਸੀ ਉਹਨੂੰ ਦੇਖਣ ਲਈ ਰੀਤ ਨੂੰ ਗਰਦਨ ਚੁੱਕ ਦੇਖਣਾ ਪੈਂਦਾ। ਜਦੋਂ ਉਹ ਹੱਸਦਾ ਹੈ ਤਾਂ ਰੀਤ ਵਾਂਗ ਹੀ ਉਸਦੀਆਂ ਅੱਖਾਂ ਵਿੱਚ ਚਮਕ ਅਤੇ ਹਾਸਾ ਦਿਖਾਈ ਦਿੰਦਾ। ਹਾਲਾਂਕਿ, ਉਹਦਾ ਬੇਟਾ ਆਪਣੀ ਉਮਰ ਨਾਲੋਂ ਜ਼ਿਆਦਾ ਸਿਆਣਾ ਹੈ। ਬੇਟੇ ਨੂੰ ਵੱਡਾ ਹੁੰਦਾ ਦੇਖ ਪਹਿਲਾਂ ਤਾਂ ਰੀਤ ਨੂੰ ਇੱਕ ਅਜੀਬ ਡਰ ਲੱਗਦਾ ਸੀ ਪਰ ਉਹਦੇ ਬੇਟੇ ਨੇ ਰੀਤ ਨੂੰ ਗਲਤ ਸਾਬਤ ਕਰ ਦਿੱਤਾ। ਉਹ ਦੇਖਣ ਨੂੰ ਭਾਵੇਂ ਆਪਣੇ ਪਿਤਾ ਵਰਗਾ ਹੈ, ਪਰ ਉਹਦਾ ਵਿਵਹਾਰ ਅਤੇ ਸ਼ਖਸੀਅਤ ਆਪਣੇ ਪਿਤਾ ਨਾਲੋਂ ਬਿਲਕੁਲ ਵੱਖਰੀ ਹੈ। ਰੀਤ ਇਹ ਦੇਖ  ਸਰਬਸ਼ਕਤੀਮਾਨ ਦਾ ਧੰਨਵਾਦ ਕਰਦੀ ਰਹਿੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੇ ਬੇਟੇ ਦੀ ਸ਼ਖਸੀਅਤ ਵਿੱਚ ਨਾਨਾ ਜੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਉਹਦੀ ਛੋਟੀ ਜਿਹੀ ਮਿੱਠੀ ਕੁੜੀ ਵੀ ਹੁਣ ਵੱਡੀ ਹੋ ਗਈ ਹੈ ਪਰ ਉਹ ਰੀਤ ਵਾਂਗ ਹੀ ਭੋਲੀ ਜਿਹੀ ਕੁੜੀ ਹੈ ਜਿਹਨੂੰ ਦੇਖ ਰੀਤ ਕਦੇ ਕਦੇ ਘਬਰਾ ਜਾਂਦੀ ਹੈ ਕਿ ਕਿਤੇ ਮੇਰੇ ਵਾਲੀ ਹਾਲਤ ਵਿੱਚੋ ਇਹਨੂੰ ਵੀ ਨਾ ਗੁਜਰਨਾ ਪਵੇ। 

ਰੀਤ ਕਦੇ ਕਦੇ ਹੁਣ ਵੀ ਸੋਚਦੀ ਹੈ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਪਤੀ ਇਕ ਚੰਗਾ ਇਨਸਾਨ ਸੀ ਜਾਂ ਫਿਰ ਮਾੜਾ। ਮੈਂ ਕੌਣ ਹੁੰਦੀ ਹੈ ਨਿਰਣਾ ਕਰਨ ਵਾਲੀ? ਇਸ ਵਿੱਚ ਕੋਈ ਸ਼ੱਕ ਨਹੀ ਕਿ ਜੈ ਆਪਣੇ ਪਿੱਛੇ ਅਜਿਹੀ ਕੋਈ ਯਾਦ ਕਰਨ ਵਾਲੀ ਯਾਦ ਛੱਡ ਗਿਆ ਹੋਵੇ। ਰੀਤ ਦੀਆ ਜੋ ਦਿੱਲ ਨੂੰ ਕੰਬਣ ਵਾਲੀਆਂ ਯਾਦਾਂ ਉਹਦੇ ਨਾਲ ਸਨ ਉਹ ਕਦੇ ਵੀ ਯਾਦ ਨਹੀਂ ਕਰਦੀ ਸੀ।  ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਰੱਬ ਨੇ ਰੀਤ ਦੀ ਖਾਮੋਸ਼ੀ ਵਿੱਚ ਲਏ ਹੌਕਿਆਂ ਦੇ ਨਾਲ ਨਾਲ ਜਿਸਮ ਅਤੇ ਰੂਹ ਤੇ ਵਾਰ ਵਾਰ ਹੋ ਰਹੇ ਜਖਮਾਂ ਤੋਂ ਹਮੇਸ਼ਾ ਲਈ ਛੁਟਕਾਰਾ ਦੇ ਦਿਵਾ ਦਿੱਤਾ ਸੀ। ਪਰ ਰੀਤ ਆਪਣੇ ਬੱਚਿਆਂ ਨੂੰ ਜੈ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਹਰ ਸਾਲ ਯਾਦ ਕਾਰਵਾਹੁਣਾ ਨਹੀਂ ਭੁੱਲਦੀ। ਕੁੜੀ ਅਜੇ ਵੀ ਆਪਣੇ ਪਿਤਾ ਦੇ ਭਿਆਨਕ ਵਿਵਹਾਰ ਨੂੰ ਨਹੀਂ ਜਾਣਦੀ ਹੈ  ਲੇਕਿਨ ਉਹਦਾ ਬੇਟਾ ਇਸ ਗੱਲ ਨੂੰ ਕਦੇ ਭੁੱਲ ਨਹੀਂ ਸਕਿਆ ਹੈ।  ਉਹ ਹਮੇਸ਼ਾ ਹੀ ਰੀਤ ਨੂੰ ਕਹਿ ਦਿੰਦਾ, “ਮਾਂ, ਡੈਡੀ ਤੁਹਾਡੇ ਤੇ ਇਹਨਾਂ ਤਸ਼ੱਦਦ ਕਰਦਾ ਸੀ ਅਤੇ ਤੁਸੀ ਹੁਣ ਵੀ ਮੈਨੂੰ ਹਰ ਸਾਲ ਉਹਦੀ ਸ਼ਾਂਤੀ ਲਈ ਅਰਦਾਸ ਕਰਨ ਨੂੰ ਕਹਿੰਦੇ ਹੋ।’  ਪਰ ਰੀਤ ਉਹਦੇ ਮੋਢੇ ਤੇ ਹੌਲੀ ਜਿਹੀ ਹੱਥ ਰੱਖ ਕੇ ਦਿੰਦੀ ਹੈ, “ਬੇਟਾ, ਚੰਗਾ ਸੀ ਜਾਂ ਮਾੜਾ ਪਰ ਉਹ ਹੈ ਤੇਰਾ ਬਾਪ ਸੀ। ਇਸ ਲਈ ਹਮੇਸ਼ਾ ਉਹਦੀ ਇਜ਼ਤ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਉਹਦੀਆਂ ਗ਼ਲਤੀਆਂ ਨੂੰ ਯਾਦ ਕਰਕੇ ਆਪਣੀਆ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਿਆ ਕਰ ਤਾਂ ਜੋ ਜਿੰਦਗੀ ਆਪਾ ਦੋਹਾਂ ਨੇ ਦੇਖੀ ਹੈ ਉਹੀ  ਤੁਹਾਡੀ ਪਤਨੀ ਜਾਂ ਬੱਚੇ ਨਾ ਦੇਖਣ। “ ਪਤਾ ਨਹੀਂ ਜਦੋਂ ਉਹਦਾ ਬੇਟਾ ਛੋਟਾ ਸੀ ਉਹਨੂੰ  ਇਹ ਗੱਲ ਕਿੰਨੀ ਕੁ ਸਮਝ ਆਉਂਦੀ ਹੈ ਜਾਂ ਨਹੀਂ ਪਰ ਉਹ ਘੋਟਣੇ ਵਾਂਗ ਆਪਣਾ ਸਿਰ ਜਰੂਰ ਹਿਲਾ ਦਿੰਦਾ ਸੀ।  ਉਸਨੂੰ ਦੇਖ ਰੀਤ ਵੀ ਕੁੱਝ ਪਲ ਲਈ ਮੁਸਕਰਾ ਪੈਂਦੀ ਸੀ। 

ਹੁਣ ਪਤਾ ਨਹੀਂ ਜੈ ਦੀ ਮੌਤ ਹੋਈ ਨੂੰ ਕਿੰਨੇ ਸਾਲ ਗੁਜਰ ਚੁਕੇ ਹਨ ਅਤੇ ਬੱਚੇ ਪੜ ਲਿਖ ਕੇ ਵੱਡੇ ਹੋ ਗਏ ਹਨ। ਹੁਣ ਰੀਤ ਆਪਣੇ ਮਨ ਅਕਸਰ ਹੀ ਸੋਚਦੀ ਹੈ, “ਜੈ ਨੇ ਮੁੜ ਕੇ ਮੈਨੂੰ ਕਦੇ ਵੀ ਪਰੇਸ਼ਾਨ ਨਹੀਂ ਕੀਤਾ। ਨਾ ਹੀ ਉਹ ਕਦੇ ਮੇਰੇ ਸੁਪਨੇ ਵਿੱਚ ਨਹੀਂ ਆਇਆ ਹੈ। ਹੁਣ ਤੱਕ ਨਾ ਹੀ ਉਹਦਾ ਕੋਈ ਚੰਗਾ ਅਤੇ ਨਾ ਹੀ ਕੋਈ ਬੁਰਾ ਸੁਪਨਾ ਆਇਆ ਹੈ। ਸ਼ਾਇਦ ਉਹਨੂੰ ਰੱਬ ਦੇ ਘਰ ਜਾ ਕੇ ਅਹਿਸਾਸ ਹੋ ਗਿਆ ਹੋਣਾ ਕਿ ਉਸਨੇ ਕੀ ਜ਼ੁਲਮ ਅਤੇ ਕਹਿਰ ਮੇਰੇ ਤੇ ਢਾਏ ਸਨ। ਜੇ ਕੋਈ ਆਮ ਕੁੜੀ ਹੁੰਦੀ ਉਹ ਤਾਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲੈਂਦੀ।”

ਅਸਲ ਵਿੱਚ ਜਦੋਂ ਜੈ ਜਿੰਦਾ ਸੀ ਤਾਂ ਸਵੇਰ ਉੱਠਣ ਸਾਰ ਹੀ ਉਹਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਸੀ। ਪਰ ਮਾਂ ਦੇ ਪੁੱਤ ਨੇ ਕਦੇ ਗ਼ਲਤੀ ਨਹੀਂ ਮੰਗੀ ਸੀ ਪਰ ਇਹ ਕਹਿਣਾ ਕਦੇ ਨਾ ਭੁੱਲਦਾ ਕਿ ਰੀਤ ਮੈ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਅੱਗੇ ਤੋਂ ਕਦੇ ਤੰਗ ਨਹੀਂ ਕਰਦਾ। ਰੀਤ ਵੀ ਅੱਗੇ ਤੋਂ ਕਹਿ ਦਿੰਦੀ ਹੁੰਦੀ ਸੀ,”ਇਹ ਚੰਗਾ ਢਕਵੰਜ ਹੈ ਕਿ ਪਹਿਲਾਂ ਕਿਸੇ ਦਾ ਸਿਰ ਤੋੜੋ ਅਤੇ ਫਿਰ ਕਹੋ ਕਿ ਮਾਫ ਕਰਦੋ ਮੇਰੇ ਕੋਲੋਂ ਗ਼ਲਤੀ ਹੋ ਗਈ ਸੀ ਅਤੇ ਮੈਨੂੰ ਹੁਣ ਇਸ ਗੱਲ ਦਾ ਅਫਸੋਸ ਹੈ। ਪਿਆਰ ਸਿਰਫ ਪਿਆਰ ਕਰਨ ਨਾਲ ਮਿਲਦਾ ਹੈ। ਕਿਸੇ ਦੀ ਇੱਜ਼ਤ ਕਰੋਗੇ ਤਾਂ ਇੱਜਤ ਮਿਲੇਗੀ। ਸਾਡਾ ਰਿਸ਼ਤਾ ਤਾਂ ਵਿਆਹ ਤੋਂ ਇੱਕ ਹਫਤੇ ਬਾਅਦ ਹੀ ਟੁੱਟ ਗਿਆ ਸੀ। ਪਹਿਲਾਂ ਮਾਂ-ਬਾਪ ਦੀ ਇੱਜਤ ਅਤੇ ਫਿਰ ਆਪਣੇ ਬੱਚਿਆਂ ਕਰਕੇ ਮੈਂ ਤੁਹਾਡੇ ਤੋਂ ਦੂਰ ਨਹੀਂ ਜਾ ਸਕੀ। ਸਿਰਫ ਇਹ ਸੋਚਕੇ ਕਿ ਕਿਤੇ ਮੇਰੇ ਬੱਚੇ ਆਪਣੇ ਬਾਪ ਦੇ ਪਿਆਰ ਤੋਂ ਬਿਨਾ ਅਧੂਰੇ ਨਾ ਰਹਿ ਜਾਣ।“

ਰੀਤ ਨੇ ਸੱਭ ਕੁੱਝ ਬਰਦਾਸ਼ਤ ਕਰਕੇ ਇਹ ਗ਼ਲਤ ਸਾਬਤ ਕਰ ਦਿੱਤਾ ਸੀ ਕਿ ਘਰ ਦੀਆ ਦੀਵਾਰਾਂ ਦੇ ਵੀ ਕੰਨ ਹੁੰਦੇ ਹਨ। ਪਰ ਲੱਗਦਾ ਨਹੀਂ ਅੱਜ ਦੀ ਪੀੜੀ ਦੀਆ ਕੁੜੀਆਂ ਵਿੱਚ ਇਹ ਹਿੰਮਤ ਹੋਵੇ। ਉਹ ਤਾਂ ਹਰ ਛੋਟੀ ਵੱਡੀ ਗੱਲ ਨੂੰ ਸੋਸ਼ਲ ਮੀਡਿਆ ਤੇ ਸਰਕਸ ਵਾਂਗ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੀਆਂ ਹਨ। 

Leave a comment