
ਸਾਡੇ ਘਰ ਦੇ ਕੋਲ ਇੱਕ ਲਾਲਾ ਅਤੇ ਉਹਦੀ ਘਰਵਾਲੀ ਰਹਿੰਦੀ ਸੀ। ਜਿਨ੍ਹਾਂ ਲਾਲਾ ਲੜਾਕਾ, ਕੰਜੂਸ, ਅਤੇ ਬਹੁਤ ਤੱਤੇ ਸੁਭਾਵ ਵਾਲਾ ਸੀ, ਪਰ ਵੇਚਾਰੀ ਲਾਲੀ ਉਹਨੀ ਹੀ ਸਾਊ ਸੁਭਾਵ ਅਤੇ ਖੁਲ੍ਹੇ ਦਿਲ ਵਾਲੀ ਸੀ। ਲਾਲੇ ਦੀ ਤੇਲ ਵੇਚਣ ਦੀ ਦੁਕਾਨ ਸੀ ਅਤੇ ਲਾਲੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ। ਅਸੀਂ ਸਾਰੇ ਬੱਚੇ ਸ਼ਾਮ ਨੂੰ ਲਾਲੀ ਕੋਲ ਦੁਕਾਨ ਤੇ ਜਾਕੇ ਬੈਠ ਜਾਂਦੇ ਸੀ। ਕੋਕਾ ਕੋਲਾ ਜਾਂ ਲਿਮਕਾ ਅਸੀਂ ਖੁਦ ਖਰੀਦ ਲੈਣਾ ਅਤੇ ਲਾਲੀ ਨੇ ਸਾਨੂੰ ਪਿਆਰ ਨਾਲ ਸੰਤਰੇ ਵਾਲੀਆਂ ਟਾਫੀਆਂ ਦੇ ਦੇਣੀਆਂ। ਅਸੀਂ ਉੱਥੇ ਬਹਿ ਕੇ ਲਾਲੀ ਨਾਲ ਹੱਸਣਾ ਖੇਡਣਾ ਅਤੇ ਖਾ ਪੀ ਕੇ ਫਿਰ ਖੇਲਣ ਲੱਗ ਜਾਣਾ। ਦੂਜੇ ਪਾਸੇ ਬੈਠੇ ਲਾਲੇ ਨੇ ਅੰਦਰੋਂ ਅੰਦਰ ਸੜਦੇ ਰਹਿਣਾ ਪਰ ਲਾਲੀ ਤੋਂ ਡਰਦੇ ਨੇ ਸਾਨੂੰ ਕੁੱਝ ਨਹੀਂ ਕਹਿਣਾ। ਸਾਡਾ ਲਾਲੇ ਨਾਲ ਹੱਡ ਕੁੱਤੇ ਦਾ ਵੈਰ ਸੀ। ਅਸੀਂ ਵੀ ਲਾਲੇ ਨੂੰ ਬਹੁਤ ਤੰਗ ਕਰਦੇ ਸੀ। ਨਾ ਲਾਲਾ ਘੱਟ ਸੀ ਅਤੇ ਨਾ ਅਸੀਂ ਘੱਟ ਸੀ। ਮੇਰੇ ਤਾਇਆ ਜੀ ਦਾ ਛੋਟਾ ਲੜਕਾ ਅਤੇ ਮੈਂ ਇੱਕੋ ਉਮਰ ਦੇ ਸੀ ਅਤੇ ਲਾਲੇ ਨੇ ਸਾਡਾ ਨਾਮ ਵੀ ਚੁਣ ਕੇ ਰੱਖਿਆ ਸੀ। ਉਹ ਸਾਨੂੰ ਹਮੇਸਾ ਸਰਦਾਰਾ ਦੀ ਵਿਗੜੀ ਔਲਾਦ ਕਹਿ ਹੀ ਬੁਲਾਇਆ ਕਰਦਾ ਸੀ। ਲਾਲੇ ਨੂੰ ਚੁਗਲੀ ਕਰਨ ਦੀ ਬਹੁਤ ਆਦਤ ਸੀ। ਸਾਡੀ ਛੋਟੀ ਜਿਹੀ ਗ਼ਲਤੀ ਨੂੰ ਉਹ ਸਾਡੇ ਘਰ ਜਾ ਕੇ ਵਧਾ ਚੜਾ ਕੇ ਦੱਸ ਕੇ ਆਉਂਦਾ ਸੀ। ਸਾਡੇ ਘਰ ਦੇ ਭੇਤੀ ਲਾਲੇ ਨੂੰ ਇਹ ਵੀ ਪਤਾ ਸੀ ਕਿ ਸਾਡੀ ਸ਼ਿਕਾਇਤ ਕਿਸ ਕੋਲ ਲਾਉਣੀ ਹੈ। ਜਦੋਂ ਹੀ ਉਹਨੇ ਦੇਖਣਾ ਕਿ ਚਾਚਾ ਜੀ ਅਤੇ ਤਾਇਆ ਜੀ ਘਰ ਤੋਂ ਬਾਹਰ ਚਲੇ ਗਏ ਹਨ ਉਹਨੇ ਉਦੋਂ ਹੀ ਟਪਕ ਕੇ ਸਾਡੇ ਘਰ ਆ ਜਾਣਾ। ਤਾਈ ਜੀ ਵਿਚਾਰੀ ਬਹੁਤੀ ਚੰਗੀ ਸੀ ਝਿੜਕ ਤਾਂ ਕੀ ਉਹਨੇ ਸਾਨੂੰ ਕਦੇ ਉੱਚੀ ਆਵਾਜ਼ ਵਿੱਚ ਨਹੀਂ ਬੋਲਿਆ ਸੀ। ਇਸ ਲਈ ਲਾਲਾ ਫਰਿਆਦ ਲੈ ਕੇ ਸਿੱਧਾ ਮੇਰੀ ਮਾਤਾ ਜੀ ਕੋਲ ਪਹੁੰਚ ਜਾਂਦਾ। ਲਾਲੇ ਦੀ ਮਿਹਰਬਾਨੀਆਂ ਨਾਲ ਮੈਂ ਅਤੇ ਮੇਰੇ ਭਰਾ ਨੇ ਪਤਾ ਨਹੀਂ ਕਿੰਨੀ ਕੁ ਵਾਰੀ ਗਰਮੀ ਦੀ ਦੁਪਹਿਰ ਨਿੱਮ ਦੇ ਦਰਖ਼ਤ ਉੱਪਰ ਬੈਠ ਕੇ ਕੱਢੀ ਸੀ ਕਿਉਂਕਿ ਹੇਠਾਂ ਮੰਮੀ ਜੀ ਸੋਟੀ ਲਈ ਖੜੇ ਹੁੰਦੇ ਸਨ। ਬੱਸ ਉਸ ਵਕ਼ਤ ਹੇਠਾਂ ਉਤਰਨਾ ਜਦੋਂ ਤਾਇਆ ਜੀ ਜਾਂ ਫਿਰ ਚਾਚਾ ਜੀ ਨੇ ਘਰ ਆਉਣਾ।
ਲਾਲੇ ਨੇ ਬਿਨਾ ਵਜਾ ਲੋਕਾਂ ਨੂੰ ਕਹਿ ਦੇਣਾ ਕਿ ਅੱਜ ਤੇਲ ਵਾਲਾ ਟਰੱਕ ਆਇਆ ਨਹੀਂ ਹੈ ਅਤੇ ਮੈਂ ਤਹਾਨੂੰ ਕਿੱਥੋਂ ਦੇਵਾ। ਪਰ ਲਾਲਾ ਤੇਲ ਲੁਕੋ ਕਿ ਰੱਖਦਾ ਸੀ ਅਤੇ ਅਸੀਂ ਦੋਵੇਂ ਜਾਣੇ ਲਾਲੇ ਦਾ ਪਰਦਾਫਾਸ ਕਰਦੇ ਦਿੰਦੇ ਸੀ। ਲਾਲਾ ਵੀ ਸਾਡੇ ਤੋਂ ਘੱਟ ਨਹੀਂ ਸੀ ਅਤੇ ਜਾ ਪਹੁੰਚਿਆ ਸਾਡੇ ਚਾਚਾ ਜੀ ਕੋਲ। ਕਹਿੰਦਾ ਸਰਦਾਰ ਜੀ ਤੇਲ ਲੈਣ ਲਈ ਛੋਟਿਆ ਦੀ ਬਜਾਏ ਵੱਡੇ ਨੂੰ ਭੇਜ ਦਿਆਂ ਕਰੋ। ਜੇ ਉਹਦਾ ਟਾਈਮ ਨਹੀਂ ਲੱਗਦਾ ਤਾ ਮੈਂ ਖੁਦ ਆ ਕੇ ਦੇ ਜਾਇਆ ਕਰੂ। ਪਰ ਮੇਹਰਬਾਨੀ ਕਰਕੇ ਇਹਨਾਂ ਨੂੰ ਨਾ ਭੇਜਿਆ ਕਰੋ ਇਹ ਸਾਰਿਆਂ ਦਾ ਮੇਰੇ ਨਾਲ ਝਗੜਾ ਕਰਵਾ ਦਿੰਦੇ ਹਨ । ਚਾਚਾ ਜੀ ਨੇ ਹੱਸ ਕੇ ਸਾਰ ਦਿੱਤਾ ਕਿਉਂਕਿ ਉਹਨਾਂ ਨੂੰ ਸਾਡੀ ਅਤੇ ਲਾਲੇ ਦੀ ਲਾਗ ਡਾਟ ਬਾਰੇ ਪੂਰਾ ਪਤਾ ਸੀ। ਜਦੋ ਕਦੇ ਸਾਡੇ ਡੰਡਾ ਪਰੇਡ ਹੁੰਦਾ ਸੀ ਤਾਂ ਲਾਲੇ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਸ਼ਾਇਦ ਇਹਨਾਂ ਚਾਅ ਤਾਂ ਉਹਨੂੰ ਲਾਲੀ ਨਾਲ ਵਿਆਹ ਕਰਵਾਉਣ ਵਾਲੇ ਦਿਨ ਨਹੀਂ ਚੜਿਆ ਹੋਣਾ ਜਿਨਾਂ ਸਾਡੇ ਛਿੱਤਰ ਪੈਂਦੇ ਦੇਖ ਕੇ ਹੁੰਦਾ ਸੀ। ਅਸੀਂ ਵੀ ਬਦਲਾ ਲੈਣ ਵਿੱਚ ਮਾਹਰ ਸੀ। ਲਾਲੇ ਨੂੰ ਵਿਆਹ ਵਿੱਚ ਉਹਦੇ ਸੁਹਰਿਆਂ ਨੇ ਇੱਕ ਸਾਈਕਲ ਦਿੱਤਾ ਸੀ ਅਤੇ ਲਾਲੇ ਨੇ ਸਾਰੀ ਉਮਰ ਉਹਦੇ ਤੇ ਹੀ ਕਟ ਦਿੱਤੀ। ਲੋਕੀ ਮੋਟਰ ਸਾਈਕਲ ਛੱਡ ਕਾਰਾ ਚਲਾਉਣ ਲੱਗ ਪਏ ਸਨ ਪਰ ਸਾਡਾ ਲਾਲਾ ਸਾਈਕਲ ਦਾ ਹੀ ਖਹਿੜਾ ਨਹੀਂ ਛੱਡਦਾ ਸੀ। ਉਨ੍ਹੇ ਦਾ ਲਾਲੇ ਦਾ ਸਾਈਕਲ ਨਹੀਂ ਸੀ ਜਿੰਨਾ ਉਹਨੇ ਉਹਦੀ ਰੀਪੇਅਰ ਤੇ ਖਰਚ ਕਰਤਾ ਹੋਣਾ। ਇੱਕ ਦਿਨ ਲਾਲੇ ਦਾ ਸਾਈਕਲ ਸ਼ਹਿਰੋਂ ਮੁੜਦੇ ਸਮੇਂ ਰਾਹ ਵਿੱਚ ਹੀ ਖਰਾਬ ਹੋ ਗਿਆ ਇਸ ਲਈ ਲਾਲੇ ਨੇ ਟਾਈਮ ਦੀ ਬੱਚਤ ਕਰਨ ਲਈ ਸੂਏ ਵਾਲੇ ਰਾਹ ਤੇ ਸਾਈਕਲ ਘਸੀਟਦਾ ਹੋਇਆ ਤੁਰ ਪਿਆ।
ਉਹ ਰਾਹ ਤੇ ਜਾਂ ਸਾਡੇ ਵਰਗੇ ਫਕੀਰ ਜਾਇਆ ਕਰਦੇ ਸਨ ਜਾਂ ਫਿਰ ਖਾੜਕੂ ਸਿੰਘ। ਉਹ ਰਸਤਾ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਪਰ ਸਾਡੇ ਖੇਤਾਂ ਦੇ ਕੋਲੋਂ ਦੀ ਲੰਘਦਾ ਸੀ। ਅਸੀਂ ਦੂਰੋਂ ਆਉਂਦਾ ਲਾਲਾ ਦੇਖ ਲਿਆ ਅਤੇ ਭੱਜ ਕੇ ਉਹਦੀ ਮਦਦ ਲਈ ਪਹੁੰਚ ਗਏ। ਮਦਦ ਤਾਂ ਸਿਰਫ ਇੱਕ ਬਹਾਨਾ ਸੀ। ਪਰ ਲਾਲੇ ਨੇ ਸਾਨੂੰ ਆਪਣਾ ਟੁੱਟਿਆ ਹੋਇਆ ਸਾਈਕਲ ਦੇਣ ਦੇ ਵੀ ਕਾਬਲ ਨਹੀਂ ਸਮਝਿਆ ਕਿਉਂਕਿ ਉਹ ਸਾਡਾ ਚੰਗਾ ਭੇਤੀ ਸੀ। ਇਸ ਤੋਂ ਵੱਡੀ ਕੋਈ ਬੇਜ਼ਤੀ ਹੋ ਹੀ ਨਹੀਂ ਸਕਦੀ ਸੀ ਪਰ ਅਸੀਂ ਵੀ ਹਾਰ ਨਹੀਂ ਮੰਨੀ। ਦੂਰ ਤੋਂ ਆਉਂਦਾ ਮੋਟਰ ਸਾਈਕਲ ਦੇਖ ਮੇਰਾ ਭਰਾ ਕਹਿੰਦਾ ਲੱਗਦਾ ਆਪਣੇ ਖਾੜਕੂ ਸਿੰਘ ਵੀ ਆ ਰਹੇ ਹਨ। ਬੱਸ ਸੁਣਨ ਦੀ ਗੱਲ ਸੀ ਕਿ ਲਾਲੇ ਨੇ ਸਾਈਕਲ ਸਾਨੂੰ ਫੜਾ ਦਿੱਤਾ। ਇਸ ਤੋਂ ਪਹਿਲਾਂ ਲਾਲੇ ਦੇ ਦਿਮਾਗ ਵਿੱਚ ਸਾਡੀ ਕਾਰਸਤਾਨੀ ਦੀ ਸਮਝ ਆਉਂਦੀ, ਅਸੀਂ ਦੋਹਾਂ ਨੇ ਚੁੱਕ ਕੇ ਸਾਈਕਲ ਸੂਏ ਦੇ ਨਾਲ ਲੱਗਦੀ ਇੱਕ ਛੋਟੀ ਜਿਹੀ ਨਹਿਰ ਵਿੱਚ ਸੁੱਟ ਦਿੱਤਾ। ਸਾਈਕਲ ਨਹਿਰ ਦੇ ਵਿੱਚ ਡਿੱਗਿਆ ਦੇਖ ਲਾਲਾ ਡਰ ਤਾਂ ਭੁੱਲ ਗਿਆ ਪਰ ਸਾਡੀ ਉਹਨੇ ਮਾਂ ਭੈਣ ਇੱਕ ਕਰ ਦਿੱਤੀ। ਰੱਬ ਹੀ ਜਾਣੇ ਅਸੀਂ ਕਿਵੇਂ ਲਾਲੇ ਨੂੰ ਸ਼ਾਂਤ ਕੀਤਾ ਅਤੇ ਕਿਹਾ ਕਿ ਹੁਣ ਆਪਣੇ ਸੌਹਰੇ ਘਰ ਤੋਂ ਮੋਟਰ ਸਾਈਕਲ ਮੰਗ ਲੈ ਕਿਉਂਕਿ ਅੱਜਕਲ ਇਹਦਾ ਫੈਸ਼ਨ ਹੈ। ਲਾਲਾ ਸਿੱਧਾ ਸਾਡੇ ਘਰ ਰੌਲਾ ਪਾਉਂਦਾ ਪਹੁੰਚ ਗਿਆ। ਜੋ ਵੀ ਉਹਨੂੰ ਰਸਤੇ ਵਿੱਚ ਮਿਲਿਆ ਉਹਨੇ ਵਧਾ ਚੜਾ ਕੇ ਹਰ ਇੱਕ ਨੂੰ ਸਾਡੀ ਗੱਲ ਦੱਸੀ। ਸਾਡੇ ਘਰ ਤੱਕ ਪਹੁੰਚਣ ਤੱਕ ਲਾਲੇ ਨੇ ਥੋੜਾ ਜਿਹਾ ਹੋਰ ਮਿਰਚ ਮਸਾਲਾ ਗੱਲ ਨੂੰ ਲਾ ਦਿੱਤਾ। ਕਹਿੰਦਾ ਕਿ ਮੈਨੂੰ ਵੀ ਨਹਿਰ ਵਿੱਚ ਸੁੱਟਣ ਲੱਗੇ ਸੀ ਅਤੇ ਮਸਾਂ ਭੱਜ ਕੇ ਜਾਨ ਬਚਾਈ ਹੈ। ਇਹ ਸੁਣਕੇ ਸਾਡੇ ਘਰੋਂ ਛਿੱਤਰ ਵੀ ਬਹੁਤ ਪਏ ਸਨ।
ਅਸੀਂ ਆਪਣੇ ਪਏ ਛਿੱਤਰਾਂ ਦਾ ਬਦਲਾ ਹੀ ਛੇਤੀ ਲੈ ਲਿਆ। ਇੱਕ ਦਿਨ ਅਸੀਂ ਦੋਹਾਂ ਨੇ ਸੁੱਕੇ ਜਿਹੇ ਲਾਲੇ ਨੂੰ ਚੁੱਕ ਕੇ 12 ਫੁੱਟ ਕੰਧ ਤੋਂ ਚੁੱਕ ਕੇ ਦੂਜੇ ਪਾਸੇ ਲੱਗੀ ਗੋਹੇ ਦੀ ਰੂੜੀ ਤੇ ਸੁੱਟ ਦਿੱਤਾ ਅਤੇ ਗੋਹੇ ਵਿੱਚ ਲਿੱਬੜਿਆ ਤੁਰਿਆ ਆਉਂਦਾ ਲਾਲਾ ਇਸ ਤਰਾਂ ਦਾ ਲੱਗੇ ਜਿਵੇ ਕੋਈ ਡਰਨਾ ਤੁਰਿਆ ਆਉਦਾ ਹੋਵੇ। ਰਹਿੰਦੀ ਕਸਰ ਲਾਲੀ ਨੇ ਪੂਰੀ ਕਰ ਦਿੱਤੀ। ਉਹਨੂੰ ਹੱਸਦੀ ਨੂੰ ਪਤਾ ਨਾ ਲੱਗੇ ਕਿ ਲਾਲੇ ਨੂੰ ਹੁਣ ਗਰਮ ਪਾਣੀ ਨਾਲ ਨਹਾਵੇ ਜਾਂ ਫਿਰ ਠੰਡੇ ਦੇ ਨਾਲ। ਉਹ ਤਾਂ ਸਾਡੇ ਅਰਜੁਨ ਵੀਰ ਜੀ ਦੇ ਦਿਮਾਗ ਵਿੱਚ ਆ ਗਿਆ ਅਤੇ ਲਾਲੇ ਨੂੰ ਸਾਡੀ ਮੋਟਰ ਤੇ ਜਾ ਕੇ ਨਿਹਾ ਕੇ ਲੈ ਕੇ ਆਇਆ ਅਤੇ ਨਾਲ ਹੀ ਕਹੀ ਜਾਵੇ “ਲਾਲੇ, ਤੈਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਸਾਡੇ ਜਵਾਕਾ ਨਾਲ ਪੰਗੇ ਨਾ ਲਿਆ ਕਰ। ਤੇਰੇ ਕੋਲੋਂ ਬੈਠ ਕੇ ਰਾਮ ਰਾਮ ਨਹੀਂ ਕਰਿਆ ਜਾਂਦਾ।”
ਪਰ ਲਾਲੇ ਨੂੰ ਹੁਣ ਇਹ ਫਿਕਰ ਲੱਗ ਗਿਆ ਕਿ ਦੋਵੇ ਸਰਦਾਰ ਤਾਂ ਕੁੱਤੇ ਨੂੰ ਸੋਟੀ ਨਹੀਂ ਮਾਰਦੇ ਇਹ ਕੀਹਦੇ ਤੇ ਚਲੇ ਗਏ। ਲਾਲੇ ਦਾ ਬੱਸ ਚੱਲਦਾ ਤਾਂ ਸਾਡਾ ਦੋਹਾਂ ਦਾ DNA ਕਰਵਾ ਲਿਆਉਂਦਾ। ਅਰਜੁਨ ਵੀਰ ਜੀ ਉਹਨੂੰ ਕਹਿੰਦੇ ਕਿ ਤੂੰ ਅਜੇ ਅਸਲੀ ਸਰਦਾਰ ਨੂੰ ਨਹੀਂ ਮਿਲਿਆ ਜਦੋ ਲਾਲਿਆ ਉਹਨੂੰ ਮਿਲ ਗਿਆ ਅਤੇ ਫਿਰ ਤੈਨੂੰ ਕੋਈ ਸਵਾਲ ਪੁੱਛਣ ਦੀ ਜਰੂਰਤ ਨਹੀਂ ਪੈਣੀ। ਭਾਵੇਂ ਅਰਜਨ ਵੀਰ ਜੀ ਨੇ ਲਾਲੇ ਨੂੰ ਸੁੱਕੀ ਤੋਰੀ ਉੱਪਰ ਸਾਬਣ ਲਾ ਲਾ ਕੇ ਉਹਦੀ ਚਮੜੀ ਉਧੇੜਨ ਵਾਲੀ ਕਰ ਦਿੱਤੀ ਸੀ ਪਰ ਲਾਲੀ ਨੇ ਕਈ ਦਿਨ ਲਾਲੇ ਨੂੰ ਆਪਣੇ ਕੋਲ ਨੀ ਪੈਣ ਦਿੱਤਾ।
ਅਸੀਂ ਬਾਅਦ ਵਿੱਚ ਪੜਾਈ ਵਿੱਚ ਬਿਜ਼ੀ ਹੋ ਗਏ ਅਤੇ ਲਾਲਾ ਆਪਣੀ ਜਿੰਦਗੀ ਵਿੱਚ। ਇੱਕ ਵਾਰ ਅਸੀ ਛੁੱਟੀਆਂ ਵਿੱਚ ਘਰ ਵਾਪਸ ਆਏ ਤਾਂ ਹਰ ਰੋਜ਼ ਦੇਖਿਆ ਕਰੀਏ ਕਿ ਸਾਡੇ ਤਾਈਂ ਜੀ ਰੋਜ਼ ਲਾਲੇ ਦੀ ਦੁਕਾਨ ਤੇ ਜਾਵੇ ਅਤੇ ਢਿੱਲਾ ਜਿਹਾ ਮੂੰਹ ਲੈ ਕੇ ਵਾਪਸ ਆ ਜਾਇਆ ਕਰੇ। ਇੱਕ ਦਿਨ ਸਾਡੀ ਮਾਤਾ ਨੇ ਉਹਨੂੰ ਪੁੱਛ ਹੀ ਲਿਆ ਕਿ ਬੀਬੀ ਕੀ ਗੱਲ ਹੈ। ਤਾਈਂ ਜੀ ਨੇ ਚਾਰੇ ਪਾਸੇ ਦੇਖਦੇ ਹੋਏ ਕਿ ਕੋਈ ਸੁਣਦਾ ਨਾ ਹੋਵੇ ਮਾਂ ਨੂੰ ਹੌਲੀ ਜਿਹਾ ਕਿਹਾ,”ਲਾਲਾ ਮੇਰੇ ਕੋਲ 500 ਰੁਪਏ ਉਧਾਰੇ ਲੈ ਗਿਆ ਸੀ ਕਹਿੰਦਾ ਸੀ 6 ਮਹੀਨੇ ਵਿੱਚ ਵਾਪਸ ਦੇ ਆਵਾਂਗਾ ਪਰ ਹੁਣ ਤਾਂ ਸਾਲ ਤੋਂ ਵੀ ਉੱਪਰ ਹੋ ਗਿਆ। ਹਰ ਰੋਜ਼ ਕੋਈ ਨਾ ਕੋਈ ਬਹਾਨਾ ਬਣਾ ਕੇ ਜਵਾਬ ਦੇ ਦਿੰਦਾ ਹੈ.” ਤਾਈਂ ਜੀ ਕਿਹੜੇ ਡੀ ਸੀ ਲੱਗੇ ਹੋਏ ਸੀ ਪੁਰਾਣੀਆਂ ਬੁੜੀਆਂ ਵਾਂਗ ਪਤਾ ਨਹੀਂ ਕਿਵੇਂ ਪੈਸੇ ਜੋੜ ਕੇ ਰੱਖੇ ਸੀ। ਉਸ ਵਕ਼ਤ 500 ਰੁਪਏ ਦੀ ਕੀਮਤ ਬਹੁਤ ਹੋਇਆ ਕਰਦੀ ਸੀ। ਤਾਈਂ ਜੀ ਡਰਦੀ ਮਾਰੀ ਤਾਇਆ ਜੀ ਨੂੰ ਦੱਸੇ ਨਾ ਕਿਉਂਕਿ ਉਹਨਾਂ ਨੇ ਕਹਿਣਾ ਸੀ ਕਿ ਤੁਸੀ ਕਦੋਂ ਤੋਂ ਸ਼ਾਹੂਕਾਰ ਵਾਲਾ ਧੰਦਾ ਸ਼ੁਰੂ ਕਰ ਦਿੱਤਾ। ਮੇਰੀ ਮੰਮੀ ਨੇ ਤਾਈ ਜੀ ਦਿਲਾਸਾ ਦਿੰਦੇ ਹੋਏ ਕਿਹਾ ਕਿ ਤੁਸੀ ਫਿਕਰ ਨਾ ਕਰੋ, ਮੈਂ ਆਪੇ ਲਾਲੇ ਨਾਲ ਇੱਕ ਅੱਧੇ ਦਿਨ ਵਿੱਚ ਗੱਲ ਕਰਣ ਜਾਵਾਂਗੀ। ਆਪਣੇ ਜਾਣੇ ਤਾਂ ਦੋਹਾਂ ਨੇ ਧਿਆਨ ਨਾਲ ਚਾਰੇ ਪਾਸੇ ਹੌਲੀ ਜਿਹੀ ਗੱਲ ਕੀਤੀ ਕਿ ਕੋਈ ਦੇਖ ਫਿਰ ਸੁਣ ਨਾ ਲਵੇ। ਪਰ ਦੋਹਾਂ ਦਾ ਧਿਆਨ ਉੱਪਰ ਵੱਲ ਨੂੰ ਬਿਲਕੁੱਲ ਨਹੀਂ ਗਿਆ ਕਿ ਦੋ ਸ਼ੈਤਾਨ ਕੋਠੇ ਉੱਪਰ ਜੰਗਲੇ ਦੇ ਉਹਲੇ ਬੈਠੇ ਸਾਰੀ ਗੱਲ ਸੁਣ ਕੇ ਆਪਣੀ ਸਲਾਹ ਬਣਾਈ ਬੈਠੇ ਹਨ । ਅਸੀ ਤਾਂ ਪਹਿਲਾਂ ਹੀ ਲਾਲੇ ਨਾਲ ਪੰਗਾ ਲੈਣ ਲਈ ਮੌਕੇ ਦੀ ਤਲਾਸ਼ ਵਿੱਚ ਸੀ ਇਹ ਵਾਲਾ ਮੌਕਾ ਤਾਂ ਰੱਬ ਨੇ ਸਾਨੂੰ ਜਿਵੇ ਕਿਤੇ ਤੋਹਫੇ ਵਜੋਂ ਦਿੱਤਾ ਹੋਵੇ। ਨਹੀਂ ਤਾਂ ਕਿ ਤਾਈਂ ਜੀ ਦੇ 500 ਰੁਪਏ ਨਾਲ ਕਿਹੜਾ ਤਾਇਆ ਜੀ ਦੀ ਬੈਂਕ ਨੂੰ ਘਾਟਾ ਪੈਣਾ ਸੀ। ਪੌੜੀਆਂ ਦੀ ਬਜਾਏ ਅਸੀਂ ਦੋਵੇਂ ਕੰਧ ਉੱਪਰ ਦੀ ਛਾਲ ਮਾਰਕੇ ਲਾਲੇ ਦੇ ਘਰ ਜਾ ਪਹੁੰਚੇ। ਹੁਣ ਸਾਡੀ ਗਿਣਤੀ ਨਾ ਹੀ ਬੱਚਿਆਂ ਵਿੱਚ ਹੁੰਦੀ ਸੀ ਅਤੇ ਨਾ ਹੀ ਨੌਜਵਾਨਾਂ ਵਿੱਚ। ਜਦੋਂ ਅਸੀਂ ਲਾਲੇ ਦੇ ਘਰ ਪਹੁੰਚੇ ਤਾਂ ਬਹੁਤ ਦਿਨਾਂ ਬਾਅਦ ਸਾਨੂੰ ਦੇਖ ਲਾਲੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਹਦੇ ਕੋਈ ਆਪਣੇ ਜਵਾਕ ਨਹੀਂ ਸੀ ਇਸ ਲਈ ਬੱਸ ਦੂਜਿਆ ਨੂੰ ਦੇਖ ਕੇ ਖੁਸ਼ ਰਹਿੰਦੀ ਸੀ। ਕਦੇ ਕਦੇ ਅਸੀ ਸੋਚਦੇ ਸੀ ਕਿ ਲਾਲੀ ਨੇ ਜਾਂ ਤਾਂ ਕਿਸੇ ਅਗਲੇ ਪਿਛਲੇ ਜਨਮ ਵਿੱਚ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਣਾ ਸੀ ਜਾਂ ਫਿਰ ਲਾਲੇ ਨੇ ਕੋਈ ਬਹੁਤ ਵੱਡਾ ਪੁੰਨ ਕੀਤਾ ਹੋਣਾ ਜਿਸ ਕਰਕੇ ਇੰਨਾ ਦੋਹਾਂ ਦਾ ਵਿਆਹ ਹੋ ਗਿਆ ਸੀ। ਲਾਲਾ ਸਾਨੂੰ ਦੋਹਾਂ ਨੂੰ ਇਕੱਠੇ ਦੇਖ ਵੈਸੇ ਵੀ ਘਬਰਾ ਜਾਂਦਾ ਸੀ। ਲਾਲੀ ਨਾਲ ਦੋ ਚਾਰ ਗੱਲਾਂ ਕਰ ਅਸੀਂ ਸਿੱਧਾ ਲਾਲੇ ਨੂੰ ਘੇਰ ਲਿਆ ਕਿ ਹੁਣੇ ਕੱਢ ਸਾਡੀ ਬੇਬੇ ਦੇ ਪੈਸੇ। ਲਾਲਾ ਕਹੀ ਜਾਵੇ ਮੇਰੇ ਕੋਲ ਹੈ ਨਹੀਂ ਜਦੋ ਆਏ ਪਹਿਲਾ ਤੁਹਾਡੇ ਘਰ ਦੇ ਕੇ ਆਵਾਂਗੇ। ਅਸੀਂ ਵੀ ਲਾਲੇ ਦੇ ਭੇਤੀ ਸੀ ਕਿ ਇਹਨੇ ਇਸ ਤਰਾਂ ਨਹੀਂ ਮੰਨਣਾ। ਕਦੇ ਕਦੇ ਘਿਉ ਵੀ ਟੇਡੀ ਉਂਗਲ ਕਰਕੇ ਕੱਢਣਾ ਪੈਂਦਾਂ ਹੈ। ਦੋ ਤਿੰਨ ਮਿੰਟ ਲਾਲੇ ਨਾਲ ਬਹਿਸ ਕਰਕੇ ਸਾਨੂੰ ਪਤਾ ਲੱਗ ਗਿਆ ਕਿ ਇਸ ਤਰਾਂ ਕੰਮ ਨਹੀਂ ਬਣਨਾ। ਅਸੀਂ ਚੁੱਪ ਕਰਕੇ ਲਾਲੇ ਦੀ ਗਾਂ ਦੇ ਨਾਲ ਉਹਦਾ ਵੱਛਾ ਖੋਲ ਲਿਆਂਦਾ ਅਤੇ ਸਿੱਧਾ ਜਾਕੇ ਮੋਟਰ ਤੇ ਬੰਨ ਦਿੱਤਾ, ਲਾਲੇ ਨੂੰ ਵੀ ਕਹਿ ਆਏ ਕਿ ਸਾਡੀ ਬੇਬੇ ਦੇ ਪੈਸੇ ਵਾਪਸ ਦੇ ਜਾਵੀ ਅਤੇ ਆਪਦੀ ਗਾਂ ਲੈ ਜਾਵੀ। ਅਸੀ ਅਜੇ ਗਾਂ ਨੂੰ ਕਿਲ੍ਹੇ ਨਾਲ ਬੰਨਿਆ ਨਹੀਂ ਸੀ ਕਿ ਲਾਲਾ ਪੈਸੇ ਲੈ ਕੇ ਸਿੱਧਾ ਤਾਈ ਜੀ ਦੇ ਪੈਰ ਫੜ ਕੇ ਬੈਠ ਗਿਆ। ਥੋੜੇ ਜਿਹੇ ਵੱਡੇ ਹੋ ਗਏ ਕਰਕੇ ਸਾਡੇ ਹੁਣ ਝਿੜਕਾਂ ਤਾਂ ਬਹੁਤ ਪੈਂਦੀਆਂ ਸਨ ਪਰ ਛਿੱਤਰ ਪੈਣੇ ਬੰਦ ਹੋ ਗਏ ਸਨ। ਉਸ ਦਿਨ ਮੇਰੇ ਪਿਤਾ ਜੀ ਵੀ ਘਰ ਆਏ ਹੋਏ ਸਨ। ਸਾਡੀ ਕੁਰਤੂਤ ਦੇਖ ਉਹਨਾਂ ਨੇ ਸਾਨੂੰ ਝਿੜਕਣ ਦੀ ਬਜਾਏ ਕਹਿ ਦਿੱਤਾ, “ਆਹ ਨੇ ਉਸ ਗ਼ਦਰੀ ਬਾਬੇ ਦੇ ਅਸਲੀ ਵਾਰਸ ਜਿੰਨੇ ਇੱਕਲੇ ਨੇ ਮੁਗ਼ਲ ਬੱਦੋਵਾਲ ਦੀ ਛਾਉਣੀ ਨੀ ਟੱਪਣ ਦਿੱਤੇ ਸੀ।” ਹੁਣ ਤੱਕ ਲਾਲਾ ਜੀ ਵੀ ਸਮਝ ਗਏ ਕਿ ਅਰਜੁਨ ਨੇ ਸੱਚ ਹੀ ਕਿਹਾ ਸੀ ਸਾਡਾ ਤੀਜਾ ਸਰਦਾਰ ਅਲੱਗ ਹੀ ਕਿਸਮ ਦਾ ਹੈ। ਥੋੜੀ ਦੂਰ ਬੈਠੇ ਅਰਜੁਨ ਵੀਰ ਜੀ ਲਾਲੇ ਨੂੰ ਦੇਖ ਕੇ ਹੋਲੀ ਜਿਹੇ ਮੁਸਕਰਾ ਪਏ ਜਿਵੇਂ ਕਹਿੰਦੇ ਹੋਣ ਕਿ ਅਜੇ ਵੀ ਇਰਾਦਾ ਟੈਸਟ ਕਰਵਾਹੁਣ ਦਾ।ਪਿਤਾ ਜੀ ਦੀ ਅਜੇ ਇੰਨੀ ਕਹਿਣ ਦੀ ਗੱਲ ਸੀ ਕਿ ਮਾਤਾ ਜੀ ਨੇ ਸਾਨੂੰ ਛੱਡ ਕੇ ਪਿਤਾ ਜੀ ਦੀ ਕਲਾਸ ਲਗਾ ਦਿੱਤੀ ਅਤੇ ਲਾਲਾ ਗਾਂ ਲੈ ਕੇ ਇਸ ਤਰਾਂ ਭੱਜਿਆ ਕਿ ਜਿਵੇ ਕੋਈ ਉਹਦਾ ਭੂਤ ਪਿੱਛਾ ਕਰਦੀ ਹੋਵੇ। ਇਹ ਸਾਡੀ ਲਾਲੇ ਨਾਲ ਆਖਰੀ ਬਾਰ ਦੀ ਲੜਾਈ ਸੀ।
ਅਸੀ 17 ਸਾਲਾਂ ਦੇ ਹੋਏ ਤਾਂ ਘਰ ਦਿਆਂ ਨੇ ਦੋਹਾਂ ਨੂੰ ਵਿਦੇਸ਼ ਭੇਜ ਦਿੱਤਾ। ਗਏ ਤਾਂ ਅਸੀਂ ਇੱਕੋਂ ਦੇਸ਼ ਵਿੱਚ ਸੀ ਪਰ ਚਲੇ ਗਏ ਅਲੱਗ ਅਲੱਗ ਰਾਜਾਂ ਵਿੱਚ। ਮੈਂ ਆਪਣੀ ਭੂਆ ਜੀ ਕੋਲ ਚਲੀ ਗਈ ਅਤੇ ਮੇਰਾ ਚਚੇਰਾ ਭਰਾ ਆਪਣੀ ਮਾਸੀ ਕੋਲ। ਅਜੇ ਸਾਨੂੰ ਗਿਆ ਨੂੰ ਅਜੇ ਕੁੱਝ ਹੀ ਮਹੀਨੇ ਹੋਏ ਸਨ ਕਿ ਲਾਲੇ ਨੂੰ ਸਾਡਾ ਫਿਕਰ ਪੈ ਗਿਆ ਅਤੇ ਸਿੱਧਾ ਤਾਂ ਨਹੀਂ ਪੁੱਛ ਸਕਿਆ ਪਰ ਗੱਲੀ ਗੱਲੀ ਮੇਰੀ ਮਾਂ ਨੂੰ ਕਹਿ ਦਿਆਂ ਕਰੇ, “ਸਰਦਾਰਨੀ ਜੀ, ਮੈਨੂੰ ਪਹਿਲਾਂ ਦੱਸ ਦੇਣਾ ਜਦੋਂ ਉਹ ਮੁੜਨਗੇ ਤਾਂਕਿ ਮੈਂ ਆਪਣਾ ਪਹਿਲਾਂ ਹੀ ਸੁਰੱਖਿਆ ਦਾ ਪ੍ਰਬੰਧ ਕਰ ਲਵਾ।” ਜਦੋ ਮਾਂ ਨੇ ਇਹ ਕਿਹਾ ਕਿ ਉਹਨਾਂ ਨੇ ਹੁਣ ਚਾਰ ਪੰਜ ਸਾਲ ਨਹੀਂ ਮੁੜਨਾ। ਲਾਲਾ ਮਸੂਸ ਜਿਹਾ ਹੋ ਕੇ ਵਾਪਸ ਚਲਾ ਗਿਆ। ਆਉਂਦੇ ਜਾਂਦੇ ਸਾਡੇ ਕਿਸੇ ਵੀ ਘਰ ਦੇ ਮੈਂਬਰ ਨੇ ਲਾਲੇ ਦੀ ਦੁਕਾਨ ਅੱਗੋਂ ਲੰਘਣਾ, ਤਾਂ ਲਾਲਾ ਭਾਵੇਂ ਦੁਆ ਸਲਾਮ ਕਰੇ ਜਾਂ ਨਾ ਕਰੇ ਪਰ ਉਹ ਸਾਡੇ ਹਾਲ ਚਾਲ ਬਾਰੇ ਜਰੂਰ ਪੁੱਛਦਾ ਸੀ। ਲਾਲੀ ਮੇਰੀ ਮਾਂ ਨੂੰ ਕਦੇ ਕਦੇ ਹੱਸਦੇ ਹੋਏ ਕਹਿ ਦਿੰਦੀ ਸੀ ਕਿ ਇਸ ਤਰਾਂ ਲੱਗਦਾ ਜਿਵੇਂ ਲਾਲੇ ਨੂੰ ਜਵਾਕਾ ਦਾ ਵਿਜੋਗ ਲੱਗ ਗਿਆ ਹੋਵੇ।
ਜਦੋਂ ਤੱਕ ਅਸੀਂ ਦੋਵੇਂ ਭੈਣ ਭਰਾ ਇਕੱਠੇ ਰਹੇ ਸਾਨੂੰ ਕੋਈ ਵੀ ਹਰਾ ਨਹੀਂ ਸਕਿਆ ਸੀ। ਸਾਡਾ ਸਾਥ ਹੀ ਸਾਡੀ ਤਾਕਤ ਸੀ। ਪਰ ਰੱਬ ਦੀ ਕੋਈ ਹੋਰ ਹੀ ਰਜ਼ਾ ਸੀ। ਮੇਰਾ ਭਰਾ ਭਰ ਜਵਾਨੀ ਵਿੱਚ ਅਜੇ 24 ਸਾਲਾਂ ਦਾ ਸੀ ਇੱਕ ਦੁਰਘਟਨਾ ਵਿੱਚ ਆਪਣੀ ਜਿੰਦਗੀ ਨੂੰ ਹਾਰ ਗਿਆ ਅਤੇ ਮੈਂ ਦਿਲ ਤੇ ਪੱਥਰ ਰੱਖ ਉਹਦੀਆਂ ਅਸਥੀਆਂ ਲੈ ਕੇ ਘਰ ਪਹੁੰਚੀ। ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਸੱਭ ਤੋਂ ਪਹਿਲਾਂ ਲਾਲਾ ਹੀ ਅਸਥੀਆਂ ਫੜ ਕੇ ਧਾਹਾਂ ਮਾਰ ਮਾਰ ਕੇ ਰੋਇਆ। ਫਿਰ ਲਾਲਾ ਸਾਡੇ ਨਾਲ ਕੀਰਤਪੁਰ ਸਾਹਿਬ ਅਸਥੀਆਂ ਲੈ ਕੇ ਖੁਦ ਗਿਆ। ਰੋਂਦੇ ਲਾਲੇ ਦੇ ਮੂੰਹ ਵਿੱਚੋਂ ਇਹ ਨਿਕਲ ਹੀ ਗਿਆ ਕਿ ਸਾਡੀਆਂ ਸ਼ਰਾਰਤਾਂ ਉਹਨੂੰ ਚੰਗੀਆਂ ਲੱਗਦੀਆਂ ਸਨ। ਲਾਲੇ ਦਾ ਪਿਆਰ ਜਤਾਉਣ ਦਾ ਆਪਣਾ ਅਲੱਗ ਜਿਹਾ ਢੰਗ ਸੀ ਜਿਹਨੂੰ ਅਸੀਂ ਨਹੀਂ ਸਮਝ ਸਕੇ ਸੀ। ਕੋਈ ਦਸ ਸਾਲ ਬਾਅਦ ਜਦੋਂ ਮੈਂ ਫਿਰ ਆਪਣੇ ਵਤਨ ਵਾਪਸ ਗਈ ਤਾਂ ਮਾਂ ਤੋਂ ਪਤਾ ਚੱਲਿਆ ਕਿ ਲਾਲੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਅਤੇ ਲਾਲੀ ਵਾਪਸ ਆਪਣੇ ਕਿਸੇ ਦੂਸਰੇ ਰਾਜ ਵਿੱਚ ਰਹਿੰਦੇ ਭਾਈ ਭੈਣਾਂ ਕੋਲ ਵਾਪਸ ਚਲੀ ਗਈ ਸੀ। ਹੁਣ ਵੀ ਜਦੋਂ ਕਦੇ ਘਰ ਵਾਪਸ ਜਾਂਦੀ ਹਾਂ ਤਾਂ ਲਾਲੇ ਦੀ ਦੁਕਾਨ ਤੇ ਬੈਠੇ ਕਿਸੇ ਅਜਨਬੀ ਨੂੰ ਦੇਖ ਕੇ ਦਿਲ ਭਰ ਆਉਂਦਾ ਹੈ। ਫਿਰ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ ਕਿ ਲਾਲਿਆ ਤੂੰ ਬਹੁਤ ਕੰਜੂਸ ਹੈ। ਪੈਸੇ ਥੈਲੇ ਵਿੱਚ ਤਾਂ ਸਾਨੂੰ ਪਤਾ ਸੀ ਕਿ ਤੂੰ ਕਿੰਨਾ ਕੰਜੂਸ ਹੈ ਪਰ ਤੂੰ ਤਾਂ ਆਪਣੀ ਜਿੰਦਗ਼ੀ ਨਾਲ ਵੀ ਕੰਜੂਸੀ ਜਿਹੀ ਕਰ ਗਿਆ।
ਜਿੰਦਗੀ ਦੇ ਰਸਤਿਆਂ ਤੇ ਚੱਲਦੇ ਚੱਲਦੇ ਸਾਨੂੰ ਬਹੁਤ ਲੋਕ ਮਿਲਦੇ ਹਨ ਪਰ ਕੁਝ ਲੋਕ ਉਹਨਾਂ ਰਸਤਿਆਂ ਪੱਕੀ ਮੋਹਰ ਲਗਾ ਜਾਂਦੇ ਹਨ ਜਿਹਨੂੰ ਮਿੱਟੀ ਧੂੜ ਘੱਟਾ ਜਾ ਫਿਰ ਸਾਡੀ ਆਪਣੀ ਜਿੰਦਗੀ ਵਿੱਚ ਆਏ ਤੂਫ਼ਾਨ ਉਹਨਾਂ ਪੈੜਾ ਨੂੰ ਖ਼ਤਮ ਨਹੀਂ ਕਰ ਸਕਦੇ।