ਉਲਝਣਾਂ

ਜ਼ਿੰਦਗ਼ੀ ਵਿੱਚ ਉਲਝਣਾਂ ਵੀ ਬਹੁਤ ਅਜੀਬ ਆਉਂਦੀਆਂ ਹਨ ਜਿਹੜੀਆਂ ਕੋਈ ਵੀ ਫੈਸਲਾ ਲੈਣ ਦੇ ਰਾਹ ਵਿੱਚ ਰੁਖਾਵਟ ਬਣ ਕੇ ਬਹਿ ਜਾਂਦੀਆਂ ਹਨ। ਜਿੰਦਗੀ ਦੇ ਤਜ਼ਰਬੇ ਇਨਸਾਨ ਨੂੰ ਪਤਾ ਨਹੀਂ ਕਮਜ਼ੋਰ ਬਣਾ ਦਿੰਦੇ ਹਨ ਜਾਂ ਫਿਰ ਸੋਝੀ ਵਿੱਚ ਵਾਧਾ ਕਰਦੇ ਹਨ ਕਿ ਇਨਸਾਨ ਕੋਈ ਫੈਸਲਾ ਲੈਣ ਦੇ ਯੋਗ ਨਹੀਂ ਰਹਿੰਦਾ। ਇਹ ਵੀ ਕਹਿ ਸਕਦੇ ਹੋ ਕਿ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾਂ ਹੈ। ਕਈ ਵਾਰ ਚੰਗੀ ਲੱਸੀ ਨੂੰ ਗਰਮ ਦੁੱਧ ਸਮਝ ਕੇ ਪੀਣ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਗਰਮ ਦੁੱਧ ਤੋਂ ਜਲਣ ਦਾ ਦਰਦ ਹੀ ਉਹਦੇ ਅੰਦਰ ਛਿੱਪ ਕੇ ਬੈਠਿਆ ਹੁੰਦਾ ਹੈ। ਇਸੇ ਸ਼ਸੋਪੰਜ ਵਿੱਚ ਜਿੰਦਗੀ ਗੁਜਰ ਜਾਂਦੀ ਹੈ। ਆਪਣੇ ਅੰਦਰ ਘਰ ਚੁੱਕੇ ਇਸ ਡਰ ਨੂੰ ਮਾਰਨਾ ਬਹੁਤ ਜਰੂਰੀ ਹੁੰਦਾ ਹੈ ਨਹੀਂ ਤਾਂ ਇਨਸਾਨ ਜਿੱਤ ਕੇ ਵੀ ਹਾਰ ਜਾਂਦਾ ਹੈ ਅਤੇ ਬਹੁਤ ਸੁਨਹਿਰੀ ਮੌਕੇ ਹੱਥੋਂ ਗੁਆ ਬੈਠਦਾ ਹੈ। ਫਿਰ ਉਮਰ ਦੇ ਉਸ ਪੜਾਅ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਫਿਰ ਨਾ ਚਾਹੁੰਦਿਆਂ ਹੋਇਆ ਵੀ ਕੋਈ ਫੈਸਲਾ ਨਹੀਂ ਲੈ ਸਕਦਾ ਕਿਉਂਕਿ ਅਸੀਂ ਉਸ ਸਮਾਜ ਦਾ ਹਿੱਸਾ ਹਾਂ ਜਿਹਨੇ ਹਰ ਇੱਕ ਚੀਜ਼ ਦੀਆ ਸਰਹੱਦਾਂ ਉਲੀਕ ਰੱਖੀਆਂ ਹਨ। ਇੱਕਵੀ ਸਦੀ ਵੀ ਪਾਰ ਚੁੱਕੇ ਹਾਂ ਪਰ ਜਦੋਂ ਗੱਲ ਸਮਾਜਕ ਬੰਧਨਾਂ ਦੀ ਆਉਂਦੀ ਹੈ ਤਾਂ ਅਸੀਂ ਅਜੇ ਵੀ ਆਦਿ ਮਾਨਵ ਦੇ ਜ਼ਮਾਨੇ ਦੀ ਸੋਚ ਰੱਖਦੇ ਹਾਂ। ਬਦਲਦੇ ਵਕ਼ਤ ਅਤੇ ਤਕਨੀਤੀ ਉਂਣਤੀ ਨੇ ਸਾਡਾ ਰਹਿਣ ਸਹਿਣ, ਭਾਸ਼ਾ ਅਤੇ ਦਿੱਖ ਨੂੰ ਤਾਂ ਬਦਲ ਕੇ ਰੱਖ ਦਿੱਤਾ ਹੈ ਪਰ ਸਾਡੀ ਸੋਚ ਤੇ ਅਜੇ ਵੀ ਪੁਰਾਣਾ ਜਿੰਦਰਾ ਲੱਗਾ ਹੋਇਆ ਹੈ ਜਿਹਨੂੰ ਅਸੀਂ ਚਾਹ ਕੇ ਵੀ ਨਹੀਂ ਤੋੜ ਸਕਦੇ। ਇਹ ਸਮਾਜਕ ਬੰਧਨਾਂ ਦੀਆ ਜੰਜੀਰਾਂ ਵਿੱਚ ਇੰਨੀ ਜਿਆਦਾ ਤਾਕਤ ਹੈ ਕਿ ਵੱਡੀ ਤੋਂ ਵੱਡੀ ਤਕਨੀਕੀ ਕਾਢ ਵੀ ਇਹਨੂੰ ਤੋੜ ਨਹੀਂ ਸਕੀ। 

ਕਦੇ ਸੋਚਿਆ ਸੀ ਕਿ ਇਨਸਾਨ ਆਪਣੀ ਤਕਦੀਰ ਖੁਦ ਬਣਉਂਦਾ ਹੈ। ਇਹ ਸੋਚਦੇ ਹੀ ਉਸ ਕੁੜੀ ਦੀਆ ਅੱਖਾਂ ਵਿੱਚ ਹੰਝੂ ਆ ਗਏ। ਫਿਰ ਉਹ ਕੁੜੀ ਹੰਝੂਆਂ ਤੇ ਕੰਟਰੋਲ ਨਹੀਂ ਕਰ ਸਕੀ ਅਤੇ ਉੱਚੀ ਉੱਚੀ ਰੌਂਦੀ ਬਾਬੇ ਨਾਨਕ ਨੂੰ ਅਵਾਜ ਮਾਰ ਕੇ ਕਹਿੰਦੀ ਹੈ, “ਬਾਬਾ ਜੀ, ਮੇਰੀ ਸੋਚ ਨੂੰ ਕੰਟਰੋਲ ਕਰਨ ਵਿੱਚ ਮੇਰੀ ਮਦਦ ਕਰੋ। ਮੇਰੀ ਸੋਚ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵੋ। ਮੇਰੀ ਸੋਚ ਨੂੰ ਉਸ ਤਰਫ ਲੈ ਕੇ ਜਾਓ ਜਿਸ ਤਰਾਂ ਦਾ ਮੇਰਾ ਮਨ ਹੈ। ਲੱਗਦਾ ਹੈ ਕਿ ਮੇਰੀ ਸੋਚ ਉੱਤੇ ਕਿਸੇ ਦਾਨਵ ਦਾ ਕੰਟਰੋਲ ਹੈ। ਮੈਂ ਚਾਹੁੰਦੀ ਹਾਂ ਕਿ ਮੇਰੀ ਸੋਚ ਵੀ ਮੇਰੀ ਰੂਹ ਵਾਂਗ ਹੀ ਝੱਲੀ ਜਿਹੀ ਹੋਵੇ। ਇਹ ਉਹੀ ਰੂਹ ਹੈ ਜਿਹੜੀ ਤਹਾਨੂੰ ਸਿਜਦਾ ਕਰਦੀ ਹੈ। ਮੇਰੀ ਰੂਹ ਪਵਿੱਤਰ ਹੈ ਕਿਉਂਕਿ ਉਸ ਰੂਹ ਵਿੱਚ ਬਾਬਾ ਨਾਨਕ ਜੀ ਤੁਸੀ ਵੱਸਦੇ ਹੋ। ਲੇਕਿਨ ਤੁਸੀ ਤਾਂ ਅੰਤਰ੍ਜਾਮੀ ਹੋ। ਮੇਰੀ ਕਮਜ਼ੋਰੀ ਨੂੰ ਚੰਗੀ ਤਰਾਂ ਜਾਣਦੇ ਹੋ ਤਾਂ ਫਿਰ ਮੈ ਕਿਉਂ ਉਲਝਣਾਂ ਵਿੱਚ ਜਿੰਦਗੀ ਕੱਢ ਰਹੀ ਹਾਂ। ਮੈਂ ਵੀ ਤਾਂ ਆਪਣੀ ਤਕਦੀਰ ਨੂੰ ਖੁਦ ਬਣਾਉਣ ਦਾ ਫੈਸਲਾ ਕੀਤਾ ਸੀ ਫਿਰ ਮੈਂ ਕਿਉਂ ਇਸ ਸੰਸਾਰ ਦੇ ਗੋਤੇ ਲਾਉਣੇ ਸ਼ੁਰੂ ਕਰ ਦਿੱਤੇ।”

ਪਤਾ ਨਹੀਂ ਬਾਹਰ ਬਾਰਸ਼ ਦਾ ਪਾਣੀ ਜਿਆਦਾ ਹਨ ਜਾਂ ਫਿਰ ਉਹਦੀਆਂ ਅੱਖਾਂ ਵਿਚੋਂ ਡਿੱਗਦੇ ਹੰਝੂ, ਜਾਂ ਫਿਰ ਉਹ ਹੰਝੂ ਜਿਆਦਾ ਤਾਕਤਵਰ ਹਨ ਜਿਹੜੇ ਉਹਦੀ ਰੂਹ ਵਿਚੋਂ ਤਾਂ ਨਿਕਲ ਗਏ ਪਰ ਉਹਦੀਆਂ ਅੱਖਾਂ ਵਿੱਚੋਂ ਦੀ ਬਾਹਰ ਨਹੀਂ ਨਿਕਲ ਸਕੇ। ਇਹ ਹੰਝੂ ਜਿਹੜੇ ਰੂਹ ਵਿਚੋਂ ਨਿਕਲ ਕੇ ਉਹਦੇ ਅੰਦਰ ਹੀ ਕੈਦ ਹੋ ਗਏ, ਉਹਦੀ ਰੂਹ ਨੂੰ ਹਰ ਰੋਜ਼ ਚੀਰਦੇ ਰਹਿੰਦੇ ਹਨ ਜਿਸ ਨਾਲ ਅੰਤਾਂ ਦਾ ਦਰਦ ਮਹਿਸੂਸ ਹੁੰਦਾ ਹੈ ਅਤੇ ਉਹ ਕੁੜੀ ਆਪਣੀ ਰੂਹ ਅਤੇ ਦਿਲ ਨੂੰ ਆਪਣੇ ਹੱਥਾਂ ਨਾਲ ਆਪਣੇ ਜਿਸਮ ਵਿੱਚੋ ਬਾਹਰ ਕੱਢਣ ਦੀ ਸੋਚਦੀ ਹੈ ਕਿ ਸ਼ਾਇਦ ਦਰਦ ਖ਼ਤਮ ਹੋ ਜਾਵੇ। ਫਿਰ ਰੋ ਕੇ ਆਪਣੇ ਬਾਬਾ ਨਾਨਕ ਨੂੰ ਆਵਾਜ਼ ਲਗਾਉਂਦੀ ਹੈ, “ਬਾਬਾ ਨਾਨਕ, ਬੱਸ ਹੁਣ ਮੈਂ ਥੱਕ ਚੁੱਕੀ ਹੈ। ਮੈਨੂੰ ਆਪਣੇ ਕੋਲ ਸੱਦ ਲਵੋ।” ਅਜੇ ਉਹ ਅਰਦਾਸ ਕਰਦੀ ਹੀ ਸੀ ਕਿ ਅਚਾਨਕ ਉਹਦੇ ਮਨ ਵਿੱਚ ਇਹ ਆਵਾਜ਼ ਆਉਂਦੀ ਹੈ,”ਅਜੇ ਜਿੰਮੇਵਾਰੀ ਬਾਕੀ ਰਹਿੰਦੀ ਹੈ। ਖੁਦ ਹੀ ਤੂੰ ਕਿਹਾ ਕਰਦੀ ਹੈ ਕਿ ਜੰਗੇ ਮੈਦਾਨ ਵਿੱਚੋਂ ਭੱਜ ਕੇ ਨਹੀਂ ਜਾਈਦਾ।” 

ਫਿਰ ਇਕੱਲੀ ਬੈਠੀ ਕਾਫੀ ਦੇਰ ਤੱਕ ਸੋਚਦੀ ਰਹੀ ਕਿ ਇਹ ਜਿੰਦਗੀ ਦਾ ਸਫਰ ਕਦੋਂ ਸ਼ੁਰੂ ਹੋਇਆ ਅਤੇ ਕਦੋ ਇੱਥੇ ਤੱਕ ਪਹੁੰਚ ਗਿਆ। ਪਰ ਉਹਦਾ ਆਪਣਾ ਅੰਦਰ ਕਮਜ਼ੋਰ ਹੋ ਚੁੱਕਾ ਸੀ ਇਸ ਲਈ ਕਈ ਸਾਲ ਦਾ ਸਫਰ ਉਹਨੇ ਫਾਸਟ ਫਾਰਵਰਡ ਹੀ ਕਰ ਦਿੱਤਾ। ਨਾ ਹੀ ਦਰਵਾਜੇ ਦੀ ਘੰਟੀ ਵੱਜੀ ਅਤੇ ਨਾ ਹੀ ਫੋਨ ਦੀ। ਉਹਦੀ ਰੂਹ ਲਗਾਤਾਰ ਕਿਸੇ ਦਾ ਇੰਤਜ਼ਾਰ ਕਰ ਰਹੀ ਹੈ। ਜਦੋਂ ਤੱਕ ਉਹਦਾ ਇੰਤਜ਼ਾਰ ਖ਼ਤਮ ਨਹੀਂ ਹੁੰਦਾ ਉਹ ਕਿਵੇਂ ਚੈਨ ਨਾਲ ਰਹਿ ਸਕਦਾ ਹੈ। ਹੋ ਸਕਦਾ ਹੈ ਉਹ ਕਬਰਾਂ ਵਿੱਚੋ ਵੀ ਨਿਕਲ ਉਹਦੀ ਤਲਾਸ਼ ਕਰਨ ਤੁਰ ਪਵੇ। ਸ਼ਾਇਦ ਇਸ ਕਰਕੇ ਹੀ ਇਸ ਜਹਾਨ ਨੂੰ ਰਚਣ ਵਾਲਾ ਵੀ ਉਹਨੂੰ ਲੈ ਕੇ ਨਹੀਂ ਜਾਣਾ ਚਾਹੁੰਦਾ। ਬਾਬਾ ਨਾਨਕ ਜੀ ਨੂੰ ਫਿਰ ਪੁੱਛਦੀ ਹੈ, “ਬਾਬਾ ਜੀ, ਮੈਂ ਸਿਰਫ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪੈਦਾ ਹੋਈ ਸੀ ਜਾਂ ਫਿਰ ਮਾਂ ਠੀਕ ਕਹਿੰਦੀ ਸੀ ਕਿ ਸ਼ਾਇਦ ਮੈਂ ਕੋਈ ਚੰਗੇ ਕੰਮ ਲਈ ਪੈਦਾ ਹੋਈ ਹਾਂ ਜਿਹੜੀ ਹਰ ਵਾਰ ਮਰ ਕੇ ਵੀ ਜਿੰਦਾ ਰਹਿੰਦੀ ਹੈ।”

ਰਾਤੀ ਇਹਨਾਂ ਸੋਚਾਂ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਆ ਗਈ।

Leave a comment