
ਜੰਗੀਰੋ ਨੇ ਆਪਣੇ ਘਰਵਾਲੇ ਦੇ ਮੋਢੇ ਨੂੰ ਹੱਥ ਨਾਲ ਮਾਰਦੇ ਹੋਏ ਕਿਹਾ, “ਮਖਾ, ਧੀਰੇ ਦੇ ਬਾਪੂ, ਉੱਠ ਖੜ। ਸੂਰਜ ਤਾਂ ਸਿਰ ਤੇ ਆ ਗਿਆ ਚੜ ਕੇ। ਬਾਹਰੋਂ ਖੇਤਾਂ ਵਿੱਚੋਂ ਪੱਠੇ ਵੀ ਵੱਡ ਕੇ ਲਿਆਉਣੇ ਨੇ।”
ਜੰਗੀਰੋ ਨੇ ਉੱਪਰ ਅਸਮਾਨ ਨੂੰ ਦੇਖਦੇ ਹੋਏ ਆਪਣੇ ਘਰਵਾਲੇ ਨੂੰ ਕਈ ਆਵਾਜ਼ ਲਾਈਆਂ। ਪਰ ਮਾਂ ਦੇ ਪੁੱਤ ਨਾਜਰ ਦੇ ਕੰਨਾਂ ਉੱਤੇ ਕੋਈ ਜੂੰ ਨਹੀਂ ਸਰਕੀ।,
ਬੁੜ ਬੁੜ ਕਰਦੀ ਜੰਗੀਰੋ ਰੋਸੋਈ ਕੋਲ ਆ ਕੇ ਬੋਲੀ, “ਆ ਦੇਖ ਲੇ, ਬੇਬੇ, ਮੈਂ ਤੇਰੇ ਪੁੱਤ ਨੂੰ ਵਾਜਾ ਮਾਰ ਕੇ ਥੱਕ ਗਈ। ਮੇਰੇ ਹੱਥ ਰਹਿ ਗਏ ਉਹਨੂੰ ਠਾਉਂਦੀ ਨੂੰ।”
ਚੁੱਲ੍ਹੇ ਦੀ ਅੱਗ ਵਿੱਚ ਰੋਟੀ ਨੂੰ ਸੇਕਦੇ ਹੋਏ ਮਿੰਦੋ ਨੇ ਆਪਣੀ ਨੂੰਹ ਨੂੰ ਕਿਹਾ, “ਰਾਤ ਨੂੰ ਡੱਫ ਕੇ ਘਰ ਗਈ ਰਾਤ ਆਇਆ। ਪਤਾ ਨਹੀਂ ਇਹਨੂੰ ਕੌਣ ਰੋਜ਼ ਮੁਫ਼ਤ ਦੀ ਪਿਲਾ ਦਿੰਦਾ ਹੈ। ਸਾਨੂੰ ਤਾਂ ਕੋਈ ਚਾਹ ਪਾਣੀ ਨਾ ਪੁੱਛੇ।” ਲੱਗਦਾ ਸੀ ਮਿੰਦੋ ਵੀ ਆਪਣੇ ਮੁੰਡੇ ਤੋਂ ਅੱਕੀ ਬੈਠੀ ਸੀ। ਪਰ ਸਾਰਾ ਗੁੱਸਾ ਅੰਦਰੋਂ ਅੰਦਰ ਹੀ ਪੀ ਕੇ ਰਹਿ ਗਈ। ਫਿਰ ਜੰਗੀਰੋ ਨੂੰ ਬੋਲੀ, “ਲੈ, ਜੁਵਾਕਾ ਨੂੰ ਰੋਟੀ ਦੇ ਕੇ ਸਕੂਲ ਭੇਜ ਦੇ। ਇਹਨਾਂ ਨੂੰ ਸਕੂਲ ਤੋਰ ਕੇ ਫਿਰ ਆਪਾ ਦੋਹਾਂ ਨੂੰ ਖੇਤ ਜਾ ਕੇ ਪੱਠੇ ਦੱਤੇ ਲਿਆਉਣੇ ਪੈਣੇ ਨੇ।”
ਸੱਸ ਦੀ ਗੱਲ ਸੁਣ ਕੇ ਜੰਗੀਰੋ ਨੇ ਚੌਕੇ ਚੁੱਲ੍ਹੇ ਵਿੱਚੋਂ ਹੀ ਆਪਣੇ ਧੀ ਤੇ ਪੁੱਤ ਨੂੰ ਆਵਾਜ਼ ਮਾਰਦੇ ਹੋਏ ਕਿਹਾ, ਓਏ, ਧੀਰੇ ਉੱਠ ਪੁੱਤ ਸਕੂਲ ਜਾਣ ਦਾ ਵੇਲਾ ਹੁੰਦਾ ਜਾਂਦਾ ਹੈ। ਮੂੰਹ ਹੱਥ ਧੋ ਕੇ ਰੋਟੀ ਖਾ ਲੈ।”
ਫਿਰ ਥੋੜਾ ਚਿਰ ਰੁੱਕ ਕੇ ਬੋਲੀ, “ਤੂੰ ਵੀ ਉੱਠ ਖੜ, ਪਰਮੀ। ਤੈਨੂੰ ਕੀ ਹੁਣ ਅਲੱਗ ਸੱਦਾ ਚਾਹੀਦਾ ਹੈ।” ਜੰਗੀਰੋ ਨੇ ਆਪਣੀ ਕੁੜੀ ਨੂੰ ਆਵਾਜ਼ ਮਾਰਦੇ ਹੋਏ ਕਿਹਾ। ਧੀਰਾ ਅਜੇ 6 ਸਾਲਾਂ ਦਾ ਤੇ ਪਰਮੀ 8 ਸਾਲਾਂ ਦੀ ਸੀ।
ਪਰਮੀ ਸਿੱਧਾ ਉੱਠ ਕੇ ਗੁਸਲਖਾਨੇ ਵਿੱਚ ਚਲੀ ਗਈ ਤੇ ਧੀਰਾ ਨਾ ਚਾਹੁੰਦੇ ਹੋਏ ਵੀ ਆਪਣੇ ਮੰਜੇ ਤੋਂ ਉੱਠ ਕੇ ਆਪਣੇ ਪਿਓ ਨਾਜਰ ਦੇ ਮੰਜੇ ਉੱਤੇ ਜਾ ਪਿਆ। ਧੀਰੇ ਨੂੰ ਪਿਓ ਨਾਲ ਪੈਂਦੇ ਦੇਖਕੇ ਜੰਗੀਰੋ ਨੇ ਕਿਹਾ, “ਹੁਣ ਏਥੇ ਵੜ ਗਿਆ। ਸਾਰੀ ਰਾਤ ਤੇਰੀ ਨੀਂਦ ਨਹੀਂ ਪੂਰੀ ਹੋਈ।”
ਧੀਰੇ ਨੇ ਅੱਧ ਸੁੱਤੇ ਨੇ ਕਿਹਾ, “ਬੀਬੀ, ਸੋਂ ਵੀ ਲੈਣ ਦਿਆਂ ਕਰ। ਸਾਰੀ ਰਾਤ ਤਾਂ ਮੱਛਰ ਨਹੀਂ ਸੌਣ ਦਿੰਦੇ। ਕਦੇ ਦੰਦੀ ਵੱਢਦੇ ਨੇ ਤੇ ਕਦੇ ਭੀਂ ਭੀਂ ਕਰਕੇ ਕੰਨ ਖਾ ਜਾਂਦੇ ਨੇ।” ਧੀਰੇ ਨੇ ਇਹ ਕਹਿੰਦੇ ਹੋਏ ਆਪਣਾ ਸਿਰ ਪਿਓ ਦੇ ਪਾਸੇ ਤੇ ਰੱਖ ਲਿਆ। ਧੀਰੇ ਦੇ ਸਿਰ ਰੱਖਣ ਸਾਰ ਹੀ ਨਾਜਰ ਸਿੰਘ ਮੰਜੇ ਉੱਪਰ ਇੱਕ ਪਾਸੇ ਨੂੰ ਨਿਢਾਲ ਜਿਹਾ ਹੋਕੇ ਡਿੱਗ ਪਿਆ। ਕੋਲ ਖੜੀ ਜੰਗੀਰੋ ਦਾ ਮੱਥਾ ਠਣਕਿਆ। ਉਹ ਘਬਰਾ ਕੇ ਉੱਚੀ ਆਵਾਜ਼ ਵਿੱਚ ਬੋਲੀ, “ਬੇਬੇ, ਇੱਥੇ ਤਾਂ ਆ। ਮੈਨੂੰ ਧੀਰੇ ਦਾ ਬਾਪੂ ਠੀਕ ਨਹੀਂ ਲੱਗਦਾ।” ਇਹ ਕੇ ਉਹਨੇ ਆਪਣੇ ਘਰਵਾਲੇ ਨਾਜਰ ਨੂੰ ਜ਼ੋਰ ਦੀ ਹਿਲਾਉਣਾ ਸ਼ੁਰੂ ਕਰ ਦਿੱਤਾ। ਧੀਰਾ ਡਰ ਕੇ ਮੰਜੇ ਤੋਂ ਉੱਠ ਖੜਾ ਹੋਇਆ। ਇਹਨੇ ਨੂੰ ਮਿੰਦੋ ਵੀ ਆ ਗਈ, “ਕੁੜੇ ਪਰਮੀ, ਆਪਣੇ ਧਰਮੇ ਤਾਏ ਤੇ ਛਿੰਦੋ ਤਾਈਂ ਨੂੰ ਵਾਜ ਮਾਰ।”
ਕੁੜੀ ਰੋਂਦੀ ਬਾਹਰ ਨੂੰ ਭੱਜ ਕੇ ਗੁਵਾਂਢੀਆ ਨੂੰ ਬਲਾਉਣ ਚਲੀ ਗਈ।
ਪਹਿਲਾ ਤਾ ਹਿੰਮਤ ਕਰਕੇ ਜੰਗੀਰੋ ਤੇ ਉਹਦੀ ਸੱਸ ਦੋਹਾਂ ਨੇ ਨਾਜਰ ਨੂੰ ਬੜੀ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਭੋਰ ਤਾ ਕਦੋਂ ਦਾ ਉਡਾਰੀ ਮਾਰ ਗਿਆ ਸੀ। ਫਿਰ ਦੋਹੇ ਰੋ ਰੋ ਕੇ ਕੀਰਨੇ ਪਾਉਣ ਲੱਗ ਪਈਆਂ। ਆਲੇ ਦਵਾਲੇ ਦੀਆ ਬੁੜੀਆਂ ਬੰਦੇ ਵੀ ਕੱਠੇ ਹੋ ਗਏ। ਸਾਰਿਆਂ ਨੇ ਹਾਅ ਦਾ ਨਾਰਾ ਮਾਰਿਆ। ਕੋਈ ਮਿੰਦੋ ਵੱਲ ਦੇਖਕੇ ਕਹਿੰਦਾ, “ਭਾਈ, ਮਾਂ ਦੇ ਅੱਗੇ ਪੁੱਤ ਨਹੀਂ ਕਦੇ ਮਰਨਾ ਚਾਹੀਦਾ।” ਤੇ ਕੋਈ ਜਵਾਨ ਜਹਾਨ ਜੰਗੀਰੋ ਵੱਲ ਦੇਖ ਕੇ ਕਹਿੰਦਾ, “ਦੱਸ, ਭਰੀ ਜਵਾਨੀ ਵਿੱਚ ਬੇਚਾਰੀ ਕੀ ਕਰੂ। ਚੰਗਾ ਸੀ ਜਾਂ ਮਾੜਾ। ਤੀਵੀਂ ਦਾ ਜੱਗ ਉਹਦੇ ਘਰਵਾਲੇ ਨਾਲ ਹੀ ਹੁੰਦਾ ਹੈ।”
ਕੋਈ ਜਵਾਕਾਂ ਵੱਲ ਦੇਖ ਕੇ ਕਹਿ ਦਿੰਦਾ, “ਦੱਸ ਰੱਬ ਨੂੰ ਕੀ ਕਹਿਰ ਪਿਆ ਸੀ। ਉਹਦੇ ਕੋਲੇ ਕਿਹੜਾ ਕੋਈ ਉੱਥੇ ਕਾਲ ਪਿਆ ਸੀ ਕਿ ਭੋਰਾ ਭੋਰਾ ਜਵਾਕਾ ਨੂੰ ਪਿਉ ਤੋਂ ਬਾਂਝਾ ਕਰ ਦਿੱਤਾ।”
ਲੋਕਾਂ ਦੀਆ ਇਹੋ ਜਿਹੀਆਂ ਗੱਲਾਂ ਸੁਣ ਕੇ ਘਰਦਿਆਂ ਨੂੰ ਸਹਾਰਾ ਘੱਟ ਪਰ ਦੁੱਖ ਜਿਆਦਾ ਲੱਗਦਾ ਸੀ। ਉਹਨਾਂ ਦੀ ਗੱਲਾਂ ਸੁਣ ਕੇ ਮਿੰਦੋ ਤੇ ਜੰਗੀਰੋ ਦਾ ਰੋਣਾ ਹੋਰ ਵੀ ਉੱਚਾ ਹੋ ਜਾਂਦਾ। ਪਰ ਲੋਕਾਂ ਦਾ ਕਿਹੜਾ ਮੂੰਹ ਫੜਨਾ ਹੁੰਦਾ ਹੈ। ਕੋਈ ਨਾਜਰ ਦੀ ਸ਼ਰਾਬ ਨੂੰ ਦੋਸ਼ ਦਿੰਦਾ ਤੇ ਕੋਈ ਉਸਦੇ ਨਸ਼ੇ ਖਾਣ ਦੀ ਬੁਰੀ ਆਦਤ ਨੂੰ। ਦੋਨੋ ਬੱਚੇ ਮਾਂ ਤੇ ਦਾਦੀ ਨੂੰ ਦੇਖ ਕੇ ਫਿਰ ਰੋਣ ਲੱਗ ਜਾਂਦੇ। ਜੰਗੀਰੋ ਦੇ ਪੇਕਿਆਂ ਦੇ ਪਹੁੰਚਣ ਤੇ ਸਾਰਿਆਂ ਨੇ ਸੰਸਕਾਰ ਕਰਨ ਦੀ ਸਲਾਹ ਬਣਾਈ। ਗਲੀ ਦੇ ਇੱਕ ਸਿਆਣੇ ਬੰਦੇ ਨੇ ਕਿਹਾ, “ਚਲੋ ਭਾਈ, ਦਿਨ ਢਲੇ ਤੇ ਦਾਹ ਸੰਸਕਾਰ ਨਹੀਂ ਕਰਦੇ।”
ਜੰਗੀਰੋ ਦੀ ਮਾਂ ਮਰੀ ਨੂੰ ਕਈ ਸਾਲ ਹੋ ਗਏ ਸਨ। ਭਰਾ ਭਰਜਾਈ ਦੇ ਨਾਲ ਬਾਕੀ ਸ਼ਰੀਕੇ ਦੇ ਲੋਕ ਵੀ ਆਏ ਸਨ। ਪੇਕੇ ਵੀ ਤਾਂ ਮਾਵਾਂ ਨਾਲ ਹੁੰਦੇ ਨੇ। ਭਰਾ ਭਰਜਾਈ ਤਾਂ ਬੱਸ ਅੱਜਕਲ ਰਿਸ਼ਤੇਦਾਰੀ ਦੇ ਮੂੰਹੋਂ ਹੀ ਆਉਂਦੇ ਨੇ। ਭਰਾ ਭਰਜਾਈ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਸੀ। ਜੰਗੀਰੋ ਦੀ ਛੋਟੀ ਭੈਣ ਭਾਨੋ ਵੀ ਚੰਗੇ ਘਰੇ ਵਿਆਹੀ ਹੋਈ ਸੀ। ਬੱਸ ਜੰਗੀਰੋ ਦੀ ਕਿਸਮਤ ਹੀ ਪਤਾ ਨੇ ਰੱਬ ਨੇ ਕਿਹੜੇ ਬੁਰੇ ਵਕ਼ਤ ਵਿੱਚ ਬੈਠ ਕੇ ਲਿਖੀ ਸੀ। ਜੰਗੀਰੋ ਸਾਰੇ ਭੈਣਾਂ ਭਾਈਆਂ ਵਿੱਚੋ ਸੋਹਣੀ ਸੁਨੱਖੀ ਤੇ ਚੰਗੇ ਸੁਭਾਅ ਅਤੇ ਰੱਬ ਤੋਂ ਡਰ ਕੇ ਰਹਿਣ ਵਾਲੀ ਔਰਤ ਸੀ। ਘਰ ਵਿੱਚ ਭਾਵੇਂ ਖਾਣ ਨੂੰ ਆਟਾ ਨਾ ਹੋਵੇ ਪਰ ਕਿਸੇ ਲੋੜਵੰਦ ਨੂੰ ਦਰਵਾਜ਼ੇ ਤੋਂ ਖਾਲੀ ਨਹੀਂ ਮੋੜਦੀ ਸੀ। ਪਰ ਰੱਬ ਨੇ ਪਤਾ ਨਹੀਂ ਅਜੇ ਕਿੰਨਾ ਕੁ ਕਹਿਰ ਹੋਰ ਢਾਹੁਣਾ ਸੀ।
ਰੋਂਦੇ ਕੁਰਲਾਉਂਦਿਆਂ ਨੇ ਦਿਨ ਢਲਣ ਤੋਂ ਪਹਿਲਾ ਨਾਜਰ ਸਿੰਘ ਦਾ ਸੰਸਕਾਰ ਕਰ ਦਿੱਤਾ ਸੀ। ਜੰਗੀਰੋ ਦੇ ਪੇਕੇ ਤਾਂ ਸੰਸਕਾਰ ਤੋਂ ਬਾਅਦ ਗੁਰਦਵਾਰੇ ਤੋਂ ਹੀ ਵਾਪਸ ਚਲੇ ਗਏ ਸਨ। ਆਂਢੀ ਗਵਾਂਢੀ ਦੇਰ ਰਾਤ ਤੱਕ ਬੈਠੇ ਰਹੇ। ਪਿੰਡ ਦੀਆ ਬੁੜੀਆਂ ਰੋਟੀ ਬਣਾ ਕੇ ਲੈ ਆਈਆਂ ਸਨ ਪਰ ਨਾ ਮਿੰਦੋ ਤੇ ਨਾ ਹੀ ਜੰਗੀਰੋ ਨੇ ਰੋਟੀ ਖਾਧੀ। ਉਹਨਾਂ ਨੂੰ ਦੇਖ ਕੇ ਧੀਰਾ ਤੇ ਪਰਮੀ ਵੀ ਬਿਨਾ ਰੋਟੀ ਖਾਧਿਆਂ ਰੋਂਦੇ ਰੋਂਦੇ ਸੌ ਗਏ ਸਨ। ਕਈ ਦਿਨ ਮਕਾਣਾਂ ਦਾ ਆਉਣਾ ਜਾਣਾ ਰਿਹਾ। ਫਿਰ ਅੰਤਿਮ ਅਰਦਾਸ ਤੇ ਉਸਤੋਂ ਬਾਅਦ ਭੋਗ ਪੈ ਗਿਆ। ਭੋਗ ਪੈਣ ਤੋਂ ਬਾਅਦ ਕੋਈ ਵੀ ਰਿਸ਼ਤੇਦਾਰ ਆ ਕੇ ਨਾ ਖੜਾ ਹੋਇਆ। ਨੂੰਹ ਸੱਸ ਨੇ ਰੋ ਕੁਰਲਾ ਕੇ ਆਪਣਾ ਟਾਈਮ ਖੁਦ ਹੀ ਲੰਘਾ ਲਿਆ।
ਕਹਿੰਦੇ ਬੁਰੇ ਵਕ਼ਤ ਤੇ ਕੋਈ ਹੀ ਆ ਕੇ ਖੜਦਾ ਹੈ। ਅਜੇ ਅੱਖਾਂ ਦੇ ਹੰਝੂ ਸੁੱਕੇ ਨਹੀਂ ਸਨ ਪਰ ਢਿੱਡ ਦੀ ਭੁੱਖ ਪਹਿਲਾਂ ਆਪਣੇ ਰੰਗ ਦਿਖਾਉਣ ਲੱਗ ਪਈ ਸੀ। ਦੋ ਕਿਲ੍ਹੇ ਜ਼ਮੀਨ ਦੇ ਸਨ ਅਤੇ ਘਰੇ ਦੋ ਮੱਝਾਂ ਵੀ ਸਨ। ਪਰ ਖੇਤਾਂ ਵਿੱਚ ਕੰਮ ਕੌਣ ਕਰਦਾ। ਮਿੰਦੋ ਨੇ ਪਹਿਲਾਂ ਆਪਣੀ ਨੂੰਹ ਵੱਲ ਦੇਖਿਆ ਅਤੇ ਫਿਰ ਆਪਣੇ ਪੋਤੇ ਤੇ ਪੋਤੀ ਵੱਲ। ਪਤਾ ਨਹੀਂ ਉਹਦੇ ਦਿੱਲ ਵਿੱਚ ਕੀ ਆਇਆ। ਦਾਤੀ ਤੇ ਪੱਠਿਆਂ ਵਾਲੀ ਪੱਲੀ ਚੁੱਕ ਕੇ ਬਾਹਰ ਨਿਕਲਣ ਲੱਗੀ ਨੇ ਜੰਗੀਰੋ ਨੂੰ ਕਿਹਾ, “ਧੀਏ, ਆਪਣੇ ਢਿੱਡ ਖੁਦ ਹੀ ਭਰਨੇ ਪੈਣੇ ਨੇ। ਚਾਹੇ ਰੋ ਕੇ ਜਾਂ ਫਿਰ ਸਬਰ ਕਰਕੇ, ਪਰ ਕੰਮ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਹੈ।”
ਸੱਸ ਦੀ ਗੱਲ ਸੁਣ ਜੰਗੀਰੋ ਨੇ ਕਿਹਾ, “ਬੇਬੇ ਜੀ, ਦੋ ਮਿੰਟ ਰੁਕੋ।” ਫਿਰ ਮੰਜੇ ਤੋਂ ਉੱਠ ਕੇ ਆਪਣੇ ਹੰਝੂ ਖੁਦ ਹੀ ਸਾਫ ਕਰਦੇ ਹੋਏ ਜਵਾਕਾ ਨੂੰ ਬੋਲੀ, “ਧੀਰੇ, ਪੁੱਤ ਘਰੇ ਆਪਣੀ ਭੈਣ ਦਾ ਖਿਆਲ ਰੱਖੀ। ਮੈਂ ਤੇਰੀ ਬੇਬੇ ਨਾਲ ਖੇਤੋਂ ਮੱਝਾਂ ਲਈ ਪੱਠੇ ਲੈ ਕੇ ਆਉਂਦੀ ਹਾਂ।”
ਧੀਰੇ ਨੇ ਉਮਰ ਤੋਂ ਵੱਡੀ ਗੱਲ ਕਰਦਿਆਂ ਕਿਹਾ, “ਮਾਂ, ਮੈਂ ਜਾਨਾ ਬੇਬੇ ਨਾਲ। ਤੁਸੀ ਘਰੇ ਰਹੋ।”
“ਨਾ, ਮੇਰਾ ਪੁੱਤ , ਤੁਸੀ ਘਰੇ ਰਹਿ ਕੇ ਪੜਾਈ ਕਰੋ। ਅੱਗੇ ਕਿੰਨੇ ਦਿਨ ਸਕੂਲ ਨਹੀਂ ਜਾ ਹੋਇਆ।”
ਦੋਨੋਂ ਬੱਚੇ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸਨ। ਜੰਗੀਰੋ ਖੁਦ ਤਾਂ ਪੜ ਨਹੀਂ ਸਕੀ ਸੀ, ਪਰ ਉਹਦੀ ਖਾਹਿਸ਼ ਕੀ ਦੋਨੋਂ ਬੱਚੇ ਪੜ ਲਿਖ ਜਾਨ। ਬੱਸ ਪੜਾਈ ਹੀ ਇੱਕ ਸਾਧਨ ਰਹਿ ਗਿਆ ਸੀ ਜਿਹੜਾ ਪਰਮੀ ਤੇ ਧੀਰੇ ਦੀ ਕਿਸਮਤ ਨੂੰ ਬਦਲ ਸਕਦਾ ਸੀ। ਬੱਸ ਉਸ ਦਿਨ ਤੋਂ ਨੂੰਹ ਸੱਸ ਨੇ ਮਿਲ ਕੇ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦੋਂ ਬੱਚੇ ਪੜਨ ਗਏ ਹੁੰਦੇ ਤਾਂ ਸੱਸ ਨੂੰਹ ਖੇਤਾਂ ਵਿੱਚ ਕੰਮ ਕਰਦੀਆਂ। ਕੋਈ ਮੀਂਹ ਪਵੇ ਜਾਂ ਫਿਰ ਗਰਮੀ ਸਰਦੀ, ਪਰ ਮਜ਼ਾਲ ਹੈ ਕਿ ਦੋਹਾਂ ਨੇ ਕਦੇ ਘਰ ਬੈਠ ਕੇ ਦੇਖਿਆ ਹੋਵੇ। ਜੇ ਕਦੇ ਦੋਹਾਂ ਵਿੱਚੋਂ ਇੱਕ ਦਾ ਮਨ ਚਿੱਤ ਖ਼ਰਾਬ ਹੋ ਜਾਂਦਾ ਤਾਂ ਉਹ ਇੱਕ ਦੂਜੇ ਨੂੰ ਇਹ ਕਹਿ ਕੇ ਉਤਸ਼ਾਹਿਤ ਕਰਦੀਆਂ, “ਚੱਲ ਕੁੜੇ, ਆਪਣੀ ਤਾਂ ਕਿਸਮਤ ਵਿੱਚ ਇਹੀ ਰੋਣਾ ਧੋਣਾ ਲਿਖਿਆ ਹੈ। ਜਵਾਕਾਂ ਦੀ ਪੜਾਈ ਪੂਰੀ ਹੋ ਜਾਵੇ ਤਾਂ ਇਹਨਾਂ ਦੀ ਜ਼ਿੰਦਗੀ ਆਸਾਨੀ ਨਾਲ ਨਿਕਲ ਜਾਵੇਗੀ।”
ਨਾ ਹੀ ਕੋਈ ਮਿੰਦੋ ਦਾ ਰਿਸ਼ਤੇਦਾਰ ਨਾ ਹੀ ਕੋਈ ਜੰਗੀਰੋ ਦਾ ਰਿਸ਼ਤੇਦਾਰ ਆ ਕੇ ਖੜਾ ਹੋਇਆ ਸੀ। ਜਿਵੇਂ ਕੱਲਾ ਨਾਜਰ ਹੀ ਨਹੀਂ ਸਗੋਂ ਸਾਰਾ ਪਰਿਵਾਰ ਹੀ ਅਕਾਲ ਚਲਾਣਾ ਕਰ ਗਿਆ ਹੋਵੇ। ਇਹਨੀ ਮਿਹਨਤ ਕਰਨ ਦੇ ਬਾਵਜੂਦ ਵੀ ਕਈ ਦਿਨ ਇਸ ਤਰਾਂ ਦੇ ਸਨ ਜਦੋਂ ਸਾਰਿਆਂ ਨੂੰ ਢਿੱਡ ਭਰ ਖਾਣਾ ਨਸੀਬ ਨਹੀਂ ਹੁੰਦਾ ਸੀ। ਜੰਗੀਰੋ ਆਪਣਾ ਹਿੱਸਾ ਵੀ ਜਵਾਕਾ ਨੂੰ ਵੰਡ ਕੇ ਦੇ ਦਿੰਦੀ ਸੀ। ਮਿੰਦੋ ਵੀ ਕੋਈ ਘੱਟ ਨਹੀਂ ਸੀ। ਨੂੰਹ ਨੂੰ ਭੁੱਖਾ ਦੇਖ ਬਹਾਨੇ ਨਾਲ ਆਪਣੀ ਧਾਲੀ ਜੰਗੀਰੋ ਵੱਲ ਕਰ ਦਿੰਦੀ, “ਕੁੜੇ ਜੰਗੀਰੋ, ਮੇਰਾ ਤਾਂ ਢਿੱਡ ਭਰਿਆ ਪਿਆ। ਅਜੇ ਤਾਂ ਸਵੇਰ ਦੀ ਖਾਧੀ ਹਜ਼ਮ ਨਹੀਂ ਹੋਈ। ਕਿਤੇ ਬਿਮਾਰ ਹੀ ਨਾ ਹੋ ਜਾਵਾ।”
ਬੱਸ ਇਸ ਤਰਾਂ ਕਰਦਿਆਂ ਉਹਨਾਂ ਦਾ ਟਾਈਮ ਲੰਘੀ ਗਿਆ। ਪਰਮੀ ਨੇ ਹੁਣ ਦੱਸਵੀ ਪਾਸ ਕਰ ਲਈ ਸੀ। ਜੰਗੀਰੋ ਵਾਂਗ ਉਹ ਵੀ ਕਾਫੀ ਸੋਹਣੀ ਸੁਨੱਖੀ ਸੀ। ਲੋਕਾਂ ਨੇ ਕਈ ਰਿਸ਼ਤੇ ਦੱਸੇ ਪਰ ਜੰਗੀਰੋ ਹਮੇਸ਼ਾ ਹੀ ਨਾ ਕਰ ਦਿੰਦੀ ਸੀ। ਕਦੇ ਕਦੇ ਮਿੰਦੋ ਅੱਕ ਕੇ ਕਹਿ ਵੀ ਦਿੰਦੀ, “ਨੀ ਜੰਗੀਰੋ, ਮੇਰੇ ਜਿਉਂਦੇ ਜੀ ਇਹਦਾ ਵਿਆਹ ਕਰਦੇ। ਪਰ ਚੰਗੀ ਤਰਾਂ ਪੁੱਛ ਪੜਤਾਲ ਕਰ ਲਈ ਕਿਤੇ ਮੁੰਡਾ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ।”
ਪਰ ਜੰਗੀਰੋ ਟੋਕ ਕੇ ਕਹਿ ਦਿੰਦੀ, “ਬੇਬੇ, ਇੰਨੀ ਜਲਦੀ ਨੀ ਮੈਂ ਤੈਨੂੰ ਮਰਨ ਦਿੰਦੀ। ਆਪਣੀ ਪਰਮੀ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ। ਹੋਰ ਪੜਾ ਦਿੰਦੇ ਹਾਂ।”
“ਪਰ ਜੰਗੀਰੋ, ਆਪਣੇ ਵਿੱਚ ਇੰਨੀ ਹਿੰਮਤ ਕਿੱਥੇ ਕੇ ਵੱਡੇ ਸਕੂਲਾਂ ਦਾ ਖਰਚਾ ਦੇ ਦੇਵਾਗੇਂ।”
“ਬੇਬੇ, ਕੋਈ ਗੱਲ ਨਹੀਂ, ਇੱਕ ਮੱਝ ਹੋਰ ਰੱਖ ਲੈਂਦੇ ਹਾਂ।”
“ਪਰ ਤੂੰ ਸਾਰਾ ਦਿਨ ਖੇਤਾਂ ਵਿੱਚ ਤੇ ਕਦੇ ਮੱਝਾਂ ਵਿੱਚ ਗੋਹੇ ਨਾਲ ਗੋਹਾ ਹੁੰਦੀ ਰਹਿੰਦੀ ਹੈ। ਆਪਣੀ ਸਿਹਤ ਦਾ ਕੁਛ ਤਾਂ ਖ਼ਿਆਲ ਕਰ।”
ਮਿੰਦੋ ਵੀ ਹੁਣ ਕਾਫੀ ਬੁੜੀ ਹੋ ਗਈ ਸੀ। ਅੱਖਾਂ ਦੀ ਨਜ਼ਰ ਵੀ ਘਟ ਗਈ ਸੀ ਤੇ ਗੋਡੇ ਵੀ ਦੁੱਖਦੇ ਰਹਿੰਦੇ ਸਨ। ਪਰ ਉਹ ਕਦੇ ਜੰਗੀਰੋ ਨੂੰ ਨਹੀਂ ਦੱਸਦੀ ਸੀ। ਹੁਣ ਮਿੰਦੋ ਬਹੁਤਾ ਚਿਰ ਘਰੇ ਰਹਿੰਦੀ ਸੀ ਅਤੇ ਜੰਗੀਰੋ ਖੇਤਾਂ ਵਿੱਚ ਇਕੱਲੀ ਹੀ ਕੰਮ ਕਰਦੀ ਸੀ। ਭਰ ਜਵਾਨੀ ਵਿੱਚ ਵਿਧਵਾ ਹੋ ਗਈ ਸੀ ਪਰ ਉਹਨੇ ਅਜੇ ਤੱਕ ਕਿਸੇ ਨੂੰ ਕੋਈ ਗ਼ਲਤ ਗੱਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਸੀ। ਉਹਦੇ ਆਪਣੇ ਕੱਪੜੇ ਹਮੇਸ਼ਾ ਹੀ ਗੰਦੇ ਰਹਿੰਦੇ ਸਨ ਪਰ ਧੀਰੇ ਤੇ ਪਰਮੀ ਨੂੰ ਕਦੇ ਕੋਈ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਸੀ। ਅਜੇ ਪਰਮੀ ਨੇ ਕਾਲਜ ਵਿੱਚ ਫਾਈਨਲ ਦੇ ਪੇਪਰ ਦਿੱਤੇ ਹੀ ਸਨ ਕਿ ਮਿੰਦੋ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਮਿੰਦੋ ਦੇ ਮਰਨ ਤੋਂ ਬਾਅਦ ਜੰਗੀਰੋ ਨੂੰ ਆਪਣੇ ਇਕੱਲੇਪਣ ਦਾ ਅਹਿਸਾਸ ਹੋਇਆ ਪਰ ਆਪਣਾ ਧਿਆਨ ਕੰਮ ਵਿੱਚ ਲਗਾਈ ਰੱਖਦੀ।
ਟਾਈਮ ਵੀ ਕਦੇ ਰੁੱਕਿਆ ਹੈ। ਦੇਖਦੇ ਦੇਖਦੇ ਪਰਮੀ ਨੇ ਕਹਿੰਦੇ ਕੋਈ ਵੱਡੀ ਪ੍ਰੀਖਿਆ ਪਾਸ ਕਰ ਲਈ ਤੇ ਫਿਰ ਖ਼ਬਰ ਅੱਗ ਵਾਂਗ ਫੈਲ ਗਈ ਕਿ ਪਰਮੀ ਜ਼ਿਲੇ ਦੀ ਡੀ ਸੀ ਲੱਗ ਗਈ ਸੀ। ਹੁਣ ਉਹਨੂੰ ਪਰਮੀ ਕੋਈ ਨਹੀਂ ਕਹਿੰਦਾ ਸੀ। ਕੋਈ ਉਹਨੂੰ ਪਰਮਵੀਰ ਕਹਿੰਦਾ ਤੇ ਕੋਈ ਮੈਡਮ ਡੀ ਸੀ। ਪਰਮੀ ਘਰ ਵੀ ਘੱਟ ਵੱਧ ਹੀ ਆਉਂਦੀ ਸੀ। ਉਹਦਾ ਹਮੇਸ਼ਾ ਹੀ ਕਹਿਣਾ ਹੁੰਦਾ ਸੀ ਕਿ ਕੰਮ ਕਰਕੇ ਨਹੀਂ ਆ ਸਕਦੀ, ਇਸ ਲਈ ਸਰਕਾਰੀ ਰਿਹਾਇਸ ਵਿੱਚ ਹੀ ਠਹਿਰ ਜਾਂਦੀ ਹੈ। ਜੇ ਕਦੇ ਘਰ ਆਉਂਦੀ ਵੀ ਸੀ ਤਾਂ ਜਿਆਦਾ ਟਾਈਮ ਧੀਰੇ ਨਾਲ ਗੱਲਾਂ ਕਰ ਕੇ ਲੰਘਾ ਦਿੰਦੀ ਸੀ। ਦੋਨੋਂ ਭੈਣ ਭਰਾ ਬੱਸ ਅੰਗਰੇਜ਼ੀ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਜਿਹਦੀ ਜੰਗੀਰੋ ਨੂੰ ਕੋਈ ਸਮਝ ਨਹੀਂ ਆਉਂਦੀ ਸੀ। ਫਿਰ ਸਾਲ ਬਾਅਦ ਹੀ ਪਰਮੀ ਦੀ ਸਹੇਲੀ ਨੇ ਉਹਦਾ ਰਿਸ਼ਤਾ ਆਪਣੇ ਭਰਾ ਨਾਲ ਕਰਵਾ ਦਿੱਤਾ ਜਿਹੜਾ ਕਿ ਡਾਕਟਰ ਸੀ। ਜੰਗੀਰੋ ਨੂੰ ਤਾਂ ਸਿਰਫ ਨੰਦ ਕਾਰਜ ਵਾਲੇ ਦਿਨ ਹੀ ਲੈ ਕੇ ਗਏ ਸਨ। ਪਤਾ ਨਹੀਂ ਕਿੰਨਾ ਚਿਰ ਉਹਨੂੰ ਉਹਦੇ ਜਵਾਕ ਸਮਝਾਉਂਦੇ ਰਹੇ ਕਿ ਵਿਆਹ ਵਿੱਚ ਇਹ ਨਾ ਕਰੀ ਜਾਂ ਫਿਰ ਉਹ ਨਾ ਕਰੀ। ਆਪਣੀ ਹੀ ਕੁੜੀ ਦੇ ਵਿਆਹ ਵਿੱਚ ਜੰਗੀਰੋ ਮਹਿਮਾਨਾਂ ਵਾਂਗ ਇੱਕ ਪਾਸੇ ਬੈਠੀ ਰਹੀ ਤੇ ਸ਼ਹਿਰੀ ਲੋਕਾਂ ਦੀਆ ਕਲੋਲਾਂ ਦੇਖਦੀ ਰਹੀ। ਵਿਆਹ ਤੋਂ ਬਾਅਦ ਪਰਮੀ ਕਦੇ ਘਰ ਨਹੀਂ ਆਈ ਸੀ। ਫਿਰ ਇੱਕ ਦਿਨ ਪਰਮੀ ਦੇ ਮੁੰਡਾ ਹੋਇਆ ਤਾਂ ਜੰਗੀਰੋ ਦੀ ਮਮਤਾ ਉਮੜ ਕੇ ਬਾਹਰ ਆ ਗਈ। ਧੀਰੇ ਨੂੰ ਕਹਿ ਕੇ ਫੋਨ ਤੇ ਗੱਲ ਕੀਤੀ ਤੇ ਆਪਣੀ ਧੀ ਨੂੰ ਕਿਹਾ, “ਪਰਮੀ ਪੁੱਤ, ਮੇਰਾ ਆਪਣੇ ਦੋਹਤੇ ਨੂੰ ਦੇਖਣ ਨੂੰ ਬਹੁਤ ਦਿਲ ਕਰਦਾ। ਇੱਕ ਦਿਨ ਆ ਕੇ ਦਿਖਾ ਜਾਵੀ।” ਪਰ ਪਰਮੀ ਨੇ ਬਹਾਨਾ ਬਣਾ ਦਿੱਤਾ ਕਿ ਮੁੰਡਾ ਅਜੇ ਛੋਟਾ ਹੈ ਇਸ ਲਈ ਕਿਤੇ ਲੈ ਕੇ ਨਹੀਂ ਜਾਣਾ।
ਧੀਰੇ ਤੋਂ ਫੋਨ ਕਰਵਾ ਕੇ ਜੰਗੀਰੋ ਨੇ ਕਈ ਵਾਰ ਕਿਹਾ ਕਿ ਪਰਮੀ ਜੇ ਤੂੰ ਨਹੀਂ ਆ ਸਕਦੀ ਤਾਂ ਮੈਂ ਆ ਜਾਂਦੀ ਹਾਂ। ਪਰ ਅੱਗੇ ਪਰਮੀ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ। ਫਿਰ ਹੌਲੀ ਹੌਲੀ ਜੰਗੀਰੋ ਨੇ ਆਪਣੇ ਮੈਲੇ ਕੱਪੜਿਆਂ ਵੱਲ ਦੇਖਿਆ ਤਾਂ ਸਮਝ ਗਈ ਕੀ ਧੀ ਹੁਣ ਵੱਡੀ ਅਫਸਰ ਬਣ ਗਈ ਹੈ ਅਤੇ ਵੱਡੇ ਘਰੇ ਵਿਆਹੀ ਗਈ ਹੈ। ਸ਼ਇਦ ਜੰਗੀਰੋ ਦੇ ਮੈਲੇ ਕੱਪੜਿਆਂ ਵਿੱਚੋਂ ਹੁਣ ਮਾਂ ਦੀ ਮਮਤਾ ਦੀ ਬਜਾਏ ਮੁਸ਼ਕ ਆਉਂਦਾ ਹੋਵੇ। ਜੰਗੀਰੋ ਪੜੀ ਲਿਖੀ ਨਹੀਂ ਸੀ ਪਰ ਸਮਝਦਾਰ ਤਾਂ ਸੀ ਇਸ ਲਈ ਰੱਬ ਦਾ ਭਾਣਾ ਮਨ ਕੇ ਮਨ ਨੂੰ ਸਮਝਾ ਲਿਆ। ਇੱਕ ਦਿਨ ਪਰਮੀ ਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ, “ਮੰਮੀ, ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਹੋ। ਅਸੀਂ ਹੁਣ ਵੱਡੇ ਹੋ ਗਏ ਹਨ ਤੇ ਸਾਡੀ ਆਪਣੀ ਜਿੰਦਗੀ ਹੈ ਜਦੋਂ ਟਾਈਮ ਲੱਗਿਆ ਤਾਂ ਮਿਲਣ ਲਈ ਆ ਜਾਵਾਂਗੇ। ਰੋਜ਼ ਰੋਜ਼ ਫੋਨ ਨਾ ਕਰਿਆ ਕਰੋ।” ਉਸ ਦਿਨ ਤੋਂ ਬਾਅਦ ਜੰਗੀਰੋ ਨੇ ਕਦੇ ਵੀ ਪਰਮੀ ਨੂੰ ਫੋਨ ਨਹੀਂ ਲਾਇਆ ਸੀ।
ਫਿਰ ਇੱਕ ਦਿਨ ਧੀਰਾ ਵੀ ਸਾਮਾਨ ਬੰਨ ਕੇ ਜਾਣ ਲੱਗਾ ਜੰਗੀਰੋ ਨੂੰ ਕਹਿ ਗਿਆ, “ਮੰਮੀ, ਮੈਂ ਪੇਪਰਾਂ ਦੀ ਤਿਆਰੀ ਕਰਨੀ ਹੈ। ਸ਼ਾਮ ਨੂੰ ਨੇਰਾ ਛੇਤੀ ਹੋ ਜਾਂਦਾ ਹੈ। ਇਸ ਲਈ ਪੇਪਰ ਹੋਣ ਤੱਕ ਦੀਦੀ ਕੋਲ ਹੀ ਸ਼ਹਿਰ ਰਹਿ ਲਵਾਂਗਾ।”
ਤੁਰਨ ਲੱਗੇ ਨੂੰ ਜੰਗੀਰੋ ਨੇ ਜਿਹੜੇ ਪੈਸੇ ਜੋੜ ਕੇ ਰੱਖੇ ਸਨ। ਧੀਰੇ ਦੇ ਹੱਥ ਤੇ ਰੱਖਦੇ ਹੋਏ ਕਿਹਾ, “ਪੁੱਤ, ਆਪਣੀ ਭੈਣ ਤੇ ਬੋਝ ਨਹੀਂ ਬਣਨਾ। ਲੈ, ਇਹ ਲੈ ਜਾ। ਜਦੋਂ ਦੋਜ਼ੀ ਇਸ ਮਹੀਨੇ ਦੇ ਪੈਸੇ ਦੇਵੇਗਾ ਤਾਂ ਤੇਰੇ ਦੋਸਤ ਵੀਰੂ ਕੋਲ ਭੇਜ ਦੇਵਾਂਗੀ। ਧਿਆਨ ਨਾਲ ਆਪਣਾ ਮਨ ਲਗਾ ਕੇ ਪੜੀ। ਕੋਈ ਚੀਜ਼ ਦੀ ਜਰੂਰਤ ਹੋਵੇ ਤਾਂ ਮੈਨੂੰ ਦੱਸ ਦੇਵੀ।”
ਧੀਰਾ ਚਲਾ ਗਿਆ ਸੀ ਅਤੇ ਪਰ ਉਹਨੇ ਕਦੇ ਨਹੀਂ ਫੋਨ ਕਰਕੇ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਜਰੂਰਤ ਹੈ। ਲੇਕਿਨ ਜੰਗੀਰੋ ਚੜੇ ਮਹੀਨੇ ਵੀਰੂ ਕੋਲ ਪੈਸੇ ਭੇਜ ਦਿੰਦੀ ਸੀ। ਇੱਕ ਦਿਨ ਵੀਰੂ ਪੈਸੇ ਵਾਪਸ ਲੈ ਕੇ ਆ ਗਿਆ, “ਆਹ, ਰੱਖ ਬੇਬੇ ਆਪਦੇ ਪੈਸੇ। ਆਪਣਾ ਧੀਰਾ ਤਾਂ ਆਰਮੀ ਦਾ ਕੋਈ ਵੱਡਾ ਅਫਸਰ ਬਣ ਗਿਆ ਹੈ।”
ਦੂਰ ਸਾਰੇ ਧੀਰੇ ਦੀ ਪੋਸਟਿੰਗ ਹੋ ਗਈ ਸੀ। ਜਾਣ ਤੋਂ ਕੁਝ ਘੰਟੇ ਪਹਿਲਾ ਧੀਰਾ ਮਾਂ ਨੂੰ ਮਿਲਣ ਲਈ ਪਿੰਡ ਆਇਆ ਤੇ ਕਹਿੰਦਾ, “ਹੁਣ ਤੈਨੂੰ ਇਹਨਾਂ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਮਹੀਨੇ ਦੀ ਮਹੀਨੇ ਤੈਨੂੰ ਪੈਸੇ ਭੇਜ ਦਿਆਂ ਕਰੂ।”
ਰੋਂਦੀ ਹੋਈ ਜੰਗੀਰੋ ਨੇ ਚੁੰਨੀ ਦੇ ਲੜ ਨਾਲ ਆਪਣੇ ਹੰਝੂ ਸਾਫ ਕਰਦੀ ਨੇ ਕਿਹਾ, “ਪੁੱਤ, ਪੈਸੇ ਨੂੰ ਛੱਡ, ਬੱਸ ਫੋਨ ਤੇ ਮਾਂ ਨਾਲ ਗੱਲ ਕਰ ਲਿਆ ਕਰੀ।”
ਜਾਣ ਤੋਂ ਬਾਅਦ ਕਦੇ ਕਦੇ ਧੀਰੇ ਦਾ ਫੋਨ ਵੀ ਆ ਜਾਂਦਾ ਤੇ ਹਰ ਮਹੀਨੇ ਉਹਦੇ ਪੈਸੇ ਵੀ ਆ ਜਾਂਦੇ। ਪਰ ਜੰਗੀਰੋ ਹੁਣ ਥੋੜੀ ਜਿਆਦਾ ਹੀ ਵੇਹਲੀ ਹੋ ਗਈ ਸੀ। ਇਸ ਲਈ ਟਾਈਮ ਪਾਸ ਕਰਨ ਲਈ ਇੱਕ ਦੋ ਮੱਝਾਂ ਹੋਰ ਰੱਖ ਲਈਆਂ ਸਨ। ਉਹਦਾ ਬਹੁਤਾ ਟਾਈਮ ਮੱਝਾਂ ਨਾਲ ਹੀ ਗੱਲਾਂ ਕਰਕੇ ਨਿੱਕਲ ਜਾਂਦਾ ਸੀ। ਪਹਿਲੇ ਦਿਨ ਤੋਂ ਉਹ ਕਿਸੇ ਦੇ ਘਰ ਨਹੀਂ ਗਈ ਸੀ ਨਾ ਹੀ ਉਹਦੀ ਕੋਈ ਸਹੇਲੀ ਸੀ ਜਿਹਦੇ ਨਾਲ ਬਹਿ ਕੇ ਗੱਲਾਂ ਕਰ ਲੈਂਦੀ। ਸਾਰੀ ਜਿੰਦਗੀ ਤਾਂ ਬਲਦਾਂ ਵਾਂਗ ਖੇਤਾਂ ਵਿੱਚ ਜਾਂ ਫਿਰ ਮੱਝਾਂ ਵਿੱਚ ਵਿੱਚ ਕੱਢ ਦਿੱਤੀ ਸੀ। ਕਈ ਵਾਰ ਆਸ ਪਾਸ ਦੇ ਜਵਾਕ ਉਹਨੂੰ ਮੱਝਾਂ ਨਾਲ ਗੱਲਾਂ ਕਰਦੀ ਦੇਖ ਉਹਨੂੰ ਕਮਲੀ ਕਮਲੀ ਕਹਿ ਕੇ ਭੱਜ ਜਾਂਦੇ। ਲੋਕਾਂ ਦੀਆ ਗੱਲਾਂ ਦੀ ਉਹਨੇ ਕਦੇ ਕੋਈ ਪਰਵਾਹ ਨਹੀਂ ਕੀਤੀ ਸੀ। ਕਦੇ ਕਦੇ ਮਿੰਦੋ ਦੀ ਯਾਦ ਆਉਂਦੀ ਤਾਂ ਉਹਦਾ ਮਨ ਭਰ ਆਉਂਦਾ ਸੀ। ਜੰਗੀਰੋ ਦਾ ਨਾ ਤਾ ਕਦੇ ਭਰਾ ਨਾ ਹੀ ਭੈਣ ਉਹਨੂੰ ਕਦੇ ਮਿਲਣ ਆਏ ਸੀ। ਫਿਰ ਹੁਣ ਜੰਗੀਰੋ ਨੇ ਉਹਨਾਂ ਕੋਲ ਜਾਕੇ ਕੀ ਕਰਨਾ ਸੀ।
ਫਿਰ ਇਕ ਦਿਨ ਵੀਰੂ ਸ਼ਹਿਰ ਗਿਆ ਸੀ ਅਤੇ ਪਰਮੀ ਨੂੰ ਵੀ ਮਿਲ ਕੇ ਆਇਆ ਸੀ। ਵੀਰੂ ਤੋਂ ਜੰਗੀਰੋ ਨੂੰ ਪਤਾ ਲੱਗਾ ਸੀ ਕਿ ਪਰਮੀ ਦੇ ਇੱਕ ਹੋਰ ਮੁੰਡਾ ਹੋਇਆ ਹੈ। ਖ਼ਬਰ ਸੁਣ ਕੇ ਜੰਗੀਰੋ ਨੂੰ ਬੜਾ ਚਾਅ ਚੜਿਆ। ਲੇਕਿਨ ਫਿਰ ਉਹਦਾ ਚਾਅ ਮਿੰਟਾ ਵਿੱਚ ਹੀ ਲੈ ਗਿਆ ਜਦੋਂ ਉਹਨੂੰ ਪਤਾ ਲੱਗਿਆ ਕੀ ਧੀਰੇ ਦਾ ਵਿਆਹ ਕਿਸੇ ਆਰਮੀ ਦੇ ਅਫਸਰ ਦੀ ਕੁੜੀ ਨਾਲ ਹੋ ਗਿਆ ਸੀ। ਪਰਮੀ ਤੇ ਉਹਦੇ ਘਰਵਾਲਾ ਗਏ ਸੀ। ਜੰਗੀਰੋ ਦੇ ਉੱਤਰੇ ਹੋਏ ਰੰਗ ਨੂੰ ਦੇਖ ਵੀਰੂ ਨੇ ਮਜ਼ਾਕ ਨਾਲ ਕਿਹਾ, “ਤਾਈ ਜੀ, ਉੱਥੇ ਸਰਦੀ ਪਤਾ ਕਿੰਨੀ ਪੈਂਦੀ ਹੈ ਚੰਗੇ ਪਲੇ ਬੰਦੇ ਦੀ ਕੁਲਫੀ ਜੰਮ ਜਾਂਦੀ ਹੈ।” ਵੀਰੂ ਨੂੰ ਤਾਂ ਪਤਾ ਨਹੀਂ ਕਿਵੇਂ ਹੱਸ ਕੇ ਜੰਗੀਰੋ ਨੇ ਟਾਲ ਦਿੱਤਾ ਪਰ ਉਹਨੂੰ ਲੱਗਿਆ ਜਿਵੇ ਉਹਦੇ ਦਿੱਲ ਤੇ ਕਿਸੇ ਨੇ ਜ਼ੋਰ ਨਾਲ ਮੁੱਕੀ ਮਾਰ ਕੇ ਕੋਈ ਵੱਡਾ ਪੱਥਰ ਰੱਖ ਦਿੱਤਾ ਹੋਵੇ।
ਹੋਲੀ ਹੋਲੀ ਜੰਗੀਰੋ ਦੇ ਬੱਚੇ ਉਹਨੂੰ ਭੁੱਲਦੇ ਗਏ। ਪਤਾ ਨਹੀਂ ਕਿ ਵੱਡੇ ਅਫਸਰ ਲੱਗਣ ਕਾਰਣ ਉਹਨਾਂ ਨੂੰ ਸ਼ਾਇਦ ਆਪਣੀ ਮਾਂ ਵਿੱਚੋਂ ਮੱਝਾਂ ਦੇ ਗੋਹੇ ਦਾ ਮੁਸ਼ਕ ਆਉਣ ਲੱਗ ਪਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਆਪਣੀ ਅਨਪੜ੍ਹ ਮਾਂ ਨੂੰ ਦੇਖ ਕੇ ਸ਼ਰਮ ਆਉਣ ਲੱਗ ਪਈ ਹੋਵੇ। ਕਦੇ ਉਹਦੇ ਮਨ ਵਿੱਚ ਆਉਂਦਾ ਕਿ ਸ਼ਾਇਦ ਬੇਗਾਨੇ ਧੀਆਂ ਪੁੱਤ ਉਹਨਾਂ ਦੀ ਜ਼ਿੰਦਗ਼ੀ ਵਿੱਚ ਆ ਗਏ ਹਨ ਤੇ ਹੁਣ ਉਹਨਾਂ ਦੀ ਚੱਲਦੀ ਹੋਵੇ। ਜਾਂ ਫਿਰ ਉਹਦੇ ਕੋਲੋਂ ਕੋਈ ਉਹਨਾਂ ਨੂੰ ਪਾਲਣ ਵਿੱਚ ਕਮੀ ਰਹਿ ਗਈ ਹੋਵੇ ਜੀਹਦੇ ਕਰਕੇ ਹੁਣ ਉਹਨਾਂ ਨੂੰ ਆਪਣੀ ਮਾਂ ਚੰਗੀ ਨਹੀਂ ਲੱਗਦੀ । ਜੰਗੀਰੋ ਆਪਣੇ ਦਿਲ ਅਤੇ ਦਿਮਾਗ ਨੂੰ ਵਾਰ ਵਾਰ ਟੋਹ ਕੇ ਦੇਖਦੀ ਕਿ ਉਹਨੇ ਕੀ ਬੁਰਾ ਕੀਤਾ ਕਿ ਉਹਦੇ ਆਪਣੇ ਬੱਚੇ ਉਹਨੂੰ ਭੁੱਲ ਗਏ ਨੇ। ਸਵਾਲ ਦਾ ਜਵਾਬ ਤਾਂ ਕੋਈ ਨਾ ਮਿਲਿਆ ਪਰ ਜੰਗੀਰੋ ਬਿਮਾਰ ਜਰੂਰ ਹੋ ਗਈ। ਮੰਜੇ ਤੇ ਕਈ ਦਿਨ ਬਿਮਾਰ ਪਈ ਰਹੀ। ਪਿੰਡ ਵਿੱਚੋਂ ਡਾਕਟਰ ਆਕੇ ਦੂਜੇ ਤੀਜੇ ਦਿਨ ਪਤਾ ਨਹੀਂ ਕਿਹੜੀ ਬਿਮਾਰੀ ਦੇ ਇਲਾਜ਼ ਦਾ ਟੀਕਾ ਲਗਾ ਜਾਂਦਾ ਸੀ। ਆਂਢ ਗੁਆਂਢ ਦੇ ਲੋਕ ਵੀ ਹੁਣ ਗੱਲਾਂ ਕਰਨ ਲੱਗ ਗਏ ਸਨ ਕਿ ਜੰਗੀਰੋ ਦੀ ਔਲਾਦ ਨੇ ਆਪਣੀ ਮਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ। ਭਾਵੇਂ ਉਹਨੂੰ ਚੰਗਾ ਨਹੀਂ ਲੱਗਦਾ ਸੀ ਕਿ ਲੋਕ ਉਹਦੀ ਔਲਾਦ ਨੂੰ ਮਾੜਾ ਬੋਲੇ ਪਰ ਲੋਕਾਂ ਦੀ ਉਹ ਜ਼ੁਬਾਨ ਤਾਂ ਨਹੀਂ ਫੜ ਸਕਦੀ ਸੀ।
ਪਤਾ ਨਹੀਂ ਵੀਰੂ ਨੇ ਸ਼ਹਿਰ ਜਾ ਕੇ ਧੀਰੇ ਜਾ ਫਿਰ ਪਰਮੀ ਨੂੰ ਦੱਸਿਆ ਜਾ ਨਹੀਂ। ਪਰ ਨਾ ਤਾਂ ਪਰਮੀ ਅਤੇ ਨਾ ਹੀ ਧੀਰਾ ਉਹਦੀ ਖ਼ਬਰ ਸਾਰ ਲੈਣ ਨੂੰ ਆਇਆ ਸੀ। ਜਦੋਂ ਥੋੜੇ ਦਿਨਾਂ ਬਾਅਦ ਜੰਗੀਰੋ ਵਿੱਚ ਥੋੜੀ ਜਿਹੀ ਤਾਕਤ ਪਈ, ਤਾਂ ਉਹਨੇ ਮੰਜੇ ਤੋਂ ਉੱਠ ਕੇ ਇੱਕ ਪੁਰਾਣੇ ਜਿਹੇ ਝੋਲੇ ਵਿੱਚ ਆਪਣੇ ਦੋ ਤਿੰਨ ਕੱਪੜੇ ਪਾਏ। ਘਰ ਦੀਆ ਚਾਬੀਆਂ ਵੀਰੂ ਨੂੰ ਦੇ ਦਿੱਤੀਆਂ ਅਤੇ ਦੋ ਮੱਝਾਂ ਦਾ ਸੰਗਲ ਵੀ ਖੋਲ ਕੇ ਉਹਨੂੰ ਫੜਾ ਦਿੱਤਾ। ”ਆ ਲੈ ਪੁੱਤ ਆਪਣੇ ਜਾਵਕ ਨੂੰ ਦੁੱਧ ਪਾਣੀ ਪਿਲਾ ਦਿਆਂ ਕਰੀ।” ਇਹ ਕਹਿ ਕੇ ਜੰਗੀਰੋ ਪਿੰਡ ਛੱਡ ਕੇ ਤੁਰ ਪਈ। ਵੀਰੂ ਨੇ ਬਹੁਤ ਪੁੱਛਿਆ ਕਿ ਤੁਸੀ ਕਿੱਥੇ ਜਾ ਰਹੇ ਹੋ ਮੇਂ ਛੱਡ ਆਉਦਾ ਹਾਂ।
ਜੰਗੀਰੋ ਨੇ ਬਿਨਾ ਪਿੱਛੇ ਦੇਖੇ ਵੀਰੂ ਨੂੰ ਕਿਹਾ, “ਪੁੱਤ, ਉੱਥੇ ਚੱਲੀ ਹਾਂ, ਜਿੱਥੇ ਮੈਨੂੰ ਬਹੁਤ ਪਹਿਲਾਂ ਚਲੇ ਜਾਣਾ ਚਾਹੀਦਾ ਸੀ। ਰਸਤੇ ਦਾ ਵੀ ਚੰਗਾ ਭਲਾ ਪਤਾ ਸੀ ਪਰ ਪਤਾ ਨਹੀਂ ਕਿਉਂ ਹਿੰਮਤ ਜਿਹੀ ਨਹੀਂ ਪਈ ਸੀ।” ਇਹ ਕਹਿ ਕੇ ਜੰਗੀਰੋ ਨੇ ਚਿੱਟਾ ਬੂਟੀਆਂ ਵਾਲਾ ਝੋਲਾ ਚੁੱਕ ਕੇ ਹੱਥ ਵਿੱਚ ਫੜ ਲਿਆ ਅਤੇ ਫਿਰ ਇੱਕ ਨਜ਼ਰ ਭਰ ਕੇ ਘਰ ਵੱਲ ਦੇਖਿਆ ਜਿੱਥੇ ਉਹ ਕਦੇ ਲੱਖਾਂ ਅਰਮਾਨ ਲੈ ਕੇ ਇੱਕ ਦਿਨ ਨਾਜਰ ਨਾਲ ਵਿਆਹ ਕਰਾ ਕੇ ਆਈ ਸੀ। ਉਸ ਦਿਨ ਇਸ ਘਰ ਵਿੱਚ ਖੁਸ਼ੀ ਨਾਲ ਆਈ ਜੰਗੀਰੋ ਨੇ ਅੱਜ ਭਰੀਆ ਅੱਖਾਂ ਨਾਲ ਘਰ ਛੱਡ ਦਿੱਤਾ ਸੀ। ਪਰ ਮਾਂ ਦੀ ਧੀ ਨੇ ਅੱਖਾਂ ਵਿੱਚੋਂ ਹੰਝੂ ਹੇਠਾਂ ਨਹੀਂ ਡਿਗਣ ਦਿੱਤੇ। ਰੱਬ ਹੀ ਜਾਣੇ ਖੋਰੇ ਉਸ ਦਾ ਦਰਦ ਹੀ ਇਹਨਾਂ ਗਹਿਰਾ ਸੀ ਕਿ ਜਿਹੜਾ ਉਹਦੇ ਹੰਝੂ ਨਹੀਂ ਤੋੜ ਸਕਿਆ ਜਾਂ ਫਿਰ ਉਹਦੇ ਵਿੱਚ ਗੁੱਸਾ ਹੀ ਇਹਨਾਂ ਸੀ ਕਿ ਹੰਝੂ ਬਗ਼ਾਵਤ ਨਹੀਂ ਕਰ ਸਕੇ। ਇਹ ਵੀ ਹੋ ਸਕਦਾ ਸੀ ਕਿ ਉਹਦੇ ਮਨ ਵਿੱਚ ਕੋਈ ਪਛਤਾਵਾ ਹੋਵੇ। ਵੀਰੂ ਦੇ ਦੇਖਦੇ ਦੇਖਦੇ ਜੰਗੀਰੋ ਭੱਜ ਕੇ ਬੱਸ ਜਾ ਚੜੀ। ਬੱਸ ਵਿੱਚ ਉਹ ਖਾਮੋਸ਼ੀ ਨਾਲ ਸ਼ੀਸ਼ੇ ਤੋਂ ਬਾਹਰ ਖੇਤਾਂ ਵੱਲ ਦੇਖਦੀ ਰਹੀ। ਇਸ ਤਰਾਂ ਲੱਗਦਾ ਸੀ ਕਿ ਸ਼ਾਇਦ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉਹਨੂੰ ਦੇਖ ਕੇ ਪਹਿਚਾਣ ਲਵੇ।
ਜਦੋਂ ਹੀ ਬੱਸ ਉਹਦੇ ਪੇਕਿਆਂ ਦੇ ਪਿੰਡ ਦੇ ਨਵੇਂ ਬਣੇ ਬੱਸ ਸਟੈਂਡ ਤੇ ਆ ਕੇ ਰੁਕੀ ਤਾਂ ਉਹ ਜਲਦੀ ਨਾਲ ਬੱਸ ਵਿੱਚੋਂ ਉੱਤਰ ਕੇ ਆਪਣੇ ਭਰਾ ਦੇ ਘਰ ਜਾਣ ਦੀ ਬਜਾਏ ਦੂਸਰੇ ਕੱਚੇ ਰਸਤੇ ਤੇ ਤੁਰ ਪਈ। ਅੱਜ ਚੱਲਦੀ ਦੇ ਉਹਦੇ ਪੈਰ ਨਹੀਂ ਕੰਬ ਰਹੇ ਸਨ। “ਜੇ ਇਹੀ ਕਦਮ ਮੈਂ 35 ਸਾਲ ਪਹਿਲਾਂ ਚੁੱਕਿਆ ਹੁੰਦਾ ਤਾਂ ਸ਼ਾਇਦ ਮੇਰੀ ਜਿੰਦਗੀ ਕੋਈ ਹੋਰ ਹੁੰਦੀ, ‘ਇਹ ਸੋਚਦਿਆਂ ਹੀ ਉਹਨੂੰ ਆਪਣੇ ਪਿਉ ਦੀ ਗੱਲ ਯਾਦ ਕਰਕੇ ਧੁੜਧੜੀ ਜਿਹੀ ਆ ਗਈ। “ਕਿਉਂ ਸਾਡੀ ਪਿੰਡ ਵਿੱਚ ਇੱਜਤ ਰੋਲਣੀ ਹੈ। ਤਲਵਾਰ ਨਾਲ ਗਾਟਾ ਲਾ ਕੇ ਰੱਖ ਦੂੰਗਾਂ ਜੇ ਕਿਤੇ ਉਸ ਰਾਹ ਵੱਲ ਤੇਰਾ ਮੂੰਹ ਵੀ ਦੇਖ ਲਿਆ, ਤੁਰਨਾ ਤਾਂ ਬਹੁਤ ਦੂਰ ਦੀ ਗੱਲ ਹੈ।” ਲੇਕਿਨ ਅੱਜ ਜੰਗੀਰੋ ਨੂੰ ਕਿਸੇ ਦੀ ਪ੍ਰਵਾਹ ਨਹੀਂ ਸੀ।
ਖੇਤਾਂ ਵਿੱਚ ਬਣੇ ਇੱਕ ਛੋਟੇ ਜਿਹੇ ਘਰ ਦੇ ਬਾਹਰ ਆ ਕੇ ਰੁੱਕ ਗਈ। ਕੁੰਡਾ ਖੜਕਾਉਣ ਨੂੰ ਉਨੇ ਆਪਣਾ ਹੱਥ ਵਧਾਇਆਂ ਪਰ ਫਿਰ ਪਿੱਛੇ ਖਿੱਚ ਲਿਆ। ਅਜੇ ਉਹ ਤੇਜ਼ੀ ਨਾਲ ਮੁੜਨ ਹੀ ਲੱਗੀ ਸੀ ਕਿ ਉਹਨੂੰ ਕੋਈ ਜਾਣੀ ਪਹਿਚਾਣੀ ਆਵਾਜ਼ ਸੁਣਾਈ ਦਿੱਤੀ। “ਜੰਗੀਰ ਕੁਰੇ, ਬਾਹਰੋਂ ਹੀ ਮੁੜ ਚੱਲੀ।“ ਪਿੱਛੇ ਮੁੜ ਕੇ ਦੇਖਿਆ ਤਾਂ ਭਜਨ ਖੜਾ ਸੀ। ਭਜਨੇ ਨੂੰ ਦੇਖ ਜੰਗੀਰੋ ਦੇ ਸਬਰ ਦਾ ਭਰਿਆ ਮਨ ਇਸ ਤਰਾਂ ਟੁੱਟ ਗਿਆ ਜਿਵੇ ਪਾਣੀ ਦਾ ਘੜਾ ਪੱਥਰ ਨਾਲ ਟਕਰਾ ਕੇ ਟੁੱਟ ਜਾਂਦਾ ਹੈ। ਉਹ ਉੱਚੀ ਉੱਚੀ ਰੋਣ ਲੱਗ ਪਈ। ਉਹਨੂੰ ਰੋਂਦੀ ਨੂੰ ਦੇਖ ਭਜਨੇ ਨੇ ਕਿਹਾ, “ਆਜਾ, ਅੰਦਰ, ਆਜਾ. ਲੰਘ ਆ , ਤੇਰਾ ਹੀ ਘਰ ਹੈ।” ਬਾਹਰ ਬਾਣ ਦੇ ਮੰਜੇ ਤੇ ਬੈਠੀ ਨੇ ਉਹਨੇ ਚਾਰੇ ਪਾਸੇ ਦੇਖਿਆ। ਬੱਸ ਭਜਨੇ ਅਤੇ ਉਹਦੀਆਂ ਮੱਝਾਂ ਬੱਕਰੀਆਂ ਤੋਂ ਬਿਨਾਂ ਉਹਨੂੰ ਘਰ ਵਿੱਚ ਕੋਈ ਹੋਰ ਨਹੀਂ ਦਿਖਾਈ ਦਿੱਤਾ। ਇਸ ਤਰਾਂ ਲੱਗਦਾ ਸੀ ਕਿ ਜੰਗੀਰੋ ਦੇ ਵਿਆਹ ਤੋਂ ਬਾਅਦ ਭਜਨੇ ਦੀ ਜਿੰਦਗੀ ਬੱਸ ਇੱਥੋਂ ਤੱਕ ਹੀ ਸੀਮਤ ਰਹਿ ਗਈ ਸੀ। ਅੱਜ ਇਹਨੇ ਸਾਲਾਂ ਬਾਅਦ ਜੰਗੀਰੋ ਨੂੰ ਦੇਖ ਭਜਨੇ ਦਾ ਚਾਅ ਨਹੀਂ ਚੱਕਿਆ ਜਾਂਦਾ ਸੀ।
ਉਸ ਦਿਨ ਤੋਂ ਬਾਅਦ ਜੰਗੀਰ ਕੌਰ ਭਜਨ ਸਿੰਘ ਦੇ ਕੋਲ ਹੀ ਰਹਿਣ ਲੱਗ ਪਈ ਸੀ। ਜੰਗੀਰੋ ਦੇ ਘਰਦੇ ਅਤੇ ਜਵਾਕਾਂ ਨੂੰ ਹੁਣ ਸ਼ਰਮ ਆਉਣ ਲੱਗ ਪਈ ਸੀ ਪਰ ਉਹਨੇ ਆਪਣਾ ਮਨ ਬਣਾ ਲਿਆ ਸੀ। ਕਈ ਵਾਰ ਉਹਦੀ ਧੀ ਜਵਾਈ, ਨੂੰਹ ਪੁੱਤ, ਅਤੇ ਭਰਾ ਭਤੀਜੇ ਉਹਨੂੰ ਲੈਣ ਲਈ ਆਏ ਪਰ ਜੰਗੀਰੋ ਟੱਸ ਤੋਂ ਮੱਸ ਨਹੀਂ ਹੋਈ ਸੀ। ਉਹਨੇ ਬਾਕੀ ਜਿੰਦਗੀ ਬੜੀ ਸੁੱਖ ਨਾਲ ਭਜਨੇ ਦੇ ਸਿਰ ਤੇ ਕੱਢ ਦਿੱਤੀ। ਮਰਨ ਵਕਤ ਉਹਨੇ ਭਜਨੇ ਨੂੰ ਕਿਹਾ,”ਚੁੱਪ ਚਾਪ ਮੇਰਾ ਸੰਸਕਾਰ ਕਰ ਦੇਵੀ। ਕਿਸੇ ਨੂੰ ਸੱਦਣ ਦੀ ਲੋੜ ਨਹੀਂ ਹੈ।” ਭਜਨੇ ਨੇ ਵੀ ਉਹਦੇ ਬੋਲ ਪੂਰੇ ਕਰ ਦਿੱਤੇ ਸਨ। ਭਜਨਾ ਬਹੁਤ ਸਾਲ ਬਾਅਦ ਵੀ ਜਿਉਂਦੇ ਰਿਹਾ ਅਤੇ ਇੱਕ ਦਿਨ ਆਪਣੀ ਥੋੜੀ ਬਹੁਤੀ ਜਿਹੜੀ ਜ਼ਮੀਨ ਤੇ ਘਰ ਸੀ ਉਹ ਸ਼ਰੀਕਾ ਨੂੰ ਛੱਡਣ ਦੀ ਬਜਾਏ ਪਿੰਡ ਦੇ ਕਿਸੇ ਗਰੀਬ ਨੂੰ ਦਾਨ ਕਰ ਗਿਆ। ਪਤਾ ਨਹੀਂ ਹੁਣ ਜੰਗੀਰੋ ਮਰੀ ਨੂੰ ਕਿੰਨੇ ਸਾਲ ਹੋ ਗਏ ਹਨ ਪਰ ਲੋਕ ਉਹਦੇ ਜਵਾਕਾ ਨੂੰ ਮੇਹਣਾ ਮਾਰਨਾ ਨਹੀਂ ਭੁੱਲਦੇ ਅਤੇ ਨਾਲ ਹੀ ਇਹ ਕਹਿ ਦਿੰਦੇ ਹਨ ਕਿ ਇਹਦੇ ਨਾਲੋਂ ਤਾਂ ਭਾਈ ਰੱਬ ਕੋਈ ਉਲਾਦ ਹੀ ਨਾ ਦੇਵੇ ਜੇ ਉਹਨਾਂ ਨੇ ਅੱਗੇ ਜਾ ਕੇ ਆਪਣੇ ਮਾਂ ਬਾਪ ਦਾ ਸਹਾਰਾ ਨਹੀਂ ਬਣਨਾ।”
“ਪਤਾ ਨਹੀਂ ਅੱਜਕਲ ਜੰਗੀਰੋ ਵਰਗੇ ਕਿੰਨੇ ਮਾਂ ਬਾਪ ਤੁਰੇ ਫਿਰਦੇ ਨੇ ਜਿਹਨਾਂ ਆਪਣੀ ਜਿੰਦਗੀ ਵਿੱਚ ਬਹੁਤ ਮਿਹਨਤ ਕਰਕੇ ਅਤੇ ਦੁੱਖ ਦਰਦ ਝੱਲ ਕੇ ਬੱਚੇ ਪਾਲੇ ਹੁੰਦੇ ਹਨ, ਅਤੇ ਬੱਚੇ ਪੜ ਲਿਖ ਕੇ ਅਫਸਰ ਬਣ ਜਾਂਦੇ ਹਨ ਜਾਂ ਫਿਰ ਨਹੀਂ ਵੀ ਨਹੀਂ ਬਣਦੇ, ਪਰ ਉਹ ਮਾਂ ਬਾਪ ਨੂੰ ਭੁੱਲ ਜਾਂਦੇ ਹਨ। ਓਏ, ਪੜੇ ਲਿਖੇ ਮੂਰਖੋ ਅਕਲਾਂ ਤੋਂ ਕੰਮ ਲਵੋ, ਮਾਂ -ਬਾਪ ਤਾਂ ਅਸਲੀ ਜਿੰਦਗੀ ਦਾ ਗਹਿਣਾ ਹੈ, ਉਹਨਾਂ ਦੇ ਹੁੰਦੇ ਤੀਰਥਾਂ ਤੇ ਜਾਣ ਦੀ ਜਰੂਰਤ ਨਹੀਂ ਹੁੰਦੀ।”
ਇਹ ਲਿਖਦੇ ਹੋਏ ਪਰਮੀ ਦੀਆ ਅੱਖਾਂ ਵਿੱਚੋ ਅੱਥਰੂ ਨਿਕਲ ਉਹਦੀਆਂ ਗੱਲਾਂ ਉੱਤੇ ਨਦੀ ਦੀ ਥਾਰ ਵਾਂਗ ਚੱਲਣ ਲੱਗ ਪਏ ਅਤੇ ਉਹਦੀ ਆਵਾਜ਼ ਹੰਝੂਆਂ ਦੇ ਭਾਰ ਨਾਲ ਗਲੇ ਵਿੱਚ ਅਟਕ ਰਹਿ ਗਈ, “ਬੇਬੇ, ਮੈਂਥੋਂ ਗ਼ਲਤੀ ਹੋ ਗਈ। ਇੱਕ ਵਾਰ ਮਿਲ ਕੇ ਗ਼ਲਤੀ ਮੰਗਣ ਦਾ ਮੌਕਾ ਤਾਂ ਦੇ ਦਿੰਦੀ। ਤੇਰੇ ਵਿੱਚ ਤਾਂ ਅੰਤਾਂ ਦਾ ਜਿਗਰਾ ਸੀ। ਮੇਰੇ ਵਿੱਚ ਤੇਰੇ ਜ੍ਹਿਨੀ ਹਿੰਮਤ ਨਹੀਂ ਹੈ।”
ਹੁਣ ਰੋਣ ਦਾ ਕੀ ਫਾਇਦਾ, ਭੌਰ ਤਾਂ ਕਦੋਂ ਦੀ ਉਡਾਰੀ ਮਾਰ ਚੁੱਕਾ ਸੀ।