
ਉਹ ਕੁੜੀ ਦਾ ਨਾਮ ਕਾਕਾ ਸੀ। ਪਹਿਲੀ ਵਾਰੀ ਸੁਣਿਆ ਸੀ ਤਾਂ ਬਹੁਤ ਅਜੀਬ ਜਿਹਾ ਲੱਗਿਆ ਕਿਉਂਕਿ ਇਹ ਨਾਮ ਜਿਆਦਾ ਕਰਕੇ ਮੁੰਡਿਆ ਦਾ ਹੋਇਆ ਕਰਦਾ ਹੈ। ਪਰ ਅਕਸਰ ਸਾਰੇ ਹੀ ਉਸਨੂੰ ਕਾਕੇ ਕਹਿ ਕੇ ਬਲਾਉਂਦੇ ਸਨ। ਜਦੋਂ ਮੈਂ ਕਾਕੇ ਨੂੰ ਪਹਿਲੀ ਵਾਰ ਮਿਲੀ ਸੀ ਤਾਂ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਸੀ। ਸਿਰਫ ਉਸਦਾ ਨਾਮ ਹੀ ਅਜੀਬ ਨਹੀਂ ਸੀ ਸਗੋਂ ਉਹਦਾ ਬੈਠਣਾ ਉੱਠਣਾ ਤੇ ਬੋਲਣਾ ਵੀ ਸਾਡੇ ਨਾਲੋਂ ਵੱਖਰਾ ਸੀ। ਉਹਦੀ ਵੱਡੀ ਭੈਣ ਦੀਪੀ ਸਾਡੇ ਨਾਲ ਪੜਦੀ ਸੀ। ਇਹ ਗੱਲ ਉਸ ਵਕਤ ਦੀ ਹੈ ਜਦੋਂ ਅਸੀ ਬਾਹਰਵੀ ਕਲਾਸ ਵਿੱਚ ਪੜਦੀਆਂ ਸਨ। ਵੈਸੇ ਤਾਂ ਮੈਂ ਦੀਪੀ ਨੂੰ ਛੇਵੀ ਕਲਾਸ ਤੋਂ ਹੀ ਜਾਣਦੀ ਸੀ। ਪਰ ਜਿਵੇਂ ਜਿਵੇਂ ਕਲਾਸਾਂ ਦਾ ਨੰਬਰ ਵੱਧਦਾ ਗਿਆ ਉਵੇਂ ਹੀ ਸਾਡੀ ਦੋਸਤੀ ਇੱਕ ਦੂਜੇ ਨਾਲ ਗਹਿਰੀ ਹੁੰਦੀ ਗਈ ਸੀ।
ਸਾਡਾ ਚਾਰਾਂ ਕੁੜੀਆਂ ਦਾ ਗਰੁੱਪ ਸੀ ਤੇ ਅਸੀਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੀਆਂ ਸਨ। ਦੀਪੀ ਅਤੇ ਬਲਜੀਤ ਦੋਵੇਂ ਇੱਕ ਦੂਜੇ ਨੂੰ ਬਚਪਨ ਤੋਂ ਹੀ ਜਾਣਦੀਆਂ ਸਨ। ਬਲਜੀਤ ਦੇ ਨਾਨਕੇ ਦੀਪੀ ਦੇ ਪਿੰਡ ਸਨ ਅਤੇ ਦੀਪੀ ਆਪਣੇ ਨਾਨਕੇ ਹੀ ਰਹਿੰਦੀ ਸੀ। ਉਹ ਮੈਨੂੰ ਅਤੇ ਹਰਜੀਤ ਨੂੰ ਬਾਅਦ ਵਿੱਚ ਮਿਡਲ ਸਕੂਲ ਵਿੱਚ ਮਿਲੀਆ ਸਨ। ਗੁਜ਼ਰਦੇ ਦੇ ਜ਼ਮਾਨੇ ਨੇ ਸਾਡੀ ਦੋਸਤੀ ਗੁੜ ਨਾਲੋਂ ਵੀ ਮਿੱਠੀ ਤੇ ਲੋਹੇ ਵਾਂਗ ਮਜਬੂਤ ਕਰ ਦਿੱਤੀ ਸੀ। ਉਸ ਸਮੇਂ ਇਹਨਾਂ ਹੀ ਪਤਾ ਸੀ ਕਿ ਸਾਡੀ ਸਕੂਲ ਵਿੱਚ ਜਮਾਤਾਂ ਦੀ ਗਿਣਤੀ ਤਾਂ ਬਹੁਤ ਸੀਮਤ ਸੀ ਪਰ ਸਾਡੀ ਸੱਚੀ ਦੋਸਤੀ ਦਾ ਡੂੰਘਾ ਖਜ਼ਾਨਾ ਸੀ। ਸਾਡਾ ਚਾਰਾਂ ਦਾ ਗਰੁੱਪ ਪੜਾਈ ਵੱਲੋਂ ਤਾਂ ਕੱਖਾਂ ਤੋਂ ਵੀ ਹੋਲਾ ਸੀ। ਪਰ ਉਹ ਉੱਪਰ ਵਾਲੇ ਨੇ ਖੂਬਸੂਰਤੀ ਸਾਨੂੰ ਬਲਾ ਦੀ ਦਿੱਤੀ ਸੀ। ਪਰ ਇਸ ਤਰਾਂ ਦਾ ਲੱਗਦਾ ਸੀ ਕਿ ਦੀਪੀ ਨੂੰ ਤਾਂ ਰੱਬ ਨੇ ਜਿਵੇ ਕਿਤੇ ਵੇਹਲੇ ਬੈਠ ਕੇ ਬਣਾਇਆ ਸੀ। ਉਹਦਾ ਲੰਬਾ ਕੱਦ ਸੁਰਾਹੀ ਵਰਗੀ ਲੰਮੀ ਗਰਦਨ, ਹਿਰਣ ਵਰਗੀਆ ਅੱਖਾਂ ਤੇ ਕਾਲੇ ਲੰਮੇ ਵਾਲ, ਤੇ ਚਿੱਟਾ ਕਪਾਹ ਵਰਗਾ ਰੰਗ ਹਰ ਇੱਕ ਉਹਦਾ ਦੀਵਾਨਾ ਬਣਾ ਦਿੰਦਾ ਸੀ। ਲੇਕਿਨ ਕਈ ਵਾਰ ਉਦਾਸ ਹੋਕੇ ਕਹਿ ਦਿੰਦੀ ਕਿ ਇਹਦੇ ਨਾਲੋਂ ਨਾਲ ਰੱਬ ਪੜਾਈ ਲਈ ਦਿਮਾਗ ਹੀ ਦੇ ਦਿੰਦਾ।
ਜਦੋਂ ਸਾਡੀ ਸਾਰੀਆਂ ਦੀ ਗਿਆਰ੍ਹਵੀਂ ਜਮਾਤ ਵਿੱਚੋਂ ਕੰਪਾਰਟਮੈਂਟ ਆ ਗਈ ਤਾਂ ਅਸੀਂ ਮਹਿਸੂਸ ਕੀਤਾ ਸੀ ਕਿ ਦੀਪੀ ਨੇ ਠੀਕ ਹੀ ਕਿਹਾ ਸੀ। ਲੇਕਿਨ ਉਸ ਵਕਤ ਸਾਨੂੰ ਕੋਈ ਇਹ ਸਲਾਹ ਦੇਣ ਵਾਲਾ ਨਹੀਂ ਸੀ ਕਿ ਇਹ ਰੱਬ ਦਾ ਨਹੀਂ ਸਗੋਂ ਤੁਹਾਡਾ ਆਪਣਾ ਕਸੂਰ ਹੈ। ਜੇ ਕੋਈ ਸਲਾਹ ਦੇ ਵੀ ਦਿੰਦਾ ਤਾਂ ਸਾਨੂੰ ਉਹ ਜ਼ਹਿਰ ਵਾਂਗ ਹੀ ਲੱਗਣੀ ਸੀ। ਪਰ ਸਾਨੂੰ ਇਹ ਅਹਿਸਾਸ ਹੋਣ ਵਿੱਚ ਦੇਰੀ ਨਹੀਂ ਲੱਗੀ ਸੀ ਕਿ ਜੇ ਅਸੀਂ ਮੌਜ ਮਸਤੀ ਕਰਨ ਦੀ ਬਜਾਏ ਗੰਭੀਰਤਾ ਨਾਲ ਪੜਾਈ ਕੀਤੀ ਹੁੰਦੀ ਤਾਂ ਸ਼ਇਦ ਅਸੀਂ ਪਾਸ ਹੋ ਜਾਂਦੀਆਂ। ਪਰ ਇਸ ਵਿੱਚ ਵੀ ਕੋਈ ਸਾਡਾ ਵਾਲਾ ਕਸੂਰ ਨਹੀਂ ਸੀ। ਸਕੂਲ ਵਿੱਚੋਂ ਨਿਕਲ ਕੇ ਸਾਨੂੰ ਇੱਕਦਮ ਹੀ ਅਜਾਦੀ ਮਿਲ ਗਈ ਸੀ। ਸਕੂਲ ਵਿੱਚ ਤੇ ਡੰਡੇ ਦਾ ਡਰ ਸੀ ਅਤੇ ਕੋਈ ਵੀ ਕਲਾਸ ਨੂੰ ਮਿਸ ਨਹੀਂ ਕਰ ਸਕਦੇ ਸੀ। ਲੇਕਿਨ ਕਾਲਜ ਵਿੱਚ ਆਕੇ ਇਹ ਸਾਰਾ ਕੁੱਛ ਖਤਮ ਹੋ ਗਿਆ ਸੀ। ਇੱਥੇ ਕਾਲਜ ਵਿੱਚ ਤਾਂ ਕੋਈ ਪਰਵਾਹ ਨਹੀਂ ਕਰਦਾ ਸੀ। ਤੁਸੀ ਕਲਾਸ ਲਾਓ ਜਾਂ ਫਿਰ ਨਾ ਲਾਓ। ਪਹਿਲੇ ਸਾਲ ਤਾਂ ਕਾਲਜ ਦੀ ਕੰਟੀਨ ਵਿੱਚ ਹੀ ਸਮੌਸੇ ਖਾ ਕੇ ਕੱਢ ਦਿੱਤੇ ਸਨ। ਬਾਕੀ ਘਰਦਿਆਂ ਨੇ ਵੀ ਵਾਰਨਿੰਗ ਦੇ ਦਿੱਤੀ ਸੀ ਕਿ ਜੇ ਕੰਪਾਰਟਮੈਂਟ ਨਾ ਕਲੀਅਰ ਕੀਤੀ ਤਾਂ ਕਾਲਜ ਜਾਣ ਦਾ ਸੁਪਨਾ ਵੀ ਨਾ ਲੈਣਾ। ਫਿਰ ਅਸੀਂ ਚਾਰਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਹੁਣ ਸਾਰਾ ਸਾਲ ਹੀ ਧਿਆਨ ਨਾਲ ਪੜਨਾ ਹੈ। ਬਹੁਤ ਮਿਹਨਤ ਕਰਕੇ ਬੱਸ ਪੂਰੇ ਨੰਬਰਾਂ ਤੇ ਹੀ ਅਸੀ ਕੰਪਾਰਟਮੈਂਟ ਪਾਸ ਕੀਤੀ ਸੀ। ਦਿਮਾਗ ਅਤੇ ਦਿਲ ਨੂੰ ਇਹ ਕਹਿ ਕੇ ਸਮਝਾ ਲਿਆ ਸੀ ਕਿ ਮੌਜ ਮਸਤੀ ਲਈ ਤਾਂ ਪੂਰੀ ਜਿੰਦਗੀ ਪਈ ਹੈ। ਪਰ ਹੁਣ ਇਹ ਅਹਿਸਾਸ ਹੁੰਦਾ ਹੈ ਕਿ ਸਾਡੀ ਸੋਚ ਉਸ ਵਕ਼ਤ ਗ਼ਲਤ ਸੀ। ਹੁਣ ਕਬੀਲਦਾਰੀਆਂ ਅਤੇ ਕੰਮ ਵਿੱਚ ਉਲਝੇ ਫਿਰਦੇ ਹਾਂ। ਹੁਣ ਲੱਗਦਾ ਹੈ ਕਿ ਹੱਸਣ ਖੇਡਣ ਵਾਲੀ ਉੱਮਰ ਤਾਂ ਪੜਾਈ ਵਿੱਚ ਹੀ ਖ਼ਰਾਬ ਕਰ ਦਿੱਤੀ।
ਇੱਕ ਦਿਨ ਦੀਪੀ ਨੇ ਕਿਹਾ, “ ਮੈਂ ਕੱਲ੍ਹ ਨੂੰ ਕੋਈ ਕਲਾਸ ਨਹੀਂ ਲਾਉਣੀ ਹੈ। ਤੁਸੀ ਲਾਉਣੀ ਹੋਈ ਤਾਂ ਲਾ ਲਓ।”
“ਕਿਉਂ ਕੱਲ ਨੂੰ ਕੀ ਬਿੱਲੀ ਨੇ ਛਿੱਕ ਮਾਰ ਦੇਣੀ ਹੈ ਕਿ ਕਲਾਸ ਨਹੀਂ ਲਾਉਣੀ। ਆਪਾਂ ਤਾਂ ਅਜੇ ਦੋ ਦਿਨ ਪਹਿਲਾ ਹੀ ਇਹ ਸਲਾਹ ਬਣਾਈ ਸੀ ਕਿ ਕੋਈ ਵੀ ਕਲਾਸ ਦੀ ਫਰਲੋ ਨਹੀਂ ਮਾਰਨੀ, “ ਗੁਰਪ੍ਰੀਤ ਨੇ ਉਲਟਾ ਉਸੇ ਸਮੇਂ ਹੀ ਕਿਹਾ।
ਦੀਪੀ ਨੇ ਚਹਿਕ ਕੇ ਕਿਹਾ, “ਕੱਲ ਨੂੰ ਮੈ ਆਪਣੀ ਛੋਟੀ ਭੈਣ ਨੂੰ ਆਪਣੇ ਨਾਲ ਲੈ ਕੇ ਆਉਣਾ ਹੈ। ਉਸਦਾ ਘਰੇ ਦਿਲ ਨਹੀਂ ਲੱਗਦਾ। ਤੇ ਨਾਲੇ ਕੱਲ ਨੂੰ ਭੂਆ ਜੀ ਨੂੰ ਵੀ ਮਿਲ ਕੇ ਆਉਣਾ ਹੈ।” ਦੀਪੀ ਦੀ ਭੂਆ ਦਾ ਪਿੰਡ ਕੋਈ ਦੋ ਕਿਲੋਮੀਟਰ ਦੂਰ ਸੀ ਅਤੇ ਪਤਾ ਨਹੀਂ ਕਿੰਨੀ ਵਾਰੀ ਦੀਪੀ ਦੇ ਨਾਲ ਉਹਨਾਂ ਦੇ ਘਰ ਗਏ ਸਨ।
ਅਸੀਂ ਸਾਰੀਆਂ ਨੇ ਦੀਪੀ ਵੱਲ ਇਸ ਤਰਾਂ ਦੇਖਿਆ ਜਿਵੇਂ ਲੋਕੀ ਗਲੀ ਵਿੱਚ ਲੰਗਦੇ ਕਮਲੇ ਨੂੰ ਸਵਾਲੀਆ ਨਜਰਾਂ ਨਾਲ ਦੇਖਦੇ ਹੁੰਦੇ ਹਨ ਕਿ ਭਾਈ ਤੈਨੂੰ ਕਾਹਤੋਂ ਕਮਲਵਾ ਪੈ ਗਿਆ। ਇਹਨੇ ਸਾਲਾਂ ਤੋਂ ਅਸੀਂ ਦੀਪੀ ਨੂੰ ਜਾਣਦੇ ਹਨ ਅਤੇ ਉਹਨਾਂ ਦੇ ਘਰ ਵੀ ਕਿੰਨੀ ਵਾਰ ਗਏ ਹਨ। ਨਾ ਹੀ ਅਸੀਂ ਉਹਦੀ ਕੋਈ ਛੋਟੀ ਨਾ ਵੱਡੀ ਭੈਣ ਦੇਖੀ ਸੀ ਨਾ ਹੀ ਕਦੇ ਦੀਪੀ ਨੇ ਕੋਈ ਉਹਦੇ ਵਾਰੇ ਕੋਈ ਜ਼ਿਕਰ ਕੀਤਾ ਸੀ। ਦੀਪੀ ਦੇ ਦੋ ਭਰਾ ਹਨ ਜਿਹੜੇ ਫੌਜ਼ ਵਿੱਚ ਨੌਕਰੀ ਕਰਦੇ ਹਨ। ਹੁਣ ਇਹ ਛੋਟੀ ਭੈਣ ਕਿੱਥੋਂ ਆ ਗਈ।
“ਉਹ ਮੇਰੇ ਛੋਟੇ ਮੰਮੀ ਤੇ ਪਾਪਾ ਜੀ ਦੀ ਕੁੜੀ ਹੈ।” ਦੀਪੀ ਨੇ ਖੁਸ਼ ਹੋਕੇ ਕਿਹਾ।
ਫਿਰ ਸਾਡੇ ਦਿਮਾਗ ਵਿੱਚ ਆਇਆ ਕਿ ਦੀਪੀ ਆਪਣੇ ਚਾਚੇ ਤੇ ਚਾਚੀ ਦੀ ਕੁੜੀ ਗੱਲ ਕਰ ਰਹੀ ਹੈ।
“ਚਲੋ ਫਿਰ ਕੱਲ ਨੂੰ ਮਿਲਦੇ ਹਾਂ।” ਇਹ ਕਹਿ ਕੇ ਅਸੀਂ ਆਪਣੇ ਪਿੰਡ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਬੈਠ ਗਈਆ। ਕੱਲੀਆਂ ਕੁੜੀਆਂ ਦਾ ਕਾਲਜ ਸੀ ਤੇ ਸਿਰਫ ਚਾਰ ਹੀ ਬੱਸਾਂ ਸਨ। ਜਿਹੜੀਆਂ ਅਲੱਗ ਅਲੱਗ ਦਿਸ਼ਾਵਾਂ ਵੱਲ ਨੂੰ ਜਾਂਦੀਆਂ ਸਨ। ਮੇਰਾ ਤੇ ਦੀਪੀ ਦਾ ਘਰ ਇੱਕ ਪਾਸੇ ਸੀ ਪਰ ਇੱਕ ਦੁਜੇ ਤੋਂ ਉਲਟ ਦਿਸ਼ਾ ਵਿੱਚ ਸਨ ਇਸ ਲਈ ਸਾਡੀਆਂ ਬੱਸਾਂ ਵੀ ਅਲੱਗ ਅਲੱਗ ਸਨ। ਗੁਰਪ੍ਰੀਤ ਅਤੇ ਭੋਲੀ ਤਾਂ ਬਿਲਕੁੱਲ ਹੀ ਕਾਲਜ ਦੇ ਦੂਸਰੇ ਪਾਸੇ ਰਹਿੰਦੀਆਂ ਸਨ ਇਸ ਲਈ ਉਹ ਦੂਸਰੀ ਬੱਸ ਵਿੱਚ ਜਾਂਦੀਆਂ ਸਨ। ਦੂਜੇ ਦਿਨ ਅਸੀਂ ਆਪਣੀ ਆਦਤ ਅਨੁਸਾਰ ਕਾਲਜ ਪਹੁੰਚ ਕੇ ਇੱਕ ਦੂਜੇ ਦਾ ਇੰਤਜ਼ਾਰ ਕਰ ਲੱਗੀਆਂ। ਉਸ ਦਿਨ ਦੀਪੀ ਬੱਸ ਵਿੱਚੋਂ ਨਾ ਉਤਰੀ ਤਾਂ ਸਾਨੂੰ ਥੋੜੀ ਜਿਹੀ ਹੈਰਾਨਗੀ ਹੋਈ।
ਲੇਕਿਨ ਜਿਆਦਾ ਦੇਰ ਇੰਤਜ਼ਾਰ ਨਾ ਕਰਨਾ ਪਿਆ। ਦੀਪੀ ਦੀ ਕਾਰ ਬਿਲਕੁਲ ਸਾਡੇ ਕੋਲੇ ਆ ਕੇ ਰੁੱਕ ਗਈ। ਸ਼ਾਇਦ ਦੀਪੀ ਦੇ ਪਿਤਾ ਜੀ ਨੇ ਸਾਨੂੰ ਦੇਖ ਲਿਆ ਸੀ। ਕਾਰ ਦੇ ਕੋਲੇ ਜਾਕੇ ਅਸੀਂ ਸਾਰਿਆਂ ਨੇ ਦੀਪੀ ਦੇ ਪਿਤਾ ਜੀ ਨੂੰ ਅਜੇ ਸਤਿ ਸ੍ਰੀ ਅਕਾਲ ਬੁਲਾਈ ਹੀ ਸੀ ਕਿ ਗੂੜੇ ਨੀਲੇ ਰੰਗ ਦੇ ਫੁੱਲਾਂ ਵਾਲਾ ਸੂਟ ਪਹਿਨੇ ਦੀਪੀ ਬਾਹਰ ਨਿਕਲੀ ਤਾਂ ਇਸ ਤਰਾਂ ਲੱਗ ਰਹੀ ਸੀ ਕਿ ਜਿਵੇਂ ਅਸਮਾਨ ਤੋਂ ਕੋਈ ਪਰੀ ਉਤਰੀ ਹੋਵੇ। ਲੇਕਿਨ ਅਜੇ ਅਸੀਂ ਇੱਕ ਦੂਜੇ ਨੂੰ ਮਿਲੀਆਂ ਵੀ ਨਹੀਂ ਸੀ ਕਿ ਅਚਾਨਕ ਇੱਕ ਛੇ ਸੱਤ ਸਾਲ ਦੀ ਕੁੜੀ ਨੇ ਕਾਰ ਵਿੱਚੋਂ ਉਤਰਣ ਦੀ ਥਾਂ ਸਿੱਧੀ ਛਾਲ ਮਾਰ ਕੇ ਹੇਠਾਂ ਇਸ ਤਰਾਂ ਉੱਤਰੀ ਕਿ ਉਹਦੇ ਦੋਵੇਂ ਹੱਥ ਜਮੀਨ ਤੇ ਸਿਰ ਅਸਮਾਨ ਵੱਲ ਸੀ।,”ਅਲੇ, ਇਬਾ ਦੇਖੋ ਤੋਂ ਸਹੀ ਕਾਕਾ ਬੱਚ ਗਿਆ।” ਇੱਕਦਮ ਉੱਠ ਕੇ ਉਹਨੇ ਆਪਣੇ ਦੋਨੋ ਹੱਥ ਦੀਪੀ ਨੂੰ ਦਿਖਾ ਕੇ ਕਿਹਾ।
ਦੀਪੀ ਨੇ ਉਹਦੇ ਹੱਥਾਂ ਅਤੇ ਗੋਡਿਆਂ ਤੋਂ ਮਿੱਟੀ ਝਾੜਦੇ ਹੋਏ ਕਿਹਾ,” ਇੰਨੀ ਵਾਰੀ ਕਿਹਾ ਕਿ ਹੌਲੀ ਉਤਰਦੇ ਨਾ ਕਿ ਛਾਲਾਂ ਮਾਰ ਕੇ। ਜੇ ਤੈਨੂੰ ਸੱਟ ਲੱਗ ਜਾਂਦੀ ਤਾਂ ਅੱਗੇ ਤੋਂ ਕਿਸੇ ਨੇ ਤੈਨੂੰ ਮੇਰੇ ਨਾਲ ਕਿਤੇ ਜਾਣ ਵੀ ਨਹੀਂ ਦੇਣਾ।”
ਆਪਣਾ ਭੋਲਾ ਜਿਹਾ ਮੂੰਹ ਬਣਾਕੇ ਉਸਨੇ ਦੀਪੀ ਵੱਲ ਇਸ ਤਰਾਂ ਦੇਖਿਆ ਕਿ ਦੀਪੀ ਹੱਸੇ ਬਿਨਾ ਨਾ ਰਹਿ ਸਕੀ। ਸਾਨੂੰ ਇਸ ਤਰਾਂ ਲੱਗਿਆ ਕਿ ਜਿਵੇਂ ਦੋਹਾਂ ਭੈਣਾਂ ਨੂੰ ਸਾਡੇ ਉੱਥੇ ਖੜੇ ਹੋਣ ਦਾ ਕੋਈ ਅਹਿਸਾਸ ਨਾ ਹੋਵੇ। ਜਿਨ੍ਹਾਂ ਦੀਪੀ ਨੂੰ ਆਪਣੀ ਛੋਟੀ ਭੈਣ ਦੀ ਪ੍ਰਵਾਹ ਸੀ ਉਸਤੋਂ ਕਿਤੇ ਜਿਆਦਾ ਸਾਨੂੰ ਕਾਕੇ ਦੀਆਂ ਅੱਖਾਂ ਵਿੱਚ ਆਪਣੀ ਭੈਣ ਲਈ ਪਿਆਰ ਦਿਖਾਈ ਦਿੱਤਾ।
ਸਾਡਾ ਖਿਆਲ ਆਉਂਦੇ ਹੀ ਦੀਪੀ ਨੇ ਆਪਣੀ ਭੈਣ ਦੇ ਵਾਲਾਂ ਨੂੰ ਪਲੋਸਦੇ ਹੋਏ ਕਿਹਾ, “ਇਹ ਹੈ ਮੇਰੀ ਛੋਟੀ ਜਿਹੀ ਭੈਣ ਕਾਕਾ।”
ਇਸ ਤੋਂ ਪਹਿਲਾ ਕਿ ਅਸੀ ਕਾਕੇ ਨੂੰ ਕੁੱਛ ਪੁੱਛਦੀਆਂ, ਉਹ ਪਹਿਲਾ ਹੀ ਬੋਲ ਪਈ, ” ਮੇਰਾ ਨਾਮ ਕਾਕਾ ਹੈ। ਇਸ ਦਾ ਮਤਲਬ ਪਤਾ ਕੀ ਹੁੰਦਾ ਹੈ।”
ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਉਹਨੇ ਮਟਕ ਕੇ ਕਿਹਾ, “ਕਾਕੇ ਦਾ ਮਤਲਬ ਹੁੰਦਾ ਹੈ ਛੋਟਾ ਸਾ ਪਿਆਰਾ ਸਾ ਬੱਚਾ। ਠੀਕ ਕਿਹਾ ਮੈਨੇ, ਈਬੂ।” ਉਹਨੇ ਆਪਣੀਆਂ ਦੋਹਾਂ ਅੱਖਾਂ ਨੂੰ ਥੋੜਾ ਜਿਹਾ ਬੰਦ ਕਰਕੇ ਤੇ ਬੁੱਲਾਂ ਨੂੰ ਥੋੜਾ ਵਿੰਗੇ ਟੇਢੇ ਕਰਦੇ ਹੋਏ ਕਿਹਾ।
ਦੀਪੀ ਨੇ ਕਿਹਾ ਪਿਆਰ ਨਾਲ ਉਹਦੇ ਵਾਲਾ ਨੂੰ ਮਸਲਦਿਆਂ ਕਿਹਾ, “ਬਿਲਕੁੱਲ ਸਹੀ ਕਿਹਾ।” ਦੀਪੀ ਦੀ ਆਵਾਜ਼ ਵਿੱਚ ਹੀ ਨਹੀਂ ਸਗੋਂ ਉਹਦੀਆਂ ਅੱਖਾਂ ਵਿੱਚ ਵੀ ਆਪਣੀ ਛੋਟੀ ਭੈਣ ਲਈ ਪਿਆਰ ਉਮੜਦਾ ਹੋਇਆ ਸਾਫ ਦਿਖਾਈ ਦਿੰਦਾ ਸੀ।
ਇਸ ਤਰਾਂ ਸਾਡੀ ਕਾਕੇ ਨਾਲ ਮੁਲਾਕਾਤ ਹੋਈ ਸੀ। ਦੋਹਾਂ ਭੈਣਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਜਿੱਥੇ ਦੀਪੀ ਸੋਹਣੀ ਸੁਨੱਖੀ ਅਤੇ ਸ਼ਰਮੀਲੇ ਸੁਭਾ ਦੀ ਕੁੜੀ ਸੀ ਅਤੇ ਬੜਾ ਬਣ ਸੰਬਰ ਕੇ ਰਹਿੰਦੀ ਸੀ, ਕਦੇ ਘਰੋਂ ਇਕੱਲੀ ਕਦਮ ਨਹੀਂ ਪੁੱਟਦੀ ਸੀ। ਉੱਥੇ ਕਾਕੇ ਦਾ ਰੰਗ ਸਾਂਵਲਾ ਤੇ ਉਹਦੇ ਕੱਪੜੇ ਦੇਖ ਕੇ ਸਾਨੂੰ ਹਾਸਾ ਆ ਜਾਂਦਾ ਸੀ। ਜਿਹੜਾ ਹੱਥ ਵਿੱਚ ਆ ਗਿਆ, ਤੇ ਉਹੀ ਪਾ ਕੇ ਚਲੇ ਜਾਣਾ ਉਹਦੀ ਆਦਤ ਸੀ। ਘਰੇ ਤੇ ਜਿਵੇ ਉਹਨੂੰ ਕੰਧਾਂ ਖਾਣ ਨੂੰ ਆਉਂਦੀਆਂ ਸਨ। ਘਰ ਵਿੱਚ ਘੱਟ ਤੇ ਬਾਹਰ ਉਹ ਜਿਆਦਾ ਮਿਲਦੀ ਸੀ। ਜਿਹੜੇ ਘਰ ਦੇ ਕੋਈ ਰੂਲ ਨਹੀਂ ਤੋੜ ਸਕਿਆ ਸੀ ਉਹਦੀਆਂ ਉਹਨੇ ਧੱਜੀਆਂ ਉਡਾ ਦਿੱਤੀਆਂ ਸਨ। ਜਿੰਨੀ ਉਹ ਲੰਮੀ ਸੀ ਉਸਤੋਂ ਕਿਤੇ ਜਿਆਦਾ ਉਹ ਪਤਲੀ ਸੀ। ਉਹਦੇ ਬੋਲਣ ਦਾ ਢੰਗ ਵੀ ਅਲੱਗ ਸੀ ਜਿਹੜਾ ਸਾਨੂੰ ਘੱਟ ਵੱਧ ਹੀ ਸਮਝ ਆਉਂਦਾ ਸੀ। ਲੇਕਿਨ ਉਹਦੇ ਵਿੱਚ ਵਿਸ਼ਵਾਸ ਅਤੇ ਜਜ਼ਬਾ ਅੰਤਾਂ ਦਾ ਭਰਿਆ ਹੋਇਆ ਸੀ ਜਿਹੜਾ ਉੱਸ ਦੌਰ ਦੇ ਕੁੜੀਆਂ ਵਿੱਚ ਕੀ ਮੁੰਡਿਆਂ ਵਿੱਚ ਵੀ ਘੱਟ ਵੱਧ ਦੇਖਣ ਨੂੰ ਮਿਲਦਾ ਸੀ। ਡਰ ਨੂੰ ਤਾਂ ਜਿਵੇ ਖੁਦ ਕਾਕੇ ਦੇ ਕੋਲ ਦੀ ਲੰਗਦੇ ਨੂੰ ਵੀ ਡਰ ਲੱਗਦਾ ਸੀ। ਲੇਕਿਨ ਦੀਪੀ ਨੂੰ ਆਪਣੀ ਭੈਣ ਤੇ ਬੜਾ ਮਾਣ ਸੀ।
ਹੁਣ ਸਾਡੇ ਚਾਰਾਂ ਵਿੱਚ ਪੰਜਵਾਂ ਸਾਥੀ ਵੀ ਜੁੜ ਗਿਆ ਸੀ। ਜਦੋਂ ਵੀ ਅਸੀਂ ਕਿਤੇ ਵੀ ਜਾਣਾ ਹੁੰਦਾ ਕਾਕੇ ਵੀ ਸਾਡੇ ਨਾਲ ਨਾਲ ਜਾਂਦੀ ਸੀ। ਪਰ ਕਦੇ ਵੀ ਸਾਨੂੰ ਤੰਗ ਨਹੀਂ ਕਰਦੀ ਸੀ। ਉਹ ਆਪਣੀ ਹੀ ਦੁਨੀਆਂ ਵਿੱਚ ਮਸਤ ਰਹਿੰਦੀ ਸੀ। ਲੇਕਿਨ ਉਹਦੇ ਦਿਮਾਗ ਦੀ ਦਾਦ ਦੇਣ ਨੂੰ ਮਿਲਦੀ ਸੀ। ਭਾਵੇਂ ਉਹਦਾ ਧਿਆਨ ਆਪਣੀਆਂ ਖੇਡਾਂ ਵਿੱਚ ਹੁੰਦਾ ਸੀ ਪਰ ਉਹਦੀ ਇੱਕ ਅੱਖ ਤੇ ਕੰਨ ਹਮੇਸ਼ਾ ਸਾਡੇ ਵੱਲ ਰਹਿੰਦਾ ਸੀ। ਦੀਪੀ ਦੇ ਨਾਲ ਸਾਏ ਵਾਂਗ ਰਹਿੰਦੀ ਸੀ।
ਅਜੇ ਦੀਪੀ 19 ਸਾਲਾਂ ਦੀ ਹੋਈ ਸੀ ਕਿ ਘਰਦਿਆਂ ਨੇ ਉਹਦੀ ਪੜਾਈ ਬੰਦ ਕਰਵਾ ਕੇ ਵਿਆਹ ਰੱਖ ਦਿੱਤਾ। ਸਾਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੋਈ ਸੀ ਕਿਉਂਕਿ ਉਸ ਵਕਤ ਜ਼ਮਾਨਾ ਹੀ ਇਸ ਤਰਾਂ ਦਾ ਹੋਇਆ ਕਰਦਾ ਸੀ ਕਿ ਛੋਟੀ ਉਮਰੇ ਹੀ ਘਰਦੇ ਆਪਣੇ ਬੱਚਿਆਂ ਦਾ ਵਿਆਹ ਕਰ ਦਿੰਦੇ ਸਨ। ਉਸ ਸਮੇਂ ਲੋਕਾਂ ਦੀ ਸੋਚ ਵਿੱਚ ਹੁਣ ਨਾਲੋਂ ਕਾਫੀ ਫਰਕ ਹੁੰਦਾ ਸੀ। ਸਿਆਣੇ ਲੋਕ ਕਿਹਾ ਕਰਦੇ ਸੀ ਕਿ ਵਿਆਹ ਕਰਵਾ ਕਿ ਬੱਚਿਆਂ ਤੇ ਜਿੰਮੇਵਾਰੀ ਪੈਣ ਕਾਰਣ ਆਪਣੇ ਆਪ ਹੀ ਸਮਝਦਾਰ ਬਣ ਜਾਂਦੇ ਹਨ। ਲੇਕਿਨ ਅੱਜਕਲ ਤਾ ਮੁੰਡੇ ਕੁੜੀਆਂ ਪੜ ਲਿਖ ਵੀ 40 ਨੂੰ ਟੱਪ ਜਾਂਦੇ ਹਨ ਤੇ ਵਿਆਹ ਦਾ ਨਾਮ ਨਹੀਂ ਲੈਂਦੇਂ ਕਿ ਅਜੇ ਤਾਂ ਅਸੀਂ ਆਪਣੇ ਪੈਰਾਂ ਨੇ ਖੜੇ ਹੋਣਾ ਹੈ। ਇਹ ਤਾਂ ਸਿਰਫ ਉਪਰ ਵਾਲੇ ਨੂੰ ਹੀ ਪਤਾ ਹੈ ਕਿ ਪੈਰਾਂ ਤੇ ਖੜੇ ਹੋਣ ਤੇ ਇਹਨਾਂ ਨੂੰ ਕਿਹੜੇ ਲੋਹੇ ਤੇ ਸੀਮੰਟ ਦੀ ਲੈਂਟਰ ਦੀ ਲੋੜ ਹੈ। ਦੀਪੀ ਦੇ ਵਿਆਹ ਹੋਣ ਤੋਂ ਬਾਅਦ ਉਹ ਆਪਣੇ ਘਰਵਾਲੇ ਦਿੱਲੀ ਚਲੀ ਗਈ ਸੀ। ਸਾਨੂੰ ਉਹਦੀ ਯਾਦ ਤਾਂ ਬਹੁਤ ਆਉਂਦੀ ਸੀ ਪਰ ਕਹਿੰਦੇ ਉਸ ਸਮੇਂ ਤਾਂ ਦਿੱਲੀ ਵੀ ਬਹੁਤ ਦੂਰ ਪੈਂਦੀ ਸੀ। ਅੱਜਕਲ ਦੀ ਤਰਾਂ ਕੋਈ ਸੋਸ਼ਲ ਮੀਡਿਆ ਤਾਂ ਨਹੀਂ ਸੀ ਕਿ ਬਾਅਦ ਵਿੱਚ ਵੀ ਇੱਕ ਦੂਜੇ ਨਾਲ ਸੰਪਰਕ ਬਣਿਆ ਰਹਿੰਦਾ।
ਦੀਪੀ ਦੇ ਜਾਣ ਤੋਂ ਬਾਅਦ ਸਾਨੂੰ ਕਾਕੇ ਇੱਕ ਦੋ ਵਾਰ ਹੀ ਮਿਲੀ ਸੀ। ਉਸਦੇ ਇੱਕਲੇਪਨ ਅਤੇ ਉਦਾਸੀ ਦੀ ਝਲਕ ਉਹਦੀਆਂ ਅੱਖਾਂ ਵਿੱਚੋਂ ਇਸ ਤਰਾਂ ਸਾਫ ਦਿਖਾਈ ਦਿੰਦੀ ਸੀ ਜਿਵੇਂ ਕਿਸੇ ਸਾਫ ਸੁੱਥਰੀ ਝੀਲ ਦੇ ਪਾਣੀ ਵਿੱਚੋਂ ਕਿਸੇ ਤਲਾ ਦੇ ਸਤਰ ਤੇ ਮੱਛੀਆਂ ਦਿਖਾਈ ਦਿੰਦੀਆਂ ਹਨ। ਉਸ ਵਕ਼ਤ ਪੰਜਾਬ ਵਿੱਚ ਖੂਨ ਦੀਆ ਨਦੀਆਂ ਵਗਣ ਲੱਗ ਪਈਆਂ ਸੀ। ਅਸੀਂ ਵੀ ਅਜੇ ਬੀ ਏ ਦੇ ਪੇਪਰ ਦਿੱਤੇ ਹੀ ਸੀ ਕਿ ਮੇਰਾ, ਗੁਰਪ੍ਰੀਤ, ਹਰਜੀਤ, ਅਤੇ ਫਿਰ ਬਲਜੀਤ ਦਾ ਵਿਆਹ ਵੀ ਹੋ ਗਿਆ ਸੀ। ਦੀਪੀ ਸਾਡੇ ਕਿਸੇ ਦੇ ਵਿਆਹ ਤੇ ਨਹੀਂ ਸੀ। ਬਲਜੀਤ ਦਾ ਵਿਆਹ ਉਹਦੇ ਨਾਨਕੇ ਘਰ ਹੀ ਹੋਇਆ ਸੀ ਕਿ ਉੱਥੇ ਸਾਨੂੰ ਦੀਪੀ ਦੇ ਮੰਮੀ ਡੈਡੀ ਮਿਲ ਗਏ। ਉਹਨਾਂ ਤੋਂ ਹੀ ਪਤਾ ਲੱਗਿਆ ਕਿ ਦੀਪੀ ਦੇ ਦੋ ਸਾਲ ਦੀ ਕੁੜੀ ਹੈ ਅਤੇ ਦੂਜਾ ਜਵਾਕ ਉਹਦੀ ਕੁੱਖ ਵਿੱਚ ਹੈ ਇਸ ਲਈ ਉਹ ਵਿਆਹ ਤੇ ਨਹੀਂ ਆ ਸਕੀ। ਪਰ ਉੱਥੇ ਕਾਕੇ ਵੀ ਦਿਖਾਈ ਨਹੀਂ ਦਿੱਤੀ ਤਾਂ ਉਹਦੀ ਮਾਂ ਨੇ ਇਹ ਕਹਿ ਕੇ ਗੱਲ ਹੀ ਖ਼ਤਮ ਕਰ ਦਿੱਤੀ ਕਿ ਕਾਕੇ ਜਿਆਦਾ ਭੀੜ ਵਾਲੀ ਜਗਾਹ ਤੇ ਜਾ ਕੇ ਖੁਸ਼ ਨਹੀਂ ਹੈ।
ਬਲਜੀਤ ਵਿਆਹ ਕਰਵਾ ਕੇ ਇੰਗਲੈਂਡ ਚਲੀ ਗਈ ਅਤੇ ਮੈਂ ਕੈਨੇਡਾ ਆ ਗਈ ਸੀ। ਹਰਜੀਤ ਦਾ ਵਿਆਹ ਗੁਰਦਾਸਪੁਰ ਜਿਲ੍ਹੇ ਵਿੱਚ ਹੋ ਗਿਆ ਸੀ। ਤੇ ਗੁਰਪ੍ਰੀਤ ਦੇ ਘਰਵਾਲਾ ਫੌਜ਼ ਵਿੱਚ ਅਫਸਰ ਦੇ ਉਹਦੇ ਤੇ ਲੱਗਿਆ ਹੋਇਆ ਸੀ ਅਤੇ ਉਹ ਵੀ ਆਪਣੇ ਘਰਵਾਲੇ ਨਾਲ ਚਲੀ ਗਈ ਸੀ। ਬਾਅਦ ਵਿੱਚ ਸਾਡਾ ਚਾਰਾ ਦਾ ਥੋੜਾ ਦੇਰ ਚਿੱਠੀ ਪੱਤਰ ਨਾਲ ਸੰਪਰਕ ਬਣਿਆ ਰਿਹਾ। ਪਰ ਜਦੋਂ ਬੱਚੇ ਹੋ ਗਏ ਤਾਂ ਪੱਤਰ ਲਿਖਣ ਦੀ ਫੁਰਸਤ ਕੀਹਦੇ ਕੋਲ ਰਹੀ ਸੀ ਬੱਸ ਫਿਰ ਕੀ ਸੀ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ ਉਸੇ ਸਪੀਡ ਨਾਲ ਸਾਡੇ ਚਿੱਠੀਆਂ ਲਿਖਣ ਦੀ ਸਪੀਡ ਵੀ ਘੱਟ ਹੁੰਦੀ ਹੁੰਦੀ ਇੱਕਦਮ ਹੀ ਬੰਦ ਹੋ ਗਈ। ਬੇਗਾਨੇ ਦੇਸ਼ ਵਿੱਚ ਆਪਣੇ ਹੀ ਬੱਚਿਆਂ ਦੀ ਕੇਅਰ ਕਰਦੇ ਕਰਦੇ ਆਪਣਾ ਬਚਪਣ ਭੁੱਲ ਗਏ ਸੀ।
ਕੋਈ ਵੀਹ ਕੁ ਸਾਲ ਬਾਅਦ ਮੈ ਆਪਣੀ ਭਤੀਜੀ ਦੇ ਵਿਆਹ ਤੋਂ ਵਾਪਸ ਆ ਰਹੀ ਸੀ ਕਿ ਸਾਡੇ ਜਹਾਜ਼ ਦੀ ਲੰਡਨ ਵਿੱਚ ਕੋਈ ਛੇ ਘੰਟੇ ਦੀ ਸ੍ਟੇ ਸੀ। ਮੈਨੂੰ ਬਲਜੀਤ ਦੀ ਯਾਦ ਆਈ ਕਿ ਸ਼ਾਇਦ ਉਹ ਵੀ ਕਿਤੇ ਇੱਥੇ ਆਸ ਪਾਸ ਹੀ ਰਹਿੰਦੀ ਹੋਣੀ। ਜੇ ਕਿਤੇ ਐਡਰੈੱਸ ਜਾਂ ਫੋਨ ਨੰਬਰ ਹੀ ਹੁੰਦਾ ਤਾਂ ਸ਼ਾਇਦ ਮਿਲ ਜਾਂ ਫੋਨ ਤੇ ਹੀ ਗੱਲ ਕਰ ਲੈਂਦੀ। ਇਹ ਸੋਚਦੇ ਮੈਂ ਸੀਟ ਤੇ ਆ ਕੇ ਬਹਿ ਗਈ ਅਤੇ ਅੱਗੇ ਵਾਲੀ ਸੀਟ ਤੇ ਦੀਪੀ ਬੈਠੀ ਹੋਈ ਸੀ। ਦੀਪੀ ਦੀ ਸਿਹਤ ਅਤੇ ਸ਼ਕਲ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਸੀ। ਅੱਜ ਵੀ ਉਹਦਾ ਹੁਸਨ ਅੱਗ ਦੀ ਲਾਟ ਬਣ ਕੇ ਚਮਕ ਰਿਹਾ ਸੀ। ਉਹਨੇ ਵੀ ਮੈਨੂੰ ਪਹਿਚਾਣ ਲਿਆ ਸੀ ਭਾਵੇਂ ਮੇਰਾ ਭਾਰ ਬਹੁਤ ਵੱਧ ਗਿਆ ਸੀ। ਅਸੀ ਇੱਕ ਦੂਜੇ ਨੂੰ ਭੱਜ ਕੇ ਮਿਲੀਆਂ। ਇੱਕ ਦੂਜੇ ਦਾ ਹੱਥ ਫੜੀ ਅਸੀਂ ਥੋੜੀ ਦੇਰ ਹੀ ਅਜੇ ਗੱਲ ਕੀਤੀ ਹੀ ਸੀ ਕਿ ਇੱਕ ਕੁੜੀ ਨੇ ਚਾਹ ਦਾ ਕੱਪ ਲਿਆ ਕੇ ਦੀਪੀ ਨੂੰ ਫੜਾਇਆ। ਮੈਨੂੰ ਲੱਗਿਆ ਕਿ ਸ਼ਾਇਦ ਦੀਪੀ ਦੀ ਕੁੜੀ ਹੈ। ਫਿਰ ਮੇਰੇ ਕੁੱਛ ਕਹਿਣ ਤੋਂ ਪਹਿਲਾ ਹੀ ਦੀਪੀ ਨੇ ਹੱਸ ਕੇ ਕਿਹਾ, “ਕਾਕੇ ਨੂੰ ਤਾਂ ਜਾਣਦੀ ਹੋਵੇਗੀ। “
ਕਾਕੇ ਦੀਆ ਅੱਖਾਂ ਵਿੱਚ ਖਾਮੋਸ਼ੀ ਸੀ ਤੇ ਉਹਦੇ ਚੇਹਰੇ ਤੇ ਲੱਗੀਆਂ ਪਤਲੇ ਫਰੇਮ ਵਾਲੀਆਂ ਐਨਿਕਾ ਉਹਦੇ ਵਿਆਕਤੀਗਤ ਨੂੰ ਹੋਰ ਵੀ ਨਿਖਾਰ ਰਹੀਆ ਸਨ। ਅੱਜ ਪਹਿਲੀ ਵਾਰ ਦੀਪੀ ਦਾ ਚਮਕਦਾ ਹੁਸਨ ਕਾਕੇ ਦੀ ਪਰਸੋਨਾਲਿਟੀ ਦੇ ਅੱਗੇ ਬਹੁਤ ਹੀ ਫਿੱਕਾ ਲੱਗ ਰਿਹਾ ਸੀ। ਦੀਪੀ ਨੇ ਬੜੇ ਹੀ ਫ਼ਖ਼ਰ ਨਾਲ ਕਿਹਾ, “ਮੈਂ ਇੱਥੇ ਕੀ ਕਰਨਾ ਸੀ। ਮੇਰੀ ਕੁੜੀ ਨਹੀ ਮੰਨੀ। ਇਸ ਲਈ ਆ ਗਈ। ਇਹ ਤਾਂ ਸੱਚ ਮੁੱਚ ਹੀ ਮਿੱਠੀ ਜੇਲ੍ਹ ਵਰਗਾ ਸੀ। ਖੈਰ, ਤੂੰ ਸੁਣਾ, ਤੇਰਾ ਕੀ ਹਾਲ ਚਾਲ ਹੈ।”
ਮੈਂ ਨੋਟ ਕੀਤਾ ਕਿ ਕਾਕੇ ਪਹਿਲੇ ਦੀ ਤਰਾਂ ਸਾਨੂੰ ਦੋਹਾਂ ਨੂੰ ਗੱਲਾਂ ਕਰਦੇ ਦੇਖ ਦੂਰ ਉਸੇ ਤਰਾਂ ਜਾ ਕੇ ਬੈਠ ਗਈ ਜਿਵੇਂ ਬਚਪਨ ਵਿੱਚ ਉਹ ਦੂਰ ਜਾ ਕੇ ਖੇਡਣ ਲੱਗ ਜਾਂਦੀ ਸੀ। ਏਅਰਪੋਰਟ ਦੇ ਸ਼ੀਸ਼ੇ ਰਾਹੀਂ ਉਹ ਬਾਹਰ ਵੱਲ ਨੂੰ ਬੜੇ ਧਿਆਨ ਦੇਖ ਰਹੀ ਸੀ। ਪਰ ਉਹਦੀਆਂ ਅੱਖਾਂ ਵਿੱਚ ਹੁਣ ਸ਼ਰਾਰਤੀ ਹਾਸੇ ਦੀ ਬਜਾਏ ਉਦਾਸੀ ਸੀ। ਦੀਪੀ ਨੇ ਕਾਕੇ ਵੱਲ ਦੇਖ ਕੇ ਹੌਲੀ ਜਿਹੇ ਕਿਹਾ, “ਕਾਕੇ ਨੂੰ ਛੱਡ ਕੇ ਮੇਰਾ ਜਾਣ ਨੂੰ ਮੇਰਾ ਦਿੱਲ ਨਹੀਂ ਕਰਦਾ।”
“ਕਿਉਂ ਕੀ ਹੋਇਆ,” ਮੈਂ ਵੀ ਦੀਪੀ ਨੂੰ ਜਲਦੀ ਨਾਲ ਪੁੱਛਿਆ।
ਦੀਪੀ ਦੀਆਂ ਅੱਖਾਂ ਵਿੱਚ ਹੰਝੂ ਭਰ ਅਤੇ ਉਹਨਾਂ ਨੂੰ ਸਾਫ ਕਰਦਿਆਂ ਉਸਨੇ ਕਿਹਾ, “ਮੈਨੂੰ ਇਹਨੂੰ ਕੱਲੀ ਨੂੰ ਨਹੀਂ ਛੱਡਣਾ ਚਾਹੀਦਾ ਸੀ। ਜਦੋਂ ਮੇਰੇ ਆਪਣੇ ਬੱਚੇ ਹੋ ਗਏ ਸਨ ਤਾਂ ਮੈਂ ਇਹਨੂੰ ਭੁੱਲ ਗਈ ਸੀ। ਪਰ ਇਹ ਕਦੇ ਮੈਨੂੰ ਨਹੀਂ ਭੁੱਲੀ। ਹੁਣ ਵੀ ਮੈਨੂੰ ਆਪਣੀ ਮਾਂ ਵਾਂਗ ਸਮਝਦੀ ਹੈ। ਪਰ ਇਹਦੀ ਖਾਮੋਸ਼ੀ ਦਾ ਕੀ ਰਾਜ ਹੈ ਇਹਨੇ ਕਦੇ ਮੇਰੇ ਨਾਲ ਸਾਂਝਾ ਨਹੀਂ ਕੀਤਾ ਹੈ।”
ਕਾਕੇ ਨੂੰ ਦੂਰ ਖਾਮੋਸ਼ ਬੈਠਾ ਦੇਖ ਮੇਰੀ ਰੂਹ ਜਿਹੀ ਕੰਬ ਕੇ ਰਹਿ ਗਈ। ਉਹ ਤਾਂ ਸਾਰਾ ਦਿਨ ਹੱਸਦੀ ਰਹਿੰਦੀ ਸੀ ਅਤੇ ਸ਼ਰਾਰਤਾਂ ਕਰਨਾ ਤਾਂ ਜਿਵੇਂ ਉਹਦਾ ਨਿੱਤਨੇਮ ਸੀ। ਉਹ ਸਾਡੇ ਤੋਂ ਦੂਰ ਬੇਖ਼ਬਰ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਗ਼ਵਾਚੀ ਬੈਠੀ ਸੀ। ਖੌਰੇ ਉਹਦੀਆਂ ਅੱਖਾਂ ਦੀ ਤੱਕਣੀ ਕਿੰਨੀ ਦੂਰ ਤੱਕ ਦੇਖਣ ਦੀ ਤਾਕਤ ਰੱਖਦੀਆਂ ਹੋਣ, ਇਹ ਸੋਚ ਕੇ ਮੈਂ ਵੀ ਆਪਣੇ ਅੰਦਰ ਇੱਕ ਉਦਾਸੀ ਜਿਹੀ ਮਹਿਸੂਸ ਹੋਈ। ਜਿਹੜੀ ਖੁਸ਼ੀ ਮੈਨੂੰ ਆਪਣੀ ਬਚਪਨ ਦੀ ਸਹੇਲੀ ਨੂੰ ਮਿਲ ਕੇ ਹੋਈ ਸੀ ਉਹ ਸਾਰੀ ਉਦਾਸੀ ਵਿੱਚ ਬਦਲ ਕੇ ਰਹਿ ਗਈ। ਕਾਕੇ ਵੀ ਤਾਂ ਸਾਡੇ ਬਚਪਨ ਦੇ ਗਰੁੱਪ ਦਾ ਥੋੜੇ ਸਮੇਂ ਲਈ ਇੱਕ ਹਿੱਸਾ ਬਣੀ ਸੀ।
ਉਸ ਦਿਨ ਬਾਅਦ ਮੇਰੀ ਦੀਪੀ ਨਾਲ ਫੋਨ ਤੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਨਾ ਹੀ ਕਾਕੇ ਦੀ ਉਦਾਸੀ ਤੇ ਖਾਮੋਸ਼ੀ ਦਾ ਮੈਨੂੰ ਪਤਾ ਲੱਗਿਆ ਅਤੇ ਨਾ ਹੀ ਦੀਪੀ ਨੂੰ। ਇਸ ਗੱਲ ਦਾ ਅਹਿਸਾਸ ਸੀ ਕਿ ਉਹਨੂੰ ਅੰਦਰੋਂ ਹੀ ਅੰਦਰੋਂ ਘੁਣੇ ਵਾਂਗ ਕੁਝ ਖਾ ਰਿਹਾ ਸੀ।
ਉਹਦੀ ਉਦਾਸੀ ਅਤੇ ਖਾਮੋਸ਼ੀ ਸਾਡੇ ਲਈ ਇੱਕ ਰਹੱਸ ਬਣ ਕੇ ਰਹਿ ਗਈ। ਇੱਕ ਜਿਹੀ ਪਹਿਲੀ ਬਣ ਗਈ ਕਿ ਅਸੀ ਸਾਰੀਆਂ ਮਿਲ ਕੇ ਵੀ ਨਹੀਂ ਸੁਲਝਾ ਸਕੀਆਂ।